ਭਾਰਤ-ਅਮਰੀਕਾ ਵੱਲੋਂ ਰੱਖਿਆ ਸਹਿਯੋਗ ਵਧਾਉਣ ਦਾ ਅਹਿਦ

ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਨੇ ਆਪਣੀਆਂ ਫ਼ੌਜਾਂ ਵਿਚਾਲੇ ਆਪਸੀ ਸਾਂਝ, ਸੂਚਨਾ ਸਾਂਝੀ ਕਰਨ ਤੇ ਸਾਜ਼ੋ-ਸਾਮਾਨ ਸਬੰਧੀ ਸਹਿਯੋਗ ਸਮੇਤ ਆਲਮੀ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਤੇ ਇਲਾਕੇ ਵਿੱਚ ਚੀਨ ਦੀ ਵਧਦੀ ਦਖ਼ਲਅੰਦਾਜ਼ੀ ਦੇ ਮੱਦੇਨਜ਼ਰ ਇੱਕ ਸੁਤੰਤਰ, ਖੁੱਲ੍ਹੇ ਅਤੇ ਵਿਸ਼ੇਸ਼ ਹਿੰਦ-ਪ੍ਰਸ਼ਾਂਤ ਖਿੱਤੇ ਲਈ ਕੰਮ ਕਰਨ ਦਾ ਸੰਕਲਪ ਲਿਆ। ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਜੇ. ਆਸਟਿਨ ਨਾਲ ਗੱਲਬਾਤ ਮਗਰੋਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਮੁਲਕਾਂ ਵੱਲੋਂ ਭਾਰਤੀ ਫ਼ੌਜ ਅਤੇ ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਨ, ਸੈਂਟਰਲ ਕਮਾਨ ਅਤੇ ਅਫਰੀਕੀ ਕਮਾਨ ਵਿਚਾਲੇ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟਾਈ ਗਈ ਹੈ। ਮੀਡੀਆ ਨੂੰ ਬਿਆਨ ਦਿੰਦਿਆਂ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਸਿੰਘ ਨੇ ਕਿਹਾ,‘ਮੈਨੂੰ ਇਹ ਦੱਸਣ ਲੱਗਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਅਮਰੀਕਾ ਦੇ ਰੱਖਿਆ ਮੰਤਰੀ ਸ੍ਰੀ ਆਸਟਿਨ ਅਤੇ ਉਨ੍ਹਾਂ ਦੇ ਵਫ਼ਦ ਨਾਲ ਵਿਸਤ੍ਰਿਤ ਅਤੇ ਸਕਾਰਾਤਮਕ ਚਰਚਾ ਹੋਈ ਹੈ। ਅਸੀਂ ਭਾਰਤ-ਅਮਰੀਕਾ ਦੀ ਆਲਮੀ ਰਣਨੀਤਕ ਸਾਂਝੇਦਾਰੀ ਲਈ ਇਕੱਠਿਆਂ ਕੰਮ ਕਰਨ ਲਈ ਆਸਵੰਦ ਹਾਂ।’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਭਾਰਤੀ ਫ਼ੌਜ ਅਤੇ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ, ਮੱਧ ਕਮਾਂਡ ਅਤੇ ਅਫ਼ਰੀਕਾ ਕਮਾਂਡ ਵਿਚਾਲੇ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੋਵੇਂ ਪੱਖ ਆਲਮੀ ਰਣਨੀਤਕ ਸਾਂਝੇਦਾਰੀ ਦਾ ਪੂਰਾ ਲਾਭ ਲੈਣ ਲਈ ਮਿਲਕੇ ਕੰਮ ਕਰਨ ਦੇ ਇੱਛੁਕ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਗੱਲਬਾਤ ਦੌਰਾਨ ਪੂਰਬੀ ਲੱਦਾਖ ਵਿੱਚ ਚੀਨ ਦੇ ਆਕਰਮਕ ਰਵੱਈਏ ਬਾਰੇ ਵੀ ਚਰਚਾ ਹੋਈ।

ਰੱਖਿਆ ਸਹਿਯੋਗ ’ਚ ਭਾਰਤ-ਅਮਰੀਕਾ ਦੇ ਬੁਨਿਆਦੀ ਸਮਝੌਤਿਆਂ ਵੱਲ ਇਸ਼ਾਰਾ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਸਾਜ਼ੋ-ਸਾਮਾਨ ਦੇ ਆਦਾਨ-ਪ੍ਰਦਾਨ ਸਬੰਧੀ ਸਮਝੌਤੇ (ਐੱਲਈਐੱਮਓਏ), ਸੰਚਾਰ ਅਤੇ ਸੁਰੱਖਿਆ ਅਨੁਰੂਪ ਸਮਝੌਤੇ (ਸੀਓਐੱਮਸੀਏਐੱਸਏ) ਅਤੇ ਮੁੱਢਲੇ ਆਦਾਨ-ਪ੍ਰਦਾਨ ਅਤੇ ਸਹਿਯੋਗ ਸਮਝੌਤੇ (ਬੀਈਸੀਏ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਚਰਚਾ ਕੀਤੀ। ਸ੍ਰੀ ਸਿੰਘ ਨੇ ਕਿਹਾ ਕਿ ਹਾਲ ਹੀ ’ਚ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਦੇ ਆਗੂਆਂ ਦੇ ਹੋਏ ਸੰਮੇਲਨ ਵਿੱਚ ਇੱਕ ਸੁਤੰਤਰ ਅਤੇ ਵਿਸ਼ੇਸ਼ ਭਾਰਤ-ਪ੍ਰਸ਼ਾਂਤ ਖਿੱਤੇ ਦੀ ਕਾਇਮੀ ਲਈ ਅਹਿਦ ਲਿਆ ਗਿਆ ਸੀ। ਇਸ ਦੌਰਾਨ ਸ੍ਰੀ ਆਸਟਿਨ ਨੇ ਅਮਰੀਕਾ ਦੇ ਸਾਰੇ ਭਾਈਵਾਲਾਂ ਤੇ ਹਿੱਸੇਦਾਰਾਂ ਨੂੰ ਰੂਸੀ ਹਥਿਆਰ ਖ਼ਰੀਦਣ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਇੱਥੇ ਕੇਂਦਰੀ ਮੰਤਰੀਆਂ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਮਸਲੇ ਬਾਰੇ ਵੀ ਚਰਚਾ ਕੀਤੀ।

Leave a Reply

Your email address will not be published. Required fields are marked *