ਕੇਜਰੀਵਾਲ ਨਾਲ ਲਕਸ਼ਮੀ ਕਾਂਤਾ ਚਾਵਲਾ ਦੀ ਮੁਲਾਕਾਤ ਨੇ ਚਰਚਾ ਛੇੜੀ

ਅੰਮ੍ਰਿਤਸਰ : ਭਾਜਪਾ ਦੀ ਸੀਨੀਅਰ ਮੈਂਬਰ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਮੁਲਾਕਾਤ ਇੱਥੇ ਸਰਕਟ ਹਾਊਸ ਵਿੱਚ ਸ਼ਾਮ ਸਮੇਂ ਹੋਈ ਸੀ, ਜਦੋਂ ਸ੍ਰੀ ਕੇਜਰੀਵਾਲ ਬਾਘਾਪੁਰਾਣਾ ਤੋਂ ਦਿੱਲੀ ਵਾਪਸ ਜਾਣ ਲਈ ਅੰਮ੍ਰਿਤਸਰ ਪੁੱਜੇ ਸਨ। ਸ੍ਰੀ ਕੇਜਰੀਵਾਲ ਬੀਤੇ ਦਿਨ ਬਾਘਾ ਪੁਰਾਣਾ ਵਿੱਚ ‘ਆਪ’ ਵੱਲੋਂ ਕਰਾਏ ਕਿਸਾਨ ਮਹਾਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਹ ਹਵਾਈ ਰਸਤੇ ਅੰਮ੍ਰਿਤਸਰ ਪੁੱਜੇ ਸਨ ਅਤੇ ਇੱਥੋਂ ਸੜਕ ਰਸਤੇ ਬਾਘਾ ਪੁਰਾਣਾ ਗਏ ਸਨ।

ਇਸ ਮੁਲਾਕਾਤ ਦੀ ਚਰਚਾ ਉਸ ਵੇਲੇ ਜੱਗ ਜ਼ਾਹਿਰ ਹੋਈ, ਜਦੋਂ ਇਸ ਸਬੰਧੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਤਸਵੀਰ ਵਿੱਚ ਸ੍ਰੀ ਕੇਜਰੀਵਾਲ ਦੇ ਨਾਲ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਬੈਠੇ ਹੋਏ ਹਨ। ਉਨ੍ਹਾਂ ਨਾਲ ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਹਨ ਤੇ ਮੇਜ ’ਤੇ ਚਾਹ ਦੇ ਕੱਪ ਵੀ ਦਿਖਾਈ ਦਿੰਦੇ ਹਨ। ‘ਆਪ’ ਆਗੂਆਂ ਨੇ ਇਸ ਮੁਲਾਕਾਤ ਬਾਰੇ ਚੁੱਪ ਧਾਰੀ ਹੋਈ ਹੈ।

ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਆਖਿਆ ਕਿ ਪ੍ਰੋ. ਚਾਵਲਾ ਰੋਜ਼ ਸ਼ਾਮ ਨੂੰ ਸਰਕਟ ਹਾਊਸ ਵਿੱਚ ਸੈਰ ਕਰਨ ਜਾਂਦੇ ਹਨ। ਇਸੇ ਤਹਿਤ ਉਹ ਬੀਤੇ ਦਿਨ ਵੀ ਸਰਕਟ ਹਾਊਸ ਵਿੱਚ ਸੈਰ ਕਰ ਰਹੇ ਸਨ ਕਿ ਸ੍ਰੀ ਕੇਜਰੀਵਾਲ ਉੱਥੇ ਪੁੱਜ ਗਏ ਤੇ ਉਨ੍ਹਾਂ ਨੇ ਪ੍ਰੋ. ਚਾਵਲਾ ਨੂੰ ਸਰਕਟ ਹਾਊਸ ਦੇ ਅੰਦਰ ਸੱਦ ਲਿਆ। ਇਸੇ ਦੌਰਾਨ ਲਕਸ਼ਮੀ ਕਾਂਤਾ ਚਾਵਲਾ ਨੇ ਇਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਹ ਗ਼ੈਰ-ਰਸਮੀ ਅਤੇ ਅਚਨਚੇਤੀ ਹੋਈ ਮੁਲਾਕਾਤ ਸੀ ਤੇ ਇਸ ਸਬੰਧੀ ਚਰਚਾ ਸਿਰਫ਼ ਅਫ਼ਵਾਹਾਂ ਹਨ।

Leave a Reply

Your email address will not be published. Required fields are marked *