ਪੁਲਿਸੀਆਂ ਦੀ ਤੇਜ਼ ਰਫ਼ਤਾਰ ਕਾਰ ਨੇ ਡਾਕਟਰ ਦੀ ਜਾਨ ਲਈ

ਲੰਬੀ : ਪਿੰਡ ਮਹਿਣਾ ਨੇੜੇ ਕੌਮੀ ਸ਼ਾਹ ਰਾਹ-9 ’ਤੇ ਸੋਮਵਾਰ ਰਾਤ ਲਗਪਗ ਅੱਠ ਵਜੇ ਪੁਲੀਸ ਮੁਲਾਜ਼ਮਾਂ ਦੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਸਾਹਮਣਿਓਂ ਆ ਰਹੀ ਕਾਰ ਨਾਲ ਟਕਰਾ ਗਈ, ਜਿਸ ਵਿੱਚ ਸਵਾਰ ਐੱਮਬੀਬੀਐੱਸ ਡਾਕਟਰ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਪੁਲੀਸ ਮੁਲਾਜ਼ਮਾਂ ਦੀ ਤੇਜ਼ ਰਫ਼ਤਾਰ ਕਾਰ ਨੇ ਟਰੱਕ ਨੂੰ ਓਵਰਟੇਕ ਕਰਨ ਕਰਦਿਆਂ ਗ਼ਲਤ ਸਾਈਡ ਆ ਕੇ ਡਾਕਟਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਡਾਕਟਰ ਦੀ ਚਕਨਾਚੂਰ ਹੋਈ ਕਾਰ ਸੜਕ ਤੋਂ ਹੇਠਾਂ 10 ਮੀਟਰ ਦੂਰ ਇੱਕ ਦਰੱਖਤ ਨਾਲ ਟਕਰਾ ਕੇ ਰੁਕ ਗਈ। ਮ੍ਰਿਤਕ ਦੀ ਪਛਾਣ ਡਾ. ਯੈਕੀ ਸ੍ਰੀਵਾਸਤਵ ਵਾਸੀ ਡੱਬਵਾਲੀ ਵਜੋਂ ਹੋਈ ਹੈ। ਉਹ ਲੰਬੀ ਵਿੱਚ ਨਿੱਜੀ ਪ੍ਰੈਕਟਿਸ ਕਰਦਾ ਸੀ। ਮੌਕੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਵਿੱਚ ਚਾਰ ਪੁਲੀਸ ਮੁਲਾਜ਼ਮ ਸਵਾਰ ਸਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ। ਇਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਵਰਦੀ ਵਿੱਚ ਸੀ। ਚਾਰੇ ਮੁਲਾਜ਼ਮ ਲੰਬੀ ਥਾਣੇ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ। ਲੰਬੀ ਪੁਲੀਸ ਦੇ ਅਫਸਰ ਘਟਨਾ ਮਗਰੋਂ ਇਨ੍ਹਾਂ ਮੁਲਾਜ਼ਮਾਂ ਨੂੰ ਮੌਕੇ ਤੋਂ ਲੈ ਗਏ। ਦੂਜੇ ਪਾਸੇ ਥਾਣਾ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਕਾਰ ’ਚ ਸਵਾਰ ਗੁਰਪ੍ਰੀਤ ਸਿੰਘ ਪੁਲੀਸ ਲਾਈਨ ’ਚ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *