ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਵਿਛਾਈ

ਚੰਡੀਗੜ੍ਹ : ਪੰਜਾਬ ’ਚ ਅੱਜ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਪੱਕਣ ’ਤੇ ਆਈ ਫਸਲ ਨੂੰ ਵਿਛਾ ਦਿੱਤਾ ਹੈ। ਵਾਢੀ ਤੋਂ ਪਹਿਲਾਂ ਪੰਜਾਬ ਦੇ ਕਰੀਬ ਅੱਠ ਜ਼ਿਲ੍ਹਿਆਂ ਵਿਚ ਮੀਂਹ ਪੈਣ ਮਗਰੋਂ ਕਿਸਾਨੀ ਦੇ ਫਿਕਰ ਵਧ ਗਏ ਹਨ। ਪੱਛਮੀ ਪੌਣਾਂ ਦੀ ਗੜਬੜੀ ਕਾਰਨ ਪੰਜਾਬ ਦੇ ਮਾਝੇ ਅਤੇ ਮਾਲਵੇ ਖ਼ਿੱਤੇ ’ਚ ਅੱਜ ਬੇਰੁੱਤਾ ਮੀਂਹ ਪਿਆ। ਕਈ ਥਾਵਾਂ ’ਤੇ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਨਾਲ ਕਣਕ ਤੋਂ ਇਲਾਵਾ ਸਰ੍ਹੋਂ ਦੀ ਫਸਲ ਵੀ ਅਸਰਅੰਦਾਜ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿੱਚ ਔਸਤਨ 10 ਐੱਮ.ਐੱਮ. ਬਾਰਸ਼ ਹੋਈ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਫਰੀਦਕੋਟ ਤੇ ਮਾਨਸਾ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿਚ ਕਿਤੇ-ਕਿਤੇ ਛਿੱਟੇ ਪੈਣ ਦੀਆਂ ਖ਼ਬਰਾਂ ਹਨ। ਅੱਜ ਪੂਰਾ ਦਿਨ ਬੱਦਲਵਾਈ ਬਣੀ ਰਹੀ। ਤਰਨ ਤਾਰਨ ਜ਼ਿਲ੍ਹੇ ਵਿੱੱਚ ਤਾਂ ਹਲਕੀ ਗੜ੍ਹੇਮਾਰੀ ਵੀ ਹੋਈ ਹੈ।  ਇਸ ਜ਼ਿਲ੍ਹੇ ਦੇ ਪਿੰਡ ਪੰਡੋਰੀ ਰਣ ਸਿੰਘ, ਪੰਡੋਰੀ ਸਿੱਧਵਾਂ, ਲਾਲੂ ਘੁੰਮਣ ਆਦਿ ’ਚ ਫਸਲਾਂ ਦਾ ਨੁਕਸਾਨ ਹੋਇਆ ਹੈ। ਕਪੂਰਥਲਾ ਦੇ ਭੁਲੱਥ ਇਲਾਕੇ ’ਚ ਹਲਕੀ ਬਾਰਿਸ਼ ਹੋਈ ਅਤੇ ਤੇਜ਼ ਹਵਾਵਾਂ ਨੇ ਕਣਕ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਮਾਨਸਾ ਦੇ ਪਿੰਡ ਕੋਟਧਰਮੂ ਅਤੇ ਬਠਿੰਡਾ ਦੇ ਕੁਝ ਪਿੰਡਾਂ ਅਤੇ ਬਲਾਚੌਰ ਇਲਾਕੇ ਦੇ ਕੁਝ ਪਿੰਡਾਂ ਵਿਚ ਬਾਰਿਸ਼ ਤੇ ਤੇਜ਼ ਹਵਾ ਚੱਲਣ ਕਰਕੇ ਫਸਲਾਂ ਡਿੱਗ ਪਈਆਂ ਹਨ। ਬਾਰਿਸ਼ ਕਾਰਨ ਤਾਪਮਾਨ ਵੀ ਘਟ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਸੁਰਿੰਦਰ ਪਾਲ ਨੇ ਦੱਸਿਆ ਕਿ ਪੱਛਮੀ ਪੌਣਾਂ ਦੀ ਗੜਬੜੀ ਕਰਕੇ ਪੰਜਾਬ ਦੇ ਮਾਝੇ ਅਤੇ ਮਾਲਵੇ ਦੇ ਕੁਝ ਹਿੱਸਿਆ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਉਨ੍ਹਾਂ ਮੁਤਾਬਕ ਮੰਗਲਵਾਰ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ ਅਤੇ ਬੁੱਧਵਾਰ ਨੂੰ ਮੌਸਮ ਸਾਫ਼ ਹੋਣ ਦਾ ਅਨੁਮਾਨ ਹੈ। ਖੇਤੀ ਮਹਿਕਮੇ ਅਨੁਸਾਰ ਪੰਜਾਬ ਵਿੱਚ ਔਸਤਨ 1.97 ਐਮ.ਐਮ ਬਾਰਿਸ਼ ਹੋਈ ਹੈ। ਸਭ ਤੋਂ ਵੱਧ ਫਰੀਦਕੋਟ ਜ਼ਿਲ੍ਹੇ ਵਿਚ 8.6 ਐੱਮ.ਐੱਮ, ਗੁਰਦਾਸਪੁਰ ਵਿਚ 3.1 ਐਮ.ਐਮ, ਰੋਪੜ ਵਿਚ 3.0 ਐੱਮ.ਐੱਮ, ਤਰਨ ਤਾਰਨ ਵਿਚ 3.5 ਐੱਮ.ਐੱਮ ਅਤੇ ਹੁਸ਼ਿਆਰਪੁਰ ਵਿੱਚ ਢਾਈ ਐੱਮ.ਐੱਮ. ਮੀਂਹ ਪਿਆ ਹੈ। ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਅਤੇ ਬਰਨਾਲਾ ਨੂੰ ਛੱਡ ਕੇ ਬਾਕੀ ਪੰਜਾਬ ਵਿਚ ਕਿਤੇ ਹਲਕਾ ਅਤੇ ਕਿਤੇ ਕਿਣ-ਮਿਣ ਹੋਣ ਦੀਆਂ ਖ਼ਬਰਾਂ ਹਨ। 

ਕਿਧਰੇ ਕੋਈ ਨੁਕਸਾਨ ਨਹੀਂ ਹੋਇਆ: ਡਾਇਰੈਕਟਰ

ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਮਾਮੂਲੀ ਬਾਰਸ਼ ਹੋਈ ਹੈ ਅਤੇ ਤੇਜ਼ ਹਵਾਵਾਂ ਕਰਕੇ ਪਾਣੀ ਲੱਗੀਆਂ ਫਸਲਾਂ ਜ਼ਰੂਰ ਵਿਛ ਗਈਆਂ ਹਨ ਪਰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਸਿੱਧੂ ਨੇ ਕਿਹਾ ਕਿ ਤਾਪਮਾਨ ਘਟਣ ਕਰਕੇ ਕਣਕ ਦੀ ਫਸਲ    ਨੂੰ ਫਾਇਦਾ ਵੀ ਹੋਇਆ ਹੈ ਅਤੇ ਖਾਸਕਰ 10 ਨਵੰਬਰ ਮਗਰੋਂ ਹੋਈ ਬਿਜਾਂਦ ਦਾ ਦਾਣਾ ਹੁਣ ਸੁੰਗੜਨ ਤੋਂ ਬਚ ਗਿਆ ਹੈ।  

ਅਸਮਾਨੀ ਬਿਜਲੀ ਨਾਲ ‘ਸਲਾਇਟ’ ਵਿੱਚ ਦੋ ਮੁਲਾਜ਼ਮ ਜ਼ਖ਼ਮੀ 

ਅਸਮਾਨੀ ਬਿਜਲੀ ਡਿੱਗਣ ਕਰਕੇ ਅੱਜ ਲੌਂਗੋਵਾਲ ਇਲਾਕੇ ਦੀ ‘ਸਲਾਇਟ’ ਇੰਸਟੀਚਿਊਟ ਦੇ ਇੱਕ ਹੋਸਟਲ ਦੇ ਸ਼ੀਸ਼ੇ ਨੁਕਸਾਨੇ ਗਏ ਅਤੇ ਕਈ ਦਰੱਖਤ ਵੀ ਉੱਖੜ ਗਏ। ਬਿਜਲੀ ਡਿੱਗਣ ਕਰਕੇ ਦੋ ਮੁਲਾਜ਼ਮਾਂ ਨੂੰ ਮਾਮੂਲੀ ਜ਼ਖ਼ਮੀ ਵੀ ਹੋਏ ਹਨ।   

Leave a Reply

Your email address will not be published. Required fields are marked *