ਖਾਲਸਈ ਜਾਹੋ-ਜਲਾਲ ਨਾਲ ਹੋਲਾ ਮਹੱਲਾ ਸ਼ੁਰੂ

ਸ੍ਰੀ ਆਨੰਦਪੁਰ ਸਾਹਿਬ : ਬੇਸ਼ੱਕ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਸ੍ਰੀ ਆਨੰਦਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨ ਵਿੱਚ ਹੋਲੇ ਮਹੱਲੇ ਦੀ ਰਸਮੀ ਸ਼ੁਰੂਆਤ ਪੂਰੇ ਖਾਲਸਈ ਜਾਹੋ-ਜਲਾਲ ਨਾਲ ਕੀਤੀ ਗਈ ਪਰ ਪੰਜਾਬ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੇ ਕਰੋਨਾ ਦੀ ਦਹਿਸ਼ਤ ਕਾਰਨ ਮੇਲਾ ਪੂਰੀ ਤਰ੍ਹਾਂ ਨਹੀਂ ਭਰਿਆ। ਪਿਛਲੇ ਸਾਲ ਦੀ ਤੁਲਨਾ ਵਿੱਚ ਸੰਗਤ ਦੀ ਆਮਦ 70 ਫੀਸਦੀ ਘੱਟ ਰਹੀ।

ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਹੋਲੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ ਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਦੌਰਾਨ ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦੇ ਪਹਿਲੇ ਦਿਨ ਸ਼ਰਧਾਲੂਆਂ ਦੀ ਆਮਦ ਵਿੱਚ ਕਾਫੀ ਕਮੀ ਦਰਜ ਕੀਤੀ ਗਈ। ਖੁਫੀਆ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਪਾਰੀ ਵਰਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤ ਦੀ ਆਮਦ ’ਚ 70 ਫੀਸਦ ਤੱਕ ਦੀ ਕਮੀ ਰਹੀ।

ਅੰਦਾਜ਼ੇ ਅਨੁਸਾਰ ਪਿਛਲੇ ਸਾਲਾਂ ’ਚ ਪਹਿਲੇ ਦਿਨ ਤੱਕ ਪੰਜ ਤੋਂ ਛੇ ਲੱਖ ਦੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੁੰਦੀ ਸੀ, ਜੋ ਇਸ ਵਾਰ ਮਹਿਜ਼ ਸਵਾ ਤੋਂ ਡੇਢ ਲੱਖ ਤੱਕ ਹੀ ਰਹਿ ਗਈ ਹੈ। ਇਸੇ ਤਰ੍ਹਾਂ ਵਪਾਰ ਲਈ ਸ਼੍ਰੋਮਣੀ ਕਮੇਟੀ ਦੀ ਥਾਂ ਲੈਣ ਵਾਲੇ ਠੇਕੇਦਾਰ ਗੁਰਚਰਨ ਸਿੰਘ ਅਤੇ ਮੋਹਣ ਸਿੰਘ ਨੇ ਦੱਸਿਆ ਕਿ ਇਸ ਵਾਰ ਦਾ ਠੇਕਾ ਉਨ੍ਹਾਂ ਨੇ ਸਵਾ ਤਿੰਨ ਕਰੋੜ ਰੁਪਏ ਵਿੱਚ ਲਿਆ ਸੀ, ਜੋ ਹੋਲੇ ਮਹੱਲੇ ਵਿੱਚ ਪੂਰਾ ਹੋਣ ਦੀ ਆਸ ਸੀ ਪਰ ਆਲਮ ਇਹ ਹੈ ਕਿ ਸਿਰਫ 25 ਤੋਂ 30 ਫੀਸਦੀ ਦੁਕਾਨਾਂ ਦੀ ਥਾਂ ਹੀ ਕਿਰਾਏ ’ਤੇ ਚੜ੍ਹ ਸਕੀ ਹੈ। ਇਸ ਤੋਂ ਇਲਾਵਾ ਦੁਕਾਨਦਾਰ ਵੀ ਗਾਹਕੀ ਨਾ ਹੋਣ ਕਰਕੇ ਰੋ ਰਹੇ ਹਨ। ਇਸ ਦਾ ਕਾਰਨ ਕਰੋਨਾ ਹੀ ਸਮਝਿਆ ਜਾ ਰਿਹਾ ਹੈ।

ਬੇਸ਼ੱਕ ਹਰ ਸਾਲ ਹੋਲੇ ਮਹੱਲੇ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਂਦੀਆ ਸਨ ਪਰ ਇਸ ਵਾਰ ਕੋਈ ਵੀ ਸਿਆਸੀ ਜਮਾਤ ਕਾਨਫਰੰਸ ਨਹੀਂ ਕਰ ਰਹੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਰੂਰ ਸ਼ਹਿਰ ਦੇ ਬਾਹਰ ਪੰਡਾਲ ਲਗਾ ਕੇ ਕਾਨਫਰੰਸ ਕੀਤੀ ਜਾ ਰਹੀ ਹੈ, ਜਿੱਥੇ ਵੱਡੇ ਕਿਸਾਨ ਆਗੂਆਂ ਦੇ ਪਹੁੰਚਣ ਦੀ ਉਮੀਦ ਹੈ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਵੱਡੀ ਗਿਣਤੀ ਵਿੱਚ ਇਥੇ ਪਹੁੰਚਣ ਦੀ ਅਪੀਲ ਕੀਤੀ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਹੋਲਾ ਮਨਾਉਂਦਾ ਆ ਰਿਹਾ ਹੈ ਤੇ ਇਸ ਵਾਰ ਵੀ ਚੜ੍ਹਦੀ ਕਲਾ ਨਾਲ ਇਹ ਤਿਉਹਾਰ ਮਨਾਇਆ ਜਾਵੇਗਾ।

ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਅਤੇ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਗੁਰੂ ਕਾ ਬਾਗ, ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿੱਚ ਦੋ ਰੋਜ਼ਾ ਵਿਰਸਾ ਸੰਭਾਲ ਗਤਕਾ ਮੁਕਾਬਲੇ ਸ਼ੁਰੂ ਹੋ ਗਏ ਹਨ। ਭਾਈ ਸੁਖਜੀਤ ਸਿੰਘ ਘਨ੍ਹੱਈਆ ਨੇ ਅਰਦਾਸ ਕਰਕੇ ਰਸਮੀ ਸ਼ੁਰੂਆਤ ਕਰਵਾਈ। ਇਸ ਦੌਰਾਨ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪਿਛਲੇ 15 ਸਾਲਾਂ ਤੋਂ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਪਿਛਲੀ ਰਵਾਇਤ ਮੁਤਾਬਕ ਇਸ ਵਾਰ ਵੀ ਬਾਬਾ ਬੁੱਢਾ ਦਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਪੰਜ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤਹਿਤ ਬਾਬਾ ਜਗਜੀਤ ਸਿੰਘ ਡੇਰਾ ਸੰਤਗੜ੍ਹ, ਡਾ. ਜਸਬੀਰ ਸਿੰਘ ਸਰਨਾ ਕਸ਼ਮੀਰ ਅਤੇ ਹਰਵਿੰਦਰ ਸਿੰਘ ਖਾਲਸਾ ਬਠਿੰਡਾ ਨੂੰ ਜਥੇਦਾਰ ਨਵਾਬ ਕਪੂਰ ਸਿੰਘ ਯਾਦਗਾਰੀ ਐਵਾਰਡ, ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਯਾਦਗਾਰੀ ਐਵਾਰਡ ਅਤੇ ਜਥੇਦਾਰ ਬਾਬਾ ਇੰਦਰ ਸਿੰਘ ਨੂੰ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਜਾਵੇਗਾ। ਵਿਸਾਖੀ ’ਤੇ ‘ਬੁੱਢਾ ਦਲ ਦੇ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਵਿਸ਼ੇਸ਼ ਪੁਸਤਕ’ ਅਤੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਵਿਸ਼ੇਸ਼ ਕਿਤਾਬਚਾ ‘ਨਿਹੰਗ ਸਿੰਘ ਸੰਦੇਸ਼’ ਰਿਲੀਜ਼ ਕੀਤੇ ਜਾਣਗੇ। ਇਸ ਮੌਕੇ ਬਾਬਾ ਨੌਰੰਗ ਸਿੰਘ ਹਰੀਆਂ ਵੇਲਾਂ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਧੰਨਾ ਸਿੰਘ ਤਰਨਾ ਦਲ ਖਿਆਲਾ ਕਲਾਂ, ਬਾਬਾ ਬਲਦੇਵ ਸਿੰਘ ਢੋਢੀਵਿੰਡ ਅਤੇ ਬਾਬਾ ਹਰਪ੍ਰੀਤ ਸਿੰਘ ਹੈਪੀ ਹਾਜ਼ਰ ਸਨ।

Leave a Reply

Your email address will not be published. Required fields are marked *