ਪੰਜਾਬ ਵਿਚ ਆੜ੍ਹਤੀਆਂ ਰਾਹੀਂ ਹੀ ਹੋਵੇਗੀ ਕਣਕ ਦੀ ਅਦਾਇਗੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਲਈ ‘ਖਰੀਦ ਨੀਤੀ’ ਜਾਰੀ ਕਰ ਦਿੱਤੀ ਹੈ, ਜਿਸ ਵਿਚ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿਚ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਅਦਾਇਗੀ ਆੜ੍ਹਤੀ ਰਾਹੀਂ ਹੀ ਹੋਵੇਗੀ। ਖਰੀਦ ਏਜੰਸੀ ਵਿੱਚ ਕਿਧਰੇ ਵੀ ਕਿਸਾਨਾਂ ਨੂੰ ਜਿਣਸ ਦੀ ਸਿੱਧੀ ਅਦਾਇਗੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਨੇ ਨੀਤੀ ਜਾਰੀ ਕਰ ਕੇ ਸੂਬਾ ਸਰਕਾਰ ਦੇ ‘ਅਨਾਜ ਖਰੀਦ ਪੋਰਟਲ’ ਉੱਤੇ ਖਰੀਦ ਸਬੰਧੀ ਸਾਰੇ ਵੇਰਵੇ ਦਰਜ ਕਰਨ ਵਾਸਤੇ ਆਖ ਦਿੱਤਾ ਹੈ।

ਕੇਂਦਰ ਸਰਕਾਰ ਨਾਲ ਸਿੱਧੀ ਅਦਾਇਗੀ ਦੇ ਮਾਮਲੇ ’ਤੇ ਖਿੱਚੋਤਾਣ ਦੌਰਾਨ ਪੰਜਾਬ ਸਰਕਾਰ ਨੇ ਆੜ੍ਹਤੀਆਂ ਰਾਹੀਂ ਅਦਾਇਗੀ ਕਰਨ ਦਾ ਦੋ-ਟੁੱਕ ਫੈਸਲਾ ਲੈ ਲਿਆ ਹੈ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ’ਤੇ ਹਾਲੇ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਹੈ। ਖਰੀਦ ਨੀਤੀ ਅਨੁਸਾਰ ਭਾਰਤੀ ਖੁਰਾਕ ਨਿਗਮ ਵੱਲੋਂ 26 ਲੱਖ ਮੀਟਰਕ ਟਨ (20 ਫੀਸਦੀ) ਫ਼ਸਲ ਦੀ ਖਰੀਦ ਕੀਤੀ ਜਾਣੀ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਦੀਆਂ ਕਰੀਬ 800 ਮੰਡੀਆਂ ਭਾਰਤੀ ਖੁਰਾਕ ਨਿਗਮ ਕੋਲ ਹੋਣਗੀਆਂ।

ਵੱਡਾ ਸੰਕਟ ਉਦੋਂ ਬਣਨ ਦਾ ਖ਼ਦਸ਼ਾ ਹੈ ਜਦੋਂ ਭਾਰਤੀ ਖੁਰਾਕ ਨਿਗਮ ਨੇ ਸਿੱਧੀ ਅਦਾਇਗੀ ਦਾ ਪੇਚ ਫਸਾ ਲੈਣਾ ਹੈ। ਪਤਾ ਲੱਗਾ ਹੈ ਕਿ ਆੜ੍ਹਤੀਆਂ ਨੇ ਅੱਜ ਤੋਂ ਪੰਜਾਬ ਦੀਆਂ ਖਰੀਦ ਏਜੰਸੀਆਂ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਭਾਰਤੀ ਖੁਰਾਕ ਨਿਗਮ ਨੇ ਲੰਘੇ ਜੀਰੀ ਦੇ ਸੀਜ਼ਨ ਦੇ ਆੜ੍ਹਤੀਆਂ ਦੇ ਕਰੀਬ 131 ਕਰੋੜ ਰੁਪਏ ਦੇ ਬਕਾਏ ਹਾਲੇ ਤੱਕ ਨਹੀਂ ਦਿੱਤੇ ਹਨ ਜਿਸ ਕਰ ਕੇ ਆੜ੍ਹਤੀ ਭਾਰਤੀ ਖੁਰਾਕ ਨਿਗਮ ਤੋਂ ਪਾਸਾ ਵੱਟਣ ਲੱਗੇ ਹਨ। ਨੀਤੀ ਅਨੁਸਾਰ ਪੰਜਾਬ ਵਿਚ ਕਣਕ ਦੇ ਸੀਜ਼ਨ ਲਈ 1871 ਮੁੱਖ ਮੰਡੀ ਯਾਰਡ/ਸਬ ਯਾਰਡ ਐਲਾਨੇ ਗਏ ਹਨ ਜਦੋਂ ਕਿ 2800 ਵਾਧੂ ਆਰਜ਼ੀ ਕੇਂਦਰ ਖੋਲ੍ਹੇ ਗਏ ਹਨ। ਨੀਤੀ ਵਿੱਚ ਆੜ੍ਹਤੀਆਂ ਨੂੰ ਫ਼ਸਲ ਦੀ ਸਫਾਈ, ਤੁਲਾਈ ਆਦਿ ਦਾ ਪਹਿਲਾਂ ਵਾਂਗ ਹੀ ਕੰਮ ਸੌਂਪਿਆ ਗਿਆ ਹੈ। ਖਰੀਦ ਦਾ ਕੰਮ 10 ਅਪਰੈਲ ਤੋਂ ਸ਼ੁਰੂ ਹੋਵੇਗਾ ਅਤੇ ਰੋਜ਼ਾਨਾ 10 ਵਜੇ ਸਵੇਰ ਤੋਂ ਸ਼ਾਮ 6 ਵਜੇ ਤੱਕ ਬੋਲੀ ਲੱਗੇਗੀ। 31 ਮਈ ਤੱਕ ਖਰੀਦ ਦਾ ਕੰਮ ਚੱਲੇਗਾ। ਸਰਕਾਰ ਵੱਲੋਂ 130 ਲੱਖ ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ। ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਕਣਕ ਦੀ ਖਰੀਦ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਖਰੀਦ ਕਮੇਟੀ ਬਣੇਗੀ ਅਤੇ ਝਗੜਾ ਨਿਪਟਾਊ ਕਮੇਟੀਆਂ ਦਾ ਗਠਨ ਵੀ ਹੋਵੇਗਾ। ਸਰਕਾਰ ਨੇ ਛੁੱਟੀ ਵਾਲੇ ਦਿਨ ਵੀ ਕਣਕ ਦੀ ਖਰੀਦ ਕਰਨ ਦਾ ਫੈਸਲਾ ਲਿਆ ਹੈ। ਨੀਤੀ ਵਿੱਚ ਕੋਵਿਡ ਹੈਲਥ ਪ੍ਰੋਟੋਕਾਲ ਵੀ ਜਾਰੀ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਫ਼ਸਲ ਲਿਆਉਣ ਲਈ ਕੂਪਨ ਜਾਰੀ ਕੀਤੇ ਜਾਣਗੇ। ਲੋੜ ਅਨੁਸਾਰ ਹਰ ਮੰਡੀ ਨੂੰ ਰੋਜ਼ਾਨਾ ਬਾਰਦਾਨਾ ਜਾਰੀ ਕੀਤਾ ਜਾਵੇਗਾ। ਨੀਤੀ ਅਨੁਸਾਰ ਉਸ ਆੜ੍ਹਤੀਏ ’ਤੇ ਪੁਲੀਸ ਕੇਸ ਵੀ ਦਰਜ ਹੋ ਸਕੇਗਾ ਜੋ ਕਿਸਾਨਾਂ ਤੋਂ ਕਣਕ ਦੀ ਖਰੀਦ ਵਿਚ ਨਾਜਾਇਜ਼ ਕਟੌਤੀ ਕਰੇਗਾ।

Leave a Reply

Your email address will not be published. Required fields are marked *