ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਆਉਣ ਵਾਲੇ ਮੁਸਾਫ਼ਰਾਂ ’ਤੇ ਰੋਕ

ਮੈਲਬਰਨ/ਵੈਲਿੰਗਟਨ: ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਮੁਸਾਫ਼ਰਾਂ ’ਤੇ 11 ਅਪਰੈਲ ਤੋਂ ਦੋ ਹਫ਼ਤਿਆਂ ਲਈ ਪਹਿਲੀ ਵਾਰ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ। ਇਸ ’ਚ ਭਾਰਤ ਤੋਂ ਪਰਤਣ ਵਾਲੇ ਮੁਲਕ ਦੇ ਨਾਗਰਿਕ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਦੱਸਿਆ ਕਿ ਇਹ ਪਾਬੰਦੀ ਆਉਂਦੇ ਐਤਵਾਰ ਤੋਂ ਲੈ ਕੇ 28 ਅਪਰੈਲ ਤੱਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਰ ਮੁਲਕਾਂ ਤੋਂ ਪੈਦਾ ਹੋ ਰਹੇ ਖ਼ਤਰੇ ਦਾ ਮੁਲਾਂਕਣ ਕਰੇਗੀ। ਨਿਊਜ਼ੀਲੈਂਡ ’ਚ ਕਰੋਨਾਵਾਇਰਸ ਦੇ 23 ਨਵੇਂ ਕੇਸ ਆਏ ਹਨ ਜਿਨ੍ਹਾਂ ’ਚੋਂ 17 ਪੀੜਤ ਵਿਅਕਤੀ ਭਾਰਤ ਤੋਂ ਆਏ ਸਨ। ਅਰਡਰਨ ਨੇ ਕਿਹਾ,‘‘ਇਹ ਆਰਜ਼ੀ ਪਾਬੰਦੀ ਹੈ ਅਤੇ ਇਸ ਨਾਲ ਕਰੋਨਾ ਖ਼ਤਰੇ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਮੈਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਅਤੇ ਮੈਂ ਮੁਸਾਫ਼ਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਘਟਾਉਣ ਲਈ ਵਚਨਬੱਧ ਹਾਂ।’’ ਉਨ੍ਹਾਂ ਕਿਹਾ ਕਿ ਕੁਝ ਮੁਲਕਾਂ ਦੇ ਮੁਸਾਫ਼ਰਾਂ ’ਤੇ ਪਹਿਲਾਂ ਵੀ ਸਫ਼ਰ ਕਰਨ ’ਤੇ ਪਾਬੰਦੀ ਰਹੀ ਹੈ ਪਰ ਕਦੇ ਵੀ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਨਿਵਾਸੀਆਂ ਦੇ ਸਫ਼ਰ ’ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਆਕਲੈਂਡ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਨਰੇਂਦਰਭਾਈ ਭਾਨਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰਨ ਦੇ ਨਿਊਜ਼ੀਲੈਂਡ ਦੇ ਫ਼ੈਸਲੇ ਨਾਲ ਕੋਈ ਦਿੱਕਤ ਨਹੀਂ ਹੈ। –

Leave a Reply

Your email address will not be published. Required fields are marked *