ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜ ਦੀ ਮਈ ਤੱਕ ਵਾਪਸੀ ਮੁਸ਼ਕਲ

ਵਾਸ਼ਿੰਗਟਨ: ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜ ਦੀ ਪਹਿਲੀ ਮਈ ਤੱਕ ਵਾਪਸੀ ਹੋਣਾ ਬਹੁਤ ਮੁਸ਼ਕਲ ਜਾਪ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਵੀ ਫ਼ੌਜ ਦੀ ਅਫ਼ਗਾਨਿਸਤਾਨ ਤੋਂ ਮੁਕੰਮਲ ਵਾਪਸੀ ਦੀ ਮਿਆਦ ਮੁੱਕ ਜਾਣ ਦੀ ਉਡੀਕ ਕਰ ਰਹੇ ਹਨ। ਅਮਰੀਕੀ ਫ਼ੌਜ ਦੇ 2500 ਜਵਾਨ ਅਜੇ ਵੀ ਅਫ਼ਗਾਨਿਸਤਾਨ ’ਚ ਉਥੋਂ ਦੀ ਫ਼ੌਜ ਨੂੰ ਹਮਾਇਤ ਦੇ ਰਹੇ ਹਨ ਅਤੇ ਉਨ੍ਹਾਂ ਦੀ ਵਾਪਸੀ ਨੂੰ ਅਜੇ ਕੁਝ ਹੋਰ ਮਹੀਨੇ ਲੱਗ ਸਕਦੇ ਹਨ। ਬਾਇਡਨ ਨੇ ਮਾਰਚ ’ਚ ਖੁਦ ਕਿਹਾ ਸੀ ਕਿ ਅਗਲੇ ਤਿੰਨ ਹਫ਼ਤਿਆਂ ’ਚ ਸਾਰੀ ਫ਼ੌਜ ਨੂੰ ਆਪਣੇ ਸਾਜ਼ੋ ਸਾਮਾਨ ਨਾਲ ਅਫ਼ਗਾਨਿਸਤਾਨ ’ਚੋਂ ਹਟਾਉਣਾ ਬਹੁਤ ਮੁਸ਼ਕਲ ਹੋਵੇਗਾ। ਜਲ ਸੈਨਾ ਦੇ ਸੇਵਾਮੁਕਤ ਐਡਮਿਰਲ ਜੇਮਸ ਸਟੈਵੀਡਿਸ ਨੇ ਕਿਹਾ ਕਿ ਅਫ਼ਗਾਨਿਸਤਾਨ ’ਚੋਂ ਫ਼ੌਜ ਨੂੰ ਛੇਤੀ ਹਟਾਉਣਾ ਅਕਲਮੰਦੀ ਵਾਲਾ ਫ਼ੈਸਲਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਕੋਈ ਫ਼ੈਸਲਾ ਨਾ ਲੈਣਾ ਵੀ ਇਕ ਫ਼ੈਸਲਾ ਬਣ ਜਾਂਦਾ ਹੈ ਅਤੇ ਇਹੋ ਪਹਿਲੀ ਮਈ ਦੀ ਮਿਆਦ ਵਾਲਾ ਕੇਸ ਜਾਪਦਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵਾਪਸੀ ਦੀ ਮਿਆਦ ਛੇ ਮਹੀਨੇ ਤੱਕ ਵਧਾਈ ਜਾ ਸਕਦੀ ਹੈ ਅਤੇ ਤਾਲਿਬਾਨ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਕਿਹਾ ਜਾ ਸਕਦਾ ਹੈ। ਮਾਹਿਰਾਂ ਦੇ ਗਰੁੱਪ ਨੇ ਕਿਹਾ ਕਿ ਫ਼ੌਜ ਦੀ ਵਾਪਸੀ ਨਾਲ ਅਮਰੀਕਾ ਨੂੰ ਅਤਿਵਾਦੀਆਂ ਤੋਂ ਹੋਰ ਖ਼ਤਰੇ ਪੈਦਾ ਹੋ ਜਾਣਗੇ ਅਤੇ ਅਫ਼ਗਾਨਿਸਤਾਨ ’ਚ ਵੀ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਬਾਇਡਨ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਅਫ਼ਗਾਨਿਸਤਾਨ ’ਚ ਅਤਿਵਾਦ ਵਿਰੋਧੀ ਸੁਰੱਖਿਆ ਬਲਾਂ ਨੂੰ ਰੱਖਣਗੇ ਅਤੇ ਉਥੇ ਜੰਗ ਦੇ ਖ਼ਾਤਮੇ ਦੇ ਯਤਨ ਕਰਨਗੇ।

Leave a Reply

Your email address will not be published. Required fields are marked *