ਬਾਹਰਲੇ ਰਾਜਾਂ ਤੋਂ ਵੇਚਣ ਲਈ ਲਿਆਂਦੀ ਕਣਕ ਫੜੀ

ਬਠਿੰਡਾ: ਕਾਲਾ ਬਾਜ਼ਾਰੀ ਲਈ ਬਾਹਰੀ ਰਾਜਾਂ ਤੋਂ ਤਸਕਰੀ ਕਰ ਕੇ ਬਠਿੰਡਾ ਲਿਆਂਦੀ ਕਣਕ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਮਾਮਲਾ ਬੇਪਰਦ ਹੋਣ ’ਤੇ ਵਿਜੀਲੈਂਸ ਸਮੇਤ ਮੰਡੀ ਬੋਰਡ ਵੱਲੋਂ ਹਰਕਤ ਵਿਚ ਆਉਣ ’ਤੇ ਪੁਲੀਸ ਨੇ ਸ਼ਹਿਰ ਦੀਆਂ ਦੋ ਵੱਡੀਆਂ ਫ਼ਰਮਾਂ ਮੈਸਰਜ਼ ਅਸ਼ੋਕ ਰਾਮ ਬਾਬੂ ਰਾਮ ਅਤੇ ਮੈਸਰਜ਼ ਲਕਸ਼ਮੀ ਆਇਲ ਮਿਲਜ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵੀਰਵਾਰ ਦੇਰ ਰਾਤ ਨੂੰ ਅਨਾਜ ਮੰਡੀ ’ਚ ਆ ਕੇ ਰੁਕੇ ਕਣਕ ਦੇ ਟਰਾਲਿਆਂ ਦਾ ਸਭ ਤੋਂ ਪਹਿਲਾਂ ਪਰਦਾਫ਼ਾਸ਼ ਭਾਜਪਾ ਆਗੂ ਸੁਖਪਾਲ ਸਰਾਂ ਨੇ ਕੀਤਾ।

ਜਾਣਕਾਰੀ ਮੁਤਾਬਕ ਇਹ ਕਣਕ ਬਿਹਾਰ ਦੇ ਦਰਭੰਗਾ ਤੋਂ ਇਲਾਵਾ ਯੂਪੀ, ਰਾਜਸਥਾਨ ਆਦਿ ਰਾਜਾਂ ਵਿਚੋਂ ਆਈ। ਸੂਤਰਾਂ ਮੁਤਾਬਕ ਕਰੀਬ 25 ਟਰਾਲਿਆਂ ’ਚ ਲੱਦ ਕੇ ਆਈ ਕਣਕ ’ਚੋਂ 3 ਗੱਡੀਆਂ ਦਾਣਾ ਮੰਡੀ ਵਿੱਚੋਂ ਫੜੀਆਂ ਗਈਆਂ। ਮਾਮਲਾ ਸ਼ੱਕੀ ਇਸ ਲਈ ਸੀ ਕਿ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ 10 ਅਪਰੈਲ ਤੋਂ ਸ਼ੁਰੂ ਕਰਨੀ ਸੀ, ਪਰ ਨਵੀਂ ਕਣਕ 8 ਅਪਰੈਲ ਦੀ ਰਾਤ ਨੂੰ ਹੀ ਪਹੁੰਚ ਗਈ। ਇਕ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਬਿਹਾਰ ਤੋਂ ਕਣਕ ਭਰਨ ਵੇਲੇ ਦੱਸਿਆ ਗਿਆ ਸੀ ਕਿ ਕਣਕ ਬਠਿੰਡਾ ਦੀ ਇਕ ਕੈਮੀਕਲ ਫੈਕਟਰੀ ਵਿਚ ਲਾਹੁਣੀ ਹੈ। ਡਰਾਈਵਰ ਦੇ ਦੱਸਣ ਮੁਤਾਬਕ ਹਰ ਟਰੱਕ ’ਚ 400 ਕੁਇੰਟਲ ਕਣਕ ਸੀ, ਜੋ ਉਥੋਂ 1100 ਰੁਪਏ ਫੀ ਕੁਇੰਟਲ ਦੇ ਭਾਅ ਖ਼ਰੀਦੀ ਗਈ ਸੀ। ਪੰਜਾਬ ’ਚ ਆ ਕੇ ਇਸ ਦੀ ਕੀਮਤ 1975 ਰੁਪਏ ਮਿਲਣੀ ਸੀ। ਇੰਜ 2 ਲੱਖ ਰੁਪਏ ਪ੍ਰਤੀ ਟਰੱਕ ਕਮਾਈ ਹੋਣੀ ਸੀ। ਅੱਜ ਤੜਕੇ ਮਾਮਲੇ ਦਾ ਪਤਾ ਲੱਗਣ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਨੇ ਮੰਡੀ ਵਿਚ ਆ ਕੇ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਨਾਇਬ ਸਿੰਘ ਅਤੇ ਸੁਖਜੀਤ ਸਿੰਘ ਨੇ ਕਿਹਾ ਕਿ ਬਾਹਰੋਂ ਆ ਰਿਹਾ ਅਨਾਜ ਪੰਜਾਬ ਦੇ ਕਿਸਾਨਾਂ ਲਈ ਮੁਸੀਬਤ ਬਣੇਗਾ। ਉਨ੍ਹਾਂ ਕਿਹਾ ਕਿ 5-7 ਟਰੱਕ ਲਹਿ ਚੁੱਕੇ ਹਨ ਅਤੇ 20-22 ਟਰਾਲੇ ਕਿਤੇ ਲੁਕਾ ਲਏ ਗਏ ਹਨ। ਉਨ੍ਹਾਂ ਮੁਨਾਫ਼ੇਖੋਰਾਂ ਦੇ ਇਸ ਧੰਦੇ ਨੂੰ ਸਿਆਸੀ ਸ਼ਹਿ ਹੋਣ ਦੇ ਦੋਸ਼ ਲਾਏ। ਰੱਫੜ ਵਧਣ ’ਤੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਦਾਣਾ ਮੰਡੀ ਵਿਚਲੇ ਦੋ ਗੁਦਾਮਾਂ ਦੇ ਤਾਲੇ ਤੋੜ ਕੇ ਉਨ੍ਹਾਂ ਅੰਦਰੋਂ ਹਜ਼ਾਰਾਂ ਦੀ ਗਿਣਤੀ ਵਿਚ ਵਿਵਾਦਿਤ ਕਣਕ ਬਰਾਮਦ ਕੀਤੀ ਗਈ। ਇਸ ਮੌਕੇ ਫੂਡ ਸਪਲਾਈ ਵਿਭਾਗ (ਵਿਜੀਲੈਂਸ ਸੈੱਲ) ਦੇ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਸਿੰਗਲਾ ਅਤੇ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ ਫ਼ਿਰੋਜ਼ਪੁਰ ਕੁਲਦੀਪ ਬਰਾੜ ਵੀ ਮੌਜੂਦ ਸਨ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਰੀਬ 15-20 ਬੋਰੀਆਂ ਕਣਕ ਬਰਾਮਦ ਹੋਈ ਹੈ ਅਤੇ ਇਹ ਮੱਧ ਪ੍ਰਦੇਸ਼, ਯੂਪੀ ਆਦਿ ਰਾਜਾਂ ’ਚੋਂ ਆਈ ਹੈ। ਬੋਰੀਆਂ ’ਚ ਅਨਾਜ ਦੀ ਭਰਤੀ ਵੱਖ-ਵੱਖ ਤਰ੍ਹਾਂ ਦੀ ਹੈ ਅਤੇ ਸਟੈਂਡਰਡ ਵਜ਼ਨ ਕੋਈ ਨਹੀਂ। ਉਨ੍ਹਾਂ ਹੋਰ ਕੁਝ ਕਹਿਣ ਤੋਂ ਗੁਰੇਜ਼ ਕੀਤਾ ਅਤੇ ਕਿਹਾ ਕਿ ਇਹ ਹਾਲੇ ਜਾਂਚ ਦਾ ਵਿਸ਼ਾ ਹੈ।

ਉਧਰ ਥਾਣਾ ਕੋਤਵਾਲੀ ਦੇ ਐੱਸਐੱਚਓ ਦਲਜੀਤ ਬਰਾੜ ਨੇ ਕਿਹਾ ਕਿ ਮਾਰਕੀਟ ਕਮੇਟੀ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕਰ ਕੇ ਸਟਾਕ ਜ਼ਬਤ ਕਰ ਲਿਆ ਗਿਆ ਹੈ। ਗੌਰਤਲਬ ਹੈ ਕਿ ਲੰਘੇ ਸੀਜ਼ਨ ’ਚ ਬਾਹਰੀ ਰਾਜਾਂ ਤੋਂ ਆਈ ਝੋਨੇ ਦੀ ਫ਼ਸਲ ਵੀ ਵੱਡੀ ਮਾਤਰਾ ’ਚ ਫੜੀ ਗਈ ਸੀ, ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ।

ਫਿਰੋਜ਼ਪੁਰ ਦੀ ਇੱਕ ਫਰਮ ਖ਼ਿਲਾਫ਼ ਵੀ ਕੇਸ ਦਰਜ

ਚੰਡੀਗੜ੍ਹ : ਦੂਜੇ ਸੂਬਿਆਂ ਤੋਂ ਕਣਕ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਜਿਨ੍ਹਾਂ ਤਿੰਨ ਫਰਮਾਂ ਵਿਰੁੱਧ ਪੁਲੀਸ ਕੇਸ ਦਰਜ ਕਰਵਾਏ ਹਨ ਉਨ੍ਹਾਂ ’ਚ ਫਿਰੋਜ਼ਪੁਰ ਦੀ ਬੁਗਾ ਮੰਡੀ ਸਥਿਤ ਕਿਸ਼ਨ ਟਰੇਡਿੰਗ ਕੰਪਨੀ ਵੀ ਸ਼ਾਮਲ ਹੈ ਜਿਸ ਦੀ ਫੜ੍ਹ ਤੋਂ 8-9 ਹਜ਼ਾਰ ਗੱਟੇ ਬਰਾਮਦ ਹੋਏ ਹਨ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਵਪਾਰੀ ਤੇ ਮੁਲਾਜ਼ਮ ਵੱਲੋਂ ਕਣਕ ਦੀ ਖਰੀਦ ਵਿਚ ਕੀਤੀ ਗਈ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫਰਜ਼ੀ ਬਿਲਿੰਗ ਦੇ ਮਾਮਲਿਆਂ ਨਾਲ ਨਜਿੱਠਣ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ।

ਗ਼ਰੀਬਾਂ ਨੇ ਲਾਇਆ ਦਾਅ

ਬਠਿੰਡਾ: ਬਠਿੰਡਾ ’ਚ ਵੱਖ ਵੱਖ ਜਥੇਬੰਦੀਆਂ ਨੇ ਜਦੋਂ ਬਾਹਰੋਂ ਆਏ ਟਰੱਕਾਂ ਦਾ ਘਿਰਾਓ ਕਰ ਕੇ ਕਣਕ ਕਿਸਾਨੀ ਅੰਦੋਲਨ ਵਿਚ ਲਿਜਾਣ ਦੀ ਧਮਕੀ ਦਿੱਤੀ ਤਾਂ ਡਰਾਈਵਰ ਘਬਰਾ ਗਏ। ਮੌਕੇ ’ਤੇ ਇਕੱਠੇ ਹੋਏ ਨੇੜੇ ਰਹਿੰਦੇ ਗ਼ਰੀਬ ਵਰਗ ਨਾਲ ਸਬੰਧਤ ਲੋਕ ਕਿਸਾਨ ਦੇ ਵਿਰੋਧ ਨੂੰ ਦੇਖਦੇ ਕਣਕ ਦੇ ਕੁਝ ਗੱਟੇ ਚੁੱਕ ਕੇ ਲੈ ਗਏ। ਇਸ ਦੀ ਪੁਸ਼ਟੀ ਡਕੌਂਦਾ ਦੇ ਆਗੂ ਬਾਵਾ ਸਿੰਘ ਨੇ ਕੀਤੀ।

Leave a Reply

Your email address will not be published. Required fields are marked *