ਬੇਅਦਬੀ ਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਜਨਤਕ ਹੋਵੇ: ਸਿੱਧੂ

ਚੰਡੀਗੜ੍ਹ/ ਫ਼ਰੀਦਕੋਟ: ਕਾਂਗਰਸੀ ਵਿਧਾਇਕ ਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਸਾਖੀ ਦੇ ਦਿਹਾੜੇ ਮੌਕੇ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲੇ ਦੇ ਗੁਰੂ ਘਰ ਵਿਚ ਮੱਥਾ ਟੇਕ ਕੇ ਪੰਜਾਬ ਦੀ ਸਿਆਸਤ ’ਚ ਹਲਚਲ ਪੈਦਾ ਕਰ ਦਿੱਤੀ ਹੈ। ਨਵਜੋਤ ਸਿੱਧੂ ਨੇ ਆਪਣੀ ਇਸ ਫੇਰੀ ਮੌਕੇ ਅਸਿੱਧੇ ਤੌਰ ’ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ। ਵਿਸਾਖੀ ਮੌਕੇ ਨਵਜੋਤ ਸਿੱਧੂ ਦਾ ਪਿੰਡ ਬੁਰਜ ਜਵਾਹਰ ਸਿੰਘ ਵਾਲੇ ਦੇ ਉਸ ਗੁਰੂ ਘਰ ਵਿਚ ਪੁੱਜਣਾ, ਜਿੱਥੋਂ ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ, ਸਿਆਸੀ ਮਾਅਨੇ ਰੱਖਦਾ ਹੈ। ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਅਤੇ ਬੇਕਸੂਰ ਸੰਗਤਾਂ ਉੱਪਰ ਗੋਲੀਆਂ ਚਲਾਉਣ ਦੀ ਸਾਜ਼ਿਸ਼ ਬੇਨਕਾਬ ਹੋਣੀ ਚਾਹੀਦੀ ਹੈ। ਉਨ੍ਹਾਂ ਿਕਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਮੁੱਖ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ। ਸਿੱਧੂ ਦੀ ਅੱਜ ਦੀ ਇਸ ਫੇਰੀ ਬਾਰੇ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਜਾਂ ਕਾਂਗਰਸ ਦੇ ਆਗੂਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪਿੰਡ ਦੇ ਗੁਰੂ ਘਰ ਵਿਚ ਮੱਥਾ ਟੇਕਿਆ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਦਅਬੀ ਮਾਮਲੇ ’ਚ ਪੌਣੇ ਛੇ ਸਾਲਾਂ ਮਗਰੋਂ ਵੀ ਇਨਸਾਫ ਨਾ ਮਿਲਣ ਨੂੰ ਲੈ ਕੇ ਬਿਨਾਂ ਨਾਮ ਲਏ ਆਪਣੀ ਪਾਰਟੀ ਦੀ ਹਕੂਮਤ ’ਤੇ ਵੀ ਉਂਗਲ ਚੁੱਕੀ। ਸਿੱਧੂ ਨੇ ਮੰਗ ਕੀਤੀ ਕਿ ਬੇਅਦਬੀ ਮਾਮਲੇ ਨਾਲ ਜੁੜੀ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ‘ਸਿੱਟ’ ਦੀ ਰਿਪੋਰਟ ਅਤੇ ਨਸ਼ਾ ਤਸ਼ਕਰੀ ਨਾਲ ਸਬੰਧਤ ਪੁਲੀਸ ਅਧਿਕਾਰੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਐੱਸਟੀਐੱਫ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ। ਸਿੱਧੂ ਨੇ ਕਿਹਾ ਕਿ ਜਿਵੇਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਵਿਚ ਜਨਤਕ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ‘ਸਿੱਟ’ ਦੀ ਰਿਪੋਰਟ ਵੀ ਨਸ਼ਰ ਹੋੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰੀਬ ਪੌਣੇ ਛੇ ਸਾਲ ਹੋ ਚੱਲੇ ਹਨ ਤੇ ਪੰਜਾਬ ਇਨ੍ਹਾਂ ਮਾਮਲਿਆਂ ’ਚ ਇਨਸਾਫ ਉਡੀਕ ਰਿਹਾ ਹੈ। ਨਵਜੋਤ ਸਿੱਧੂੁ ਨੇ ਕਿਹਾ ਕਿ ਪੰਜਾਬ ਪੁੱਛਦਾ ਹੈ ਕਿ ਗੁਰੂ ਸਾਹਿਬ ਨਾਲੋਂ ਅਹਿਮ ਕੋਈ ਕੇਸ ਨਹੀਂ ਸੀ ਅਤੇ ਅਦਾਲਤਾਂ ਵਿਚ ਤੱਥ ਪੇਸ਼ ਕਰਨ ਵਾਲੇ ਵਕੀਲ ਕਿਉਂ ਕਮਜ਼ੋਰ ਦਿਖੇ। ਵੱਡੇ ਵਕੀਲ ਪੇਸ਼ ਕਰਨੇ ਚਾਹੀਦੇ ਸਨ। ਸਿੱਧੂ ਨੇ ਇਤਿਹਾਸ ’ਚੋਂ ਹਵਾਲੇ ਦਿੱਤੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ। ਜਦੋਂ ਇੱਕ ਪਿੰਡ ਵਾਸੀ ਨੇ ਸਿੱਧੂ ਨੂੰ ਕਿਹਾ ਕਿ ‘ਕੋਈ ਅਹੁਦਾ ਵੀ ਲੈ ਲਓ।’ ਜੁਆਬ ਵਿਚ ਸਿੱਧੂ ਨੇ ਕਿਹਾ ਕਿ ‘ਤੁਹਾਡਾ ਪਿਆਰ ਕਿਸੇ ਵੀ ਅਹੁਦੇ ਨਾਲੋਂ ਵੱਡਾ ਹੈ।’ ਨਵਜੋਤ ਸਿੱਧੂ ਨੇ ਕਿਹਾ ਕਿ ਜੋ ਗੁਰੂ ਦਾ ਨਹੀਂ ਹੋ ਸਕਿਆ, ਉਹ ਪੰਜਾਬ ਦਾ ਕਿਵੇਂ ਹੋ ਸਕਦਾ ਹੈ। ਉਸ ਨਾਲੋਂ ਵੱਡਾ ਗੁਨਾਹਗਾਰ ਕੋਈ ਨਹੀਂ ਹੈ। ਨਵਜੋਤ ਸਿੱਧੂ ਨੇ ਇਸ ਫੇਰੀ ਮਗਰੋਂ ਟਵੀਟ ਕਰਕੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਹੈ। 

ਸਿੱਧੂ ਨੇ ਪੰਜਾਬ ਪੁਲੀਸ ਦੀ ਪਿੱਠ ਥਾਪੜੀ

ਕੋਟਕਪੂਰਾ: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲੀਸ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਾਡੇ ਸੂਬੇ ਦੀ ਪੁਲੀਸ ਬਹੁਤ ਕਾਬਿਲ ਹੈ ਤੇ ਇਸ ’ਤੇ ਸਾਨੂੰ ਪੂਰਾ ਭਰੋਸਾ ਹੈ। ਇਕ ਘਟਨਾ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਆਖਿਆ ਕਿ ਮੈਂਬਰ ਪਾਰਲੀਮੈਂਟ ਹੁੰਦਿਆਂ ਉਨ੍ਹਾਂ ਨੂੰ ਇਕ ਦੋਸਤ ਅੰਮ੍ਰਿਤਸਰ ਮਿਲਣ ਆਇਆ ਤਾਂ ਕਿਸੇ ਨੇ ਉਸ ਦੀ ਜੇਬ ਕੱਟ ਲਈ ਸੀ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਫ਼ੋਨ ਕਰ ਕੇ ਦੱਸਿਆ ਤਾਂ ਉਨ੍ਹਾਂ ਦੀ ਪੁਲੀਸ ਨੇ ਸਿਰਫ ਦੋ ਘੰਟੇ ਅੰਦਰ ਹੀ ਪਰਸ ਲੱਭ ਕੇ ਮਾਲਕ ਤੱਕ ਪਹੁੰਚਾ ਦਿੱਤਾ ਸੀ

Leave a Reply

Your email address will not be published. Required fields are marked *