ਤਖ਼ਤ ਦਮਦਮਾ ਸਾਹਿਬ ਦਾ ਵਿਸਾਖੀ ਮੇਲਾ ਸਮਾਪਤ

ਤਲਵੰਡੀ ਸਾਬੋ: ਇਥੇ ਤਖ਼ਤ ਦਮਦਮਾ ਸਾਹਿਬ ਵਿੱਚ ਚੱਲ ਰਿਹਾ ਚਾਰ ਰੋਜ਼ਾ ਵਿਸਾਖੀ ਮੇਲਾ ਅੱਜ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇੇਠ ਕੱਢੇ ਗਏ ਮਹੱਲੇ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਵੱਡੀ ਗਿਣਤੀ ਸੰਗਤ ਨੇ ਤਖ਼ਤ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਚਾਰ ਦਿਨ ਚੱਲੇ ਇਸ ਮੇਲੇ ਦੌਰਾਨ ਪੰਜ ਪਿਆਰਿਆਂ ਅਤੇ ਬੁੱਢਾ ਦਲ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਗਿਆ। ਮੇਲੇ ਦੇ ਆਖ਼ਰੀ ਦਿਨ ਅੱਜ ਨਿਹੰਗ ਸਿੰਘਾਂ ਨੇ ਮਹੱਲਾ ਕੱਢਿਆ ਤੇ ਗਤਕਾ ਖੇਡਿਆ। ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਮਹੱਲੇ ਦੀ ਵਧਾਈ ਦਿੱਤੀ। ਬੁੱਢਾ ਦਲ ਨੇ ਸਵੇਰੇ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਤੇ ਮਗਰੋਂ ਧਾਰਮਿਕ ਸਮਾਗਮ ਕੀਤਾ।

ਬਾਅਦ ਦੁਪਹਿਰ ਨੀਲੇ ਬਾਣਿਆਂ ਵਿੱਚ ਸਜੀਆਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਪਹਿਲਾਂ ਸ਼ਿੰਗਾਰੇ ਹੋਏ ਘੋੜਿਆਂ ’ਤੇ ਸਵਾਰ ਹੋ ਕੇ ਨਿਹੰਗ ਸਿੰਘਾਂ ਦੀ ਮੁੱਖ ਛਾਉਣੀ ਗੁਰਦੁਆਰਾ ਦੇਗਸਰ ਬੇਰ ਸਾਹਿਬ ਇਕੱਠੀਆਂ ਹੋਈਆਂ। ਇੱਥੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਅਰਦਾਸ ਕਰਨ ਮਗਰੋਂ ਨਿਹੰਗ ਸਿੰਘ ਨਗਾਰਿਆਂ ਦੀ ਚੋਟ ਅਤੇ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਤਖ਼ਤ ਸਾਹਿਬ ਵੱਲ ਰਵਾਨਾ ਹੋਏ। ਤਖ਼ਤ ਸਾਹਿਬ ਦੀ ਪਰਿਕਰਮਾ ਕਰਕੇ ਅਤੇ ਇਤਿਹਾਸਕ ਗੁਰਦੁਆਰਾ ਮਹੱਲਸਰ ਵਿਖੇ ਮੱਥਾ ਟੇਕ ਕੇ ਸਥਾਨਕ ਬੱਸ ਅੱਡੇ ਕੋਲ ਖੁੱਲ੍ਹੇ ਮੈਦਾਨ ਵਿੱਚ ਪਹੁੰਚ ਕੇ ਨਿਹੰਗ ਸਿੰਘਾਂ ਨੇ ਦੋ, ਤਿੰਨ, ਚਾਰ, ਪੰਜ ਅਤੇ ਛੇ ਘੋੜਿਆਂ ਦੀ ਘੋੜ ਸਵਾਰੀ, ਕਿੱਲਾ ਪੁੱਟਣ ਅਤੇ ਗਤਕੇ ਦੇ ਜੌਹਰ ਦਿਖਾਏ। ਬਾਬਾ ਬਲਬੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਸੁਰੱਖਿਆ ਵਜੋਂ ਬਾਬਾ ਬਲਬੀਰ ਸਿੰਘ ਬਖ਼ਤਰਬੰਦ ਗੱਡੀ ’ਚ ਪਹੁੰਚੇ

ਬੀਤੇ ਦਿਨੀਂ ਦਿੱਲੀ ਪੁਲੀਸ ਨੇ ਬਾਬਾ ਬਲਬੀਰ ਸਿੰਘ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਉਣ ਦੇ ਕਥਿਤ ਦੋਸ਼ ਹੇਠ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਲਈ ਪੁਲੀਸ ਨੇ ਅੱਜ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਬਾਬਾ ਬਲਬੀਰ ਸਿੰਘ ਇਸ ਵਾਰ ਖੁੱਲ੍ਹੀ ਗੱਡੀ ਵਿੱਚ ਆਉਣ ਦੀ ਥਾਂ ਬਖ਼ਤਰਬੰਦ ਗੱਡੀ ਵਿੱਚ ਸਵਾਰ ਹੋ ਕੇ ਮਹੱਲੇ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *