ਅਕਾਲੀ ਆਗੂ ਦਾ ਕਤਲ

ਫ਼ਰੀਦਕੋਟ: ਗੁਰੂ ਹਰਸਹਾਏ ਦੇ ਨੇੜਲੇ ਪਿੰਡ ਚੱਕ ਪੰਜੇ ਕੇ ਉਤਾੜ ਵਿੱਚ ਦੇਰ ਸ਼ਾਮ ਪਿੰਡ ਦੇ ਅਕਾਲੀ ਆਗੂ ਮਹਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲੇ ਵਿੱਚ ਉਸ ਦਾ 15 ਸਾਲ ਦਾ ਲੜਕਾ ਗੁਰਚਰਨ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਅਕਾਲੀ ਆਗੂ ਵਰਦੇਵ ਸਿੰਘ ਨੌਨੀ ਮਾਨ ਨੇ ਕਿਹਾ ਕਿ ਇਹ ਕਤਲ ਕਾਂਗਰਸੀਆਂ ਵੱਲੋਂ ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਗੁਰੂ ਹਰਸਹਾਏ ਪੁਲੀਸ ਨੇ ਇਸ ਮਾਮਲੇ ’ਚ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਅਤੇ ਛੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਸਰਗਰਮ ਵਰਕਰ ਹੋਣ ਕਰਕੇ ਪੁਲੀਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ। ਇਸ ਮਗਰੋਂ ਅਕਾਲੀ ਦਲ ਦੇ ਵਰਕਰਾਂ ਨੇ ਬੱਤੀਆਂ ਵਾਲੇ ਚੌਕ ਵਿੱਚ ਰੋਸ ਧਰਨਾ ਦਿੱਤਾ। ਫਿਰੋਜ਼ਪੁਰ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪੁਲੀਸ ਕਸੂਰਵਾਰਾਂ ਖਿਲਾਫ਼ ਬਣਦੀ ਕਾਰਵਾਈ ਕਰ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਆਪਸ ’ਚ ਕਰੀਬੀ ਰਿਸ਼ਤੇਦਾਰ ਹਨ ਅਤੇ ਉਨ੍ਹਾਂ ’ਚ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ’ਤੇ ਵੀ ਹਮਲਾ ਹੋਇਆ ਸੀ।

Leave a Reply

Your email address will not be published. Required fields are marked *