ਲੰਗਾਹ ਵੱਲੋਂ ਪੰਥ ’ਚ ਵਾਪਸੀ ਲਈ ਚਾਰਾਜੋਈ ਸ਼ੁਰੂ

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਇਕ ਵਾਰ ਮੁੜ ਪੰਥ ਵਿਚ ਵਾਪਸੀ ਲਈ ਚਾਰਾਜੋਈ ਸ਼ੁਰੂ ਕੀਤੀ ਹੈ ਅਤੇ ਹੁਣ ਉਹ ਰੋਜ਼ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਉਹ ਪਿਛਲੇ ਤਿੰਨ ਦਿਨਾਂ ਤੋਂ ਰੋਜ਼ ਹੀ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਵਿਖੇੇ ਮੱਥਾ ਟੇਕ ਕੇ ਚੱਲ ਰਹੀ ਢਾਡੀ ਸਭਾ ਵਿਚ ਬੈਠ ਜਾਂਦੇ ਹਨ। ਕੁਝ ਦੇਰ ਬੈਠਣ ਮਗਰੋਂ ਚੁੱਪਚਾਪ ਪਰਤ ਜਾਂਦੇ ਹਨ। ਫਿਲਹਾਲ ਉਨ੍ਹਾਂ ਪੰਥ ਵਿਚ ਵਾਪਸੀ ਵਾਸਤੇ ਸ੍ਰੀ ਅਕਾਲ ਤਖ਼ਤ ’ਤੇ ਕੋਈ ਨਵੀਂ ਅਪੀਲ ਨਹੀਂ ਭੇਜੀ ਹੈ ਪਰ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਉਹ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥ ਵਿਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਜੋ ਸਿਆਸਤ ਵਿਚ ਵੀ ਵਾਪਸੀ ਹੋ ਸਕੇ। ਉਨ੍ਹਾਂ ਦੇ ਨੇੜਲੇ ਸੂਤਰਾਂ ਮੁਤਾਬਕ ਉਹ ਹੁਣ ਰੋਜ਼ ਗੁਰੂ ਚਰਨਾਂ ਵਿਚ ਪੰਥ ਵਾਪਸੀ ਦੀ ਅਰਦਾਸ ਕਰਨ ਲਈ ਆਉਂਦੇ ਹਨ ਕਿਉਂਕਿ ਹੁਣ ਉਨ੍ਹਾਂ ਨੇ ਗੁਰੂ ’ਤੇ ਟੇਕ ਰੱਖੀ ਹੈ। ਉਹ ਇਸ ਤੋਂ ਪਹਿਲਾਂ ਕਈ ਵਾਰ ਭੁੱਲ ਬਖ਼ਸ਼ਾਉਣ ਲਈ ਅਤੇ ਪੰਥ ਵਿਚ ਵਾਪਸੀ ਲਈ ਪੱਤਰ ਦੇ ਚੁੱਕੇ ਹਨ। ਉਨ੍ਹਾਂ ਵਲੋਂ ਆਪਣੇ ਤੌਰ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਗੁਰਦੁਆਰੇ ਵਿਚ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਸੁਧਾਈ ਲਈ ਤਨਖਾਹ ਵੀ ਲਵਾਈ ਗਈ ਸੀ ਪਰ ਇਸ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨੋਟਿਸ ਲਿਆ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਸਬੰਧਤ ਗੁਰਦੁਆਰੇ ਦੇ ਮੈਨੇਜਰ ਤੇ ਹੋਰ ਅਮਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਸੀ ਜਦਕਿ ਸ੍ਰੀ ਅਕਾਲ ਤਖ਼ਤ ਵਲੋਂ ਇਸ ਮਾਮਲੇ ਵਿਚ ਤਿੰਨ ਸਿੱਖ ਆਗੂਆਂ ਨੂੰ ਤਨਖਾਹ ਲਾਈ ਗਈ ਸੀ। ਸਾਬਕਾ ਅਕਾਲੀ ਆਗੂ ਦੀ ਕੁਝ ਵਰ੍ਹੇ ਪਹਿਲਾਂ ਇਕ ਔਰਤ ਨਾਲ ਇਤਰਾਜ਼ਯੋਗ ਹਾਲਾਤਾਂ ਵਿਚ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਵਲੋਂ ਉਸ ਨੂੰ ਬਜਰ ਕੁਰਹਿਤ ਦੇ ਦੋਸ਼ ਹੇਠ ਪੰਥ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਉਹ ਭਾਵੇਂ ਅਦਾਲਤ ਵਿਚੋਂ ਬਰੀ ਹੋ ਚੁੱਕੇ ਹਨ ਪਰ ਸ੍ਰੀ ਅਕਾਲ ਤਖਤ ਵਲੋਂ ਹੁਣ ਤੱਕ ਲੰਗਾਹ ਨੂੰ ਮੁਆਫ਼ੀ ਨਹੀਂ ਦਿੱਤੀ ਗਈ ਹੈ। 

Leave a Reply

Your email address will not be published. Required fields are marked *