ਚੀਫ ਖਾਲਸਾ ਦੀਵਾਨ ਦੇ ਅਦਾਰਿਆਂ ’ਚ ਚੱਢਾ ਦੇ ਆਉਣ ’ਤੇ ਪਾਬੰਦੀ

Former CKD president Charanjit Singh Chadha

ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਦੌਰਾਨ ਅੱਜ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਦਫ਼ਤਰ ਅਤੇ ਅਦਾਰਿਆਂ ਵਿੱਚ ਆਉਣ ’ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮੀਟਿੰਗ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ 16 ਅਪਰੈਲ ਨੂੰ ਸ੍ਰੀ ਚੱਢਾ ਦੀਵਾਨ ਦੇ ਕੈਂਪਸ ਵਿੱਚ ਆਏ ਸਨ। ਇਸ ਦੀ ਨਿਖੇਧੀ ਕਰਦਿਆਂ ਕਾਰਜਸਾਧਕ ਕਮੇਟੀ ਨੇ ਚੀਫ ਖਾਲਸਾ ਦੀਵਾਨ ਦੇ ਅਦਾਰਿਆਂ ਅਤੇ ਦਫ਼ਤਰ ਵਿੱਚ ਉਨ੍ਹਾਂ ਦੇ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਹੈ। ਇਸ ਦੌਰਾਨ ਚੱਢਾ ਵੱਲੋਂ ਦੀਵਾਨ ਨੂੰ ਦਿੱਤੀ ਗਏ 51 ਹਜ਼ਾਰ ਰੁਪਏ ਵੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਚਰਨਜੀਤ ਸਿੰਘ ਚੱਢਾ ਸੰਸਥਾ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਦੀ ਮਹਿਲਾ ਪ੍ਰਿੰਸੀਪਲ ਨਾਲ ਇਕ ਇਤਰਾਜ਼ਯੋਗ ਵੀਡਿਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਦੀਵਾਨ ਵੱਲੋਂ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਆਉਣ ਬਹਾਨੇ ਉਨ੍ਹਾਂ ਦਾ ਦੀਵਾਨ ਦੇ ਅਦਾਰਿਆਂ ਵਿੱਚ ਦਾਖ਼ਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਨਾਲ ਵਿਦਿਆਰਥੀਆਂ ਦੇ ਮਨਾਂ ’ਤੇ ਮਾੜਾ ਅਸਰ ਪਵੇਗਾ। ਮੀਟਿੰਗ ਵਿੱਚ ਭਾਗ ਸਿੰਘ ਅਣਖੀ, ਸਵਿੰਦਰ ਸਿੰਘ ਕੱਥੂਨੰਗਲ, ਅਜੀਤ ਸਿੰਘ ਬਸਰਾ, ਡਾ ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ, ਹਰਮਿੰਦਰ ਸਿੰਘ, ਰਜਿੰਦਰ ਸਿੰਘ ਮਰਵਾਹਾ, ਅਜਾਇਬ ਸਿੰਘ ਅਭਿਆਸੀ, ਪ੍ਰੋ. ਵਰਿਆਮ ਸਿੰਘ, ਪ੍ਰੋ. ਸੂਬਾ ਸਿੰਘ ਤੇ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅਕਾਲ ਤਖਤ ਵੱਲੋਂ ਚੱਢਾ ’ਤੇ ਲਾਈ ਗਈ ਰੋਕ ਹਟਾ ਦਿੱਤੀ ਗਈ ਹੈ।

Leave a Reply

Your email address will not be published. Required fields are marked *