ਗਰੀਬਾਂ ਦਾ ਮੁਫ਼ਤ ਟੀਕਾਕਰਨ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਗਰੀਬ ਲੋਕਾਂ ਦਾ ਮੁਫ਼ਤ ਟੀਕਾਕਰਨ ਕਰਵਾਏਗੀ ਤੇ ਇਸ ਵਾਸਤੇ ਮੁੱਖ ਮੰਤਰੀ ਰਾਹਤ ਫ਼ੰਡ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਪਹਿਲਾਂ ਕੇਂਦਰ ਸਰਕਾਰ ਤੋਂ ਇਸ ਵਾਸਤੇ ਫ਼ੰਡਾਂ ਦੀ ਮੰਗ ਕੀਤੀ ਸੀ, ਪਰ ਕੇਂਦਰ ਦੇ ਮੱਠੇ ਹੁੰਗਾਰੇ ਮਗਰੋਂ ਪੰਜਾਬ ਸਰਕਾਰ ਨੇ ਅੱਜ ਇਹ ਫੈਸਲਾ ਲਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਸਿਹਤ ਵਿਭਾਗ ਨੂੰ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ ਕੋਵੀਸ਼ੀਲਡ ਦੀਆਂ 30 ਲੱਖ ਖੁਰਾਕਾਂ ਦਾ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਸਪਲਾਈ ਲੈਣ ਲਈ ਭਾਰਤੀ ਸੀਰਮ ਸੰਸਥਾ ਨੂੰ ਤੁਰੰਤ ਵੈਕਸੀਨ ਦੀਆਂ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਲਈ ਵੈਕਸੀਨ ਦੀ ਡਿਲਿਵਰੀ 15 ਮਈ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਦਾ ਮੁਫ਼ਤ ਟੀਕਾਕਰਨ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਤੋਂ ਇਲਾਵਾ ਸੀਐੱਸਆਰ ਫੰਡਾਂ ਦੀ ਵਰਤੋਂ ਵੀ ਕੀਤੀ ਜਾਵੇ। ਈਐੱਸਆਈਸੀ ਯੋਜਨਾ ਵਿੱਚ ਕਵਰ ਕੀਤੇ ਗਏ ਉਦਯੋਗਿਕ ਵਰਕਰਾਂ ਤੇ ਉਸਾਰੀ ਵਰਕਰਾਂ ਲਈ ਉਸਾਰੀ ਵਰਕਰਜ਼ ਭਲਾਈ ਬੋਰਡ ਨੂੰ ਟੀਕਾਕਰਨ ਵਿਚ ਸਹਿਯੋਗ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਜ ਟੀਕਾਕਰਨ ਰਣਨੀਤੀ ਦੀ ਸਮੀਖਿਆ ਕਰਦਿਆਂ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰ ਸਮੂਹ ਨੂੰ 29 ਅਪਰੈਲ ਤੱਕ ਆਪਣੀ ਪਹਿਲੀ ਰਿਪੋਰਟ ਵਿੱਚ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕਾਕਰਨ ਲਈ ਤਰਜੀਹ ਦੇਣ ਸਬੰਧੀ ਰਣਨੀਤੀ ਪੇਸ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੈਪਟਨ ਨੇ ਦੱਸਿਆ ਕਿ ਪੰਜਾਬ ਨੂੰ ਹੁਣ ਤੱਕ ਕੋਵੀਸ਼ੀਲਡ ਦੀਆਂ 29,36,770 ਅਤੇ ਕੋਵੈਕਸੀਨ ਦੀਆਂ 3.34 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ। 22 ਅਪਰੈਲ ਤੱਕ ਟੀਕਿਆਂ ਦੇ ਉਪਲੱਬਧ ਸਟਾਕ ਵਿੱਚੋਂ ਕੋਵੀਸ਼ੀਲਡ ਦੀਆਂ 25.48 ਲੱਖ ਖੁਰਾਕਾਂ ਅਤੇ ਕੋਵੈਕਸੀਨ ਦੀਆਂ 2.64 ਲੱਖ ਖੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਜਦੋਂ ਕਿ ਸੂਬੇ ਕੋਲ ਇਸ ਵੇਲੇ ਕੋਵੀਸ਼ੀਲਡ ਦੀਆਂ 2.81 ਲੱਖ ਅਤੇ ਕੋਵੈਕਸੀਨ ਦੀਆਂ 27,400 ਖੁਰਾਕਾਂ ਹਨ। ਕੇਂਦਰੀ ਸਿਹਤ ਮੰਤਰਾਲੇ ਤੋਂ ਕੋਵੀਸ਼ੀਲਡ ਦੀਆਂ 10 ਲੱਖ ਖੁਰਾਕਾਂ ਦੀ ਵਾਧੂ ਸਪਲਾਈ ਦੀ ਮੰਗ ਵੀ ਕੀਤੀ ਗਈ ਸੀ।

Leave a Reply

Your email address will not be published. Required fields are marked *