ਖੇਤੀ ਕਾਨੂੰਨਾਂ ਦਾ ਪਰਛਾਵਾਂ: ਕੇਂਦਰ ਨੇ ਕਣਕ ਦੀ ਖ਼ਰੀਦ ’ਚ ਹੱਥ ਘੁੱਟਿਆ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਮਗਰੋਂ ਕਣਕ ਦੀ ਸਰਕਾਰੀ ਖ਼ਰੀਦ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਹੈ ਜਦੋਂਕਿ ਪੰਜਾਬ ਨੇ ਕਣਕ ਦੀ ਖ਼ਰੀਦ ’ਚ ਸਮੁੱਚੇ ਦੇਸ਼ ਨੂੰ ਪਿਛਾਂਹ ਛੱਡ ਦਿੱਤਾ ਹੈ। ਬੇਸ਼ੱਕ ਮੱਧ ਪ੍ਰਦੇਸ਼ ਨੇ ਦੇਸ਼ ਭਰ ’ਚੋਂ ਸਭ ਤੋਂ ਜ਼ਿਆਦਾ 135 ਲੱਖ ਮੀਟਰਿਕ ਟਨ ਕਣਕ ਖ਼ਰੀਦ ਦਾ ਟੀਚਾ ਤੈਅ ਕੀਤਾ ਸੀ ਪਰ ਹਾਲੇ ਤੱਕ ਇਸ ਸੂਬੇ ’ਚੋਂ 44.86 ਲੱਖ ਮੀਟਰਿਕ ਟਨ ਕਣਕ ਹੀ ਖ਼ਰੀਦੀ ਗਈ ਹੈ। ਮੱਧ ਪ੍ਰਦੇਸ਼ ਵਿਚ ਕਣਕ ਦੀ ਸਰਕਾਰੀ ਖ਼ਰੀਦ 15 ਮਾਰਚ ਤੋਂ ਸ਼ੁਰੂ ਹੋ ਗਈ ਸੀ ਜਦੋਂਕਿ ਪੰਜਾਬ ਵਿਚ 10 ਅਪਰੈਲ ਤੋਂ ਖ਼ਰੀਦ ਦਾ ਕੰਮ ਚੱਲਿਆ ਸੀ।

ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਦੇਸ਼ ਦੇ ਦਰਜਨ ਸੂਬਿਆਂ ਵਿਚ ਕਣਕ ਖ਼ਰੀਦਣ ਦਾ ਐਕਸ਼ਨ ਪਲਾਨ ਤਿਆਰ ਕੀਤਾ ਸੀ। ਹੁਣ ਤੱਕ ਸਮੁੱਚੇ ਦੇਸ਼ ਵਿਚ 186.57 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਿਸ ’ਚੋਂ 36 ਫ਼ੀਸਦੀ ਇਕੱਲੇ ਪੰਜਾਬ ’ਚੋਂ ਖ਼ਰੀਦ ਹੋਈ ਹੈ। 23 ਅਪਰੈਲ ਤੱਕ ਪੰਜਾਬ ’ਚ 66.80 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਗਈ ਹੈ ਜਦੋਂਕਿ ਹਰਿਆਣਾ ’ਚੋਂ 64.23 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ। ਭਾਰਤੀ ਖ਼ੁਰਾਕ ਨਿਗਮ ਨੇ ਪੰਜਾਬ ’ਚੋਂ 5.15 ਲੱਖ ਅਤੇ ਹਰਿਆਣਾ ਚੋਂ 4.94 ਲੱਖ ਮੀਟਰਿਕ ਟਨ ਫ਼ਸਲ ਖ਼ਰੀਦ ਕੀਤੀ ਹੈ। ਪੰਜਾਬ ਵਿਚ ਵਾਢੀ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ ਜਦੋਂਕਿ ਫ਼ਸਲ ਦੀ ਆਮਦ ਮੰਡੀਆਂ ਵਿੱਚ ਜਾਰੀ ਹੈ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਮਗਰੋਂ ਐਤਕੀਂ ਗੁਜਰਾਤ ’ਚੋਂ ਸਿਰਫ਼ 42 ਹਜ਼ਾਰ ਮੀਟਰਿਕ ਟਨ ਕਣਕ ਖ਼ਰੀਦੀ ਹੈ ਜਦੋਂਕਿ ਗੁਜਰਾਤ ’ਚ 16 ਮਾਰਚ ਤੋਂ ਖ਼ਰੀਦ ਸ਼ੁਰੂ ਹੋਈ ਹੈ। ਦਿੱਲੀ ਵਿਚ ਸਿਰਫ਼ ਦੋ ਹਜ਼ਾਰ ਮੀਟਰਿਕ ਟਨ ਅਤੇ ਉੱਤਰਾਖੰਡ ’ਚੋਂ 41 ਹਜ਼ਾਰ ਮੀਟਰਿਕ ਟਨ ਕਣਕ ਖ਼ਰੀਦ ਕੀਤੀ ਹੈ। ਕੇਂਦਰ ਸਰਕਾਰ ਨੇ ਬਿਹਾਰ ’ਚੋਂ 1 ਲੱਖ ਮੀਟਰਿਕ ਟਨ ਦਾ ਟੀਚਾ ਰੱਖਿਆ ਹੈ। ਉੱਤਰ ਪ੍ਰਦੇਸ਼ ’ਚੋਂ 55 ਲੱਖ ਮੀਟਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਹੈ।

ਉੱਤਰ ਪ੍ਰਦੇਸ਼ ’ਚ 1 ਅਪਰੈਲ ਤੋਂ ਖ਼ਰੀਦ ਸ਼ੁਰੂ ਹੈ ਅਤੇ ਹੁਣ ਤੱਕ ਸਿਰਫ਼ 5.31 ਲੱਖ ਮੀਟਰਿਕ ਟਨ ਖ਼ਰੀਦ ਕੀਤੀ ਗਈ ਹੈ। ਭਾਰਤੀ ਖ਼ੁਰਾਕ ਨਿਗਮ ਨੇ ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚੋਂ ਕਣਕ ਖ਼ਰੀਦਣ ਦਾ ਮਹੂਰਤ ਵੀ ਨਹੀਂ ਕੀਤਾ ਹੈ। ਰਾਜਸਥਾਨ ’ਚੋਂ 22 ਲੱਖ ਮੀਟਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਹੈ ਜਦੋਂਕਿ ਹੁਣ ਤੱਕ 4.39 ਲੱਖ ਮੀਟਰਿਕ ਟਨ ਕਣਕ ਹੀ ਖ਼ਰੀਦੀ ਗਈ ਹੈ। ਮੁੱਖ ਤੌਰ ’ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚੋਂ ਹੀ ਕਣਕ ਖ਼ਰੀਦ ਜਾਣੀ ਹੈ। ਮੱਧ ਪ੍ਰਦੇਸ਼ ਨੂੰ ਐਤਕੀਂ ਪੰਜਾਬ ਤੋਂ ਵੱਧ ਕਣਕ ਦੀ ਆਮਦ ਦਾ ਅਨੁਮਾਨ ਹੈ ਪਰ ਉੱਥੇ ਖ਼ਰੀਦ ਦਾ ਕੰਮ ਮੱਠਾ ਚੱਲ ਰਿਹਾ ਹੈ। ਪੰਜਾਬ ਵਿਚ ਵਾਢੀ ਦਾ ਕੰਮ ਤੇਜ਼ ਚੱਲਿਆ ਹੈ ਅਤੇ ਕਣਕ ਦਾ ਝਾੜ੍ਹ 10 ਤੋਂ 12 ਫ਼ੀਸਦੀ ਘਟਣ ਦੀ ਸੰਭਾਵਨਾ ਹੈ। ਐਤਕੀਂ ਬਾਰਦਾਨੇ ਦੀ ਘਾਟ ਨੇ ਕਾਂਗਰਸ ਸਰਕਾਰ ਦੀ ਸਾਖ ਨੂੰ ਸੱਟ ਮਾਰੀ ਹੈ ਤੇ ਕਿਸਾਨਾਂ ਨੂੰ ਵੀ ਮੰਡੀਆਂ ਵਿੱਚ ਰੁਲਣਾ ਪਿਆ ਹੈ। ਪੰਜਾਬ ’ਚ ਹਾਲੇ ਵੀ 55 ਫ਼ੀਸਦੀ ਫ਼ਸਲ ਮੰਡੀਆਂ ’ਚ ਚੁਕਾਈ ਨੂੰ ਉਡੀਕ ਰਹੀ ਹੈ। 

ਕੇਂਦਰ ਦੀ ਨੀਅਤ ਿਵੱਚ ਖੋਟ: ਬੂਟਾ ਸਿੰਘ

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਖੇਤੀ ਕਾਨੂੰਨਾਂ ਦਾ ਰੰਗ ਤੇ ਕੇਂਦਰ ਸਰਕਾਰ ਦੀ ਨੀਅਤ ਦਿਖਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੇਰ-ਸਵੇਰ ਸਰਕਾਰ ਨੇ ਪੂਰਾ ਪੱਲਾ ਹੀ ਝਾੜ ਦੇਣਾ ਹੈ ਜਿਸ ਕਰ ਕੇ ਕਿਸਾਨ ਨਿਆਂ ਖਾਤਰ ਦਿੱਲੀ ਸਰਹੱਦ ’ਤੇ ਬੈਠੇ ਹਨ।

ਸੁਖਬੀਰ ਬਾਦਲ ਵੱਲੋਂ ਮੰਡੀਆਂ ਦਾ ਦੌਰਾ ਰੱਦ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੌਕਡਾਊਨ ਕਰ ਕੇ ਮੁਹਾਲੀ, ਰੋਪੜ ਅਤੇ ਨਵਾਂ ਸ਼ਹਿਰ ਦੀਆਂ ਮੰਡੀਆਂ ਦਾ ਦੌਰਾ ਰੱਦ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਅਜਿਹਾ ਕਰਨ ਦੀ ਅਪੀਲ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਦੌਰਾ ਰੱਦ ਕੀਤਾ ਗਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿਚ ਦੌਰਾ ਕਰਨਗੇ।

Leave a Reply

Your email address will not be published. Required fields are marked *