ਕੇਂਦਰ ਔਖੀ ਘੜੀ ਵਿਚ ਪੰਜਾਬ ਪ੍ਰਤੀ ਨਜ਼ਰੀਆ ਬਦਲੇ: ਜਾਖੜ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਬਨਿਟ ਮੀਟਿੰਗ ਮਗਰੋਂ ਪੰਜਾਬ ਵਿਚ ਕੋਵਿਡ ਕਾਰਨ ਹਾਲਾਤ ਦੇ ਬੇਕਾਬੂ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਔਖ ਦੀ ਘੜੀ ਵਿਚ ਵੀ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਪ੍ਰਤੀ ਆਪਣਾ ਨਜ਼ਰੀਆ ਬਦਲੇ ਅਤੇ ਪੰਜਾਬ ਨੂੰ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਅਤੇ ਬਠਿੰਡਾ ਜ਼ਿਲ੍ਹੇ ਵਿਚ ਆਕਸੀਜਨ ਖਤਮ ਹੋ ਗਈ ਹੈ। ਉਨ੍ਹਾਂ ਮੁਤਾਬਕ ਕੇਂਦਰ ਵੱਲੋਂ ਇਸ ਵੇਲੇ ਪੰਜਾਬ ਨੂੰ 104 ਟਨ ਆਕਸੀਜਨ ਅਲਾਟ ਕੀਤੀ ਗਈ ਹੈ ਅਤੇ 36 ਟਨ ਸੂਬਾ ਸਰਕਾਰ ਕੋਲ ਖੁਦ ਆਪਣੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ਼ ਇੱਕ ਟਨ ਆਕਸੀਜਨ ਦੀ ਅਲਾਟਮੈਂਟ ਵਿਚ ਵਾਧਾ ਕੀਤਾ ਹੈ। ਪੰਜਾਬ ਨੂੰ 125 ਤੋਂ 150 ਟਨ ਆਕਸੀਜਨ ਦੀ ਘਾਟ ਆ ਰਹੀ ਹੈ। 

ਕੈਬਨਿਟ ਮੀਟਿੰਗ ਵਿਚ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕੋਲ ਰਾਖਵੀਂ ਪਈ ਆਕਸੀਜਨ ਵਿਚ ਮਰੀਜ਼ਾਂ ਵਾਸਤੇ ਪੁੱਜਦੀ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਵੈਕਸੀਨ ਦਾ ਸਿਰਫ਼ ਅੱਜ ਦਾ ਸਟਾਕ ਹੀ ਰਹਿ ਗਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਨੇ ਪੁਰਾਣਾ ਬਾਰਦਾਨਾ ਵਰਤਣ ਲਈ ਪ੍ਰਵਾਨਗੀ ਕਾਫੀ ਲੇਟ ਦਿੱਤੀ ਅਤੇ ਹੁਣ ਮੰਡੀਆਂ ਵਿਚ ਬਾਰਦਾਨੇ ਦੀ ਸਪਲਾਈ ਵਿਚ ਸੁਧਾਰ ਹੋਇਆ ਹੈ।

Leave a Reply

Your email address will not be published. Required fields are marked *