ਇਟਲੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਮਾਨਤੋਵਾ (ਇਟਲੀ) : ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਸੁਜ਼ਾਰਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਗੋਇਤੋ ਦਾ ਰਹਿਣ ਵਾਲਾ 26 ਸਾਲਾ ਪੂਨਮਦੀਪ ਸਿੰਘ ਸ਼ੈਰੀ ਜਦੋਂ ਕਿਸੇ ਕੰਮ ਤੋਂ ਆਪਣੇ ਸਾਥੀ ਫਾਕਿੰਦਰ ਸਿੰਘ (32) ਨਾਲ ਘਰ ਨੂੰ ਪਰਤ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਇਕ ਡੂੰਘੇ ਟੋਏ ਵਿੱਚ ਡਿੱਗ ਗਈ। ਇਸ ਹਾਦਸੇ ਵਿਚ 26 ਸਾਲਾ ਪੂਨਮਦੀਪ ਸਿੰਘ ਸ਼ੈਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੱਡੀ ਚਲਾ ਰਹੇ ਫਾਕਿੰਦਰ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਪੂਨਮਦੀਪ ਸਿੰਘ ਸ਼ੈਰੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਦਾ ਰਹਿਣ ਵਾਲਾ ਸੀ ਜੋ ਪਿਛਲੇ 10 ਸਾਲਾਂ ਤੋਂ ਇਟਲੀ ਦੇ ਮਾਨਤੋਵਾ ਸ਼ਹਿਰ ਵਿੱਚ ਰਹਿ ਰਿਹਾ ਸੀ।

ਇਸ ਬਾਰੇ ਜਸਪਾਲ ਸਿੰਘ ਜੋ ਪੂਨਮਦੀਪ ਦੀ ਲਾਸ਼ ਭਾਰਤ ਭੇਜਣ ਲਈ ਸਾਰੀ ਕਾਰਵਾਈ ਕਰ ਰਿਹਾ ਹੈ, ਨੇ ਦੱਸਿਆ ਕਿ ਉਸ ਦਾ ਇਕ ਭਰਾ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਅਤੇ ਮਾਤਾ ਪਿੰਡ ਮਿਆਣੀ ਰਹਿੰਦੀ ਹੈ ਜਦੋਂਕਿ ਪਿਤਾ ਹਰਭਜਨ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਸ ਦੀ ਇੱਕ ਭੈਣ ਇੰਗਲੈਂਡ ਵਿਚ ਰਹਿ ਰਹੀ ਹੈ ਜੋ ਕਿ ਜਲਦੀ ਹੀ ਇਟਲੀ ਪੁੱਜ ਜਾਵੇਗੀ। ਜਸਪਾਲ ਸਿੰਘ ਨੇ ਦੱਸਿਆ ਕਿ ਕਿ ਮ੍ਰਿਤਕ ਹਾਲੇ ਅਣਵਿਆਹਿਆ ਸੀ ਜੋ ਸ਼ਹਿਰ ਵੈਰੋਨਾ ਵਿੱਚ ਇਕ ਮੀਟ ਵਾਲੀ ਫੈਕਟਰੀ ’ਚ ਕੰਮ ਕਰਦਾ ਸੀ। ਇਸ ਅਣਹੋਣੀ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਸੋਗ ਹੈ।

Leave a Reply

Your email address will not be published. Required fields are marked *