ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸਰਵਣ ਸਿੰਘ ਭੰਗਲਾਂ

ਜਿਵੇਂ-ਜਿਵੇਂ ਸੋਸ਼ਲ ਮੀਡੀਆ ਦੀ ਵਰਤੋਂ ਵਧ ਰਹੀ ਹੈ, ਉਸੇ ਤਰ੍ਹਾਂ ਹੀ ਸ਼ਾਤਿਰ ਕਿਸਮ ਦੇ ਠੱਗ ਨਿੱਤ ਨਵੇਂ-ਨਵੇਂ ਢੰਗ-ਤਰੀਕੇ ਇਜ਼ਾਦ ਕਰ ਕੇ ਖਾਸਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਜਾਲ ‘ਚ ਉਲਝਾ ਕੇ ਠੱਗੀਆਂ ਦਾ ਸ਼ਿਕਾਰ ਬਣਾ ਰਹੇ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ, ਜਦੋਂ ਇਨ੍ਹਾਂ ਠੱਗਾਂ ਦੀਆਂ ਫ਼ਰਜ਼ੀ ਕਾਲਜ਼ ਮੋਬਾਈਲਧਾਰਕਾਂ ਨੂੰ ਨਾ ਆਉਂਦੀਆਂ ਹੋਣ। ਸੂਝਬੂਝ ਰੱਖਣ ਵਾਲੇ ਤਾਂ ਇਨ੍ਹਾਂ ਫ਼ਰਜ਼ੀ ਕਾਲਾਂ ਤੋਂ ਆਪਣਾ ਬਚਾਅ ਕਰ ਲੈਂਦੇ ਹਨ ਪਰ ਭੋਲੇ-ਭਾਲੇ ਲੋਕ ਇਨ੍ਹਾਂ ਦੇ ਝਾਂਸੇ ‘ਚ ਆ ਕੇ ਆਪਣੀ ਮਿਹਨਤ ਦੀ ਕਮਾਈ ਲੁਟਾ ਬੈਠਦੇ ਹਨ ਅਤੇ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਅਹਿਸਾਸ ਹੁੰਦਾ ਹੈ, ਉਦੋਂ ਤੱਕ ਠੱਗ ਆਪਣੇ ਮਨਸੂਬੇ ‘ਚ ਕਾਮਯਾਬ ਹੋ ਕੇ ਅਗਲੇ ਸ਼ਿਕਾਰ ਦੀ ਭਾਲ ‘ਚ ਜੁਟ ਜਾਂਦੇ ਹਨ।

ਫ਼ਰਜ਼ੀ ਕਾਲਾਂ ਨਾਲ ਠੱਗੀ ਮਾਰਨ ਵਾਲੇ ਜ਼ਿਆਦਾਤਰ ਠੱਗ ਅਜਿਹੇ ਨੰਬਰਾਂ ਤੋਂ ਫੋਨ ਕਰਦੇ ਹਨ ਜੋ ਵੇਖਣ ‘ਚ ਵਿਦੇਸ਼ੀ ਮੁਲਕਾਂ ਦੇ ਲਗਦੇ ਹਨ। ਫ਼ਰਜ਼ੀ ਦਸਤਾਵੇਜ਼ਾਂ ’ਤੇ ਹਾਸਲ ਕੀਤੇ ਇਨ੍ਹਾਂ ਨੰਬਰਾਂ ਨਾਲ ਉਹ ਗਾਹਕ ਨੂੰ ਫੋਨ ਕਰ ਕੇ ਤੇ ਉਸ ਸਬੰਧੀ ਮੁਢਲੀ ਜਾਣਕਾਰੀ ਫੇਸਬੁੱਕ ’ਤੇ ਉਕਤ ਨੰਬਰ ਪਾ ਕੇ ਉਸਦੇ ਪ੍ਰੋਫਾਈਲ ਤੋਂ ਹਾਸਲ ਕਰ ਲੈਂਦੇ ਹਨ। ਫ਼ਰਜ਼ੀ ਕਾਲ ਕਰਨ ਵਾਲੇ ਠੱਗ ਫੋਨ ਰਾਹੀਂ ਆਪਣੇ ਸ਼ਿਕਾਰ ਨੂੰ ਦੱਸਦੇ ਹਨ ਕਿ ਤੁਹਾਡੀ ਲੱਖਾਂ ਡਾਲਰ ਦੀ ਲਾਟਰੀ ਲੱਗ ਗਈ ਹੈ ਤੇ ਗਾਹਕ ਕੋਲੋਂ ਉਸਦਾ ਆਧਾਰ ਕਾਰਡ, ਵੋਟਰ ਕਾਰਡ ਤੇ ਬੈਂਕ ਖਾਤੇ ਦੀ ਜਾਣਕਾਰੀ ਲੈ ਲੈਂਦੇ ਹਨ। ਜੇ ਫੋਨ ਸੁਣਨ ਵਾਲਾ ਲਾਟਰੀ ਦਾ ਇਨਾਮ ਹਾਸਲ ਕਰਨ ਦੇ ਚੱਕਰਾਂ ‘ਚ ਉਲਝ ਗਿਆ ਤਾਂ ਵੀ ਠੱਗੀ, ਜੇ ਬੈਂਕ ਖਾਤੇ ਤੇ ਆਧਾਰ ਕਾਰਡ ਦੀ ਜਾਣਕਾਰੀ ਦੇ ਬੈਠਿਆ ਤਾਂ ਵੀ ਉਸ ਨਾਲ ਠੱਗੀ ਵੱਜਣ ਤੋਂ ਕੋਈ ਨਹੀਂ ਰੋਕ ਸਕਦਾ। ਇਨਾਮ ਹਾਸਲ ਕਰਨ ਦੇ ਲਾਲਚ ‘ਚ ਆਏ ਵਿਅਕਤੀ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਜੇ ਇਨਾਮ ਹਾਸਲ ਕਰਨਾ ਹੈ ਤਾਂ ਇਨਾਮ ਦੀ ਰਕਮ ਦਾ 10 ਫੀਸਦੀ ਬਣਦਾ ਟੈਕਸ ਪਹਿਲਾਂ ਚੁਕਾਉਣਾ ਪਵੇਗਾ ਤੇ ਰਕਮ ਜਮ੍ਹਾਂ ਕਰਵਾਉਣ ਲਈ ਬੈਂਕਾਂ ‘ਚ ਖੁਲ੍ਹਵਾਏ ਖਾਤੇ ਵੀ ਫ਼ਰਜ਼ੀ ਦਸਤਾਵੇਜ਼ਾਂ ਵਾਲੇ ਹੁੰਦੇ ਹਨ। ਰਕਮ ਜਮ੍ਹਾਂ ਹੋਣ ਤੋਂ ਬਾਅਦ ਤੁਹਾਡਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਪਹਿਲਾਂ ਹੀ ਹਾਸਲ ਤੁਹਾਡੇਆਂ ਜਾਣਕਾਰੀ ਦੀ ਮਦਦ ਨਾਲ ਇਹ ਨੌਸਰਬਾਜ਼ ਹੈਕਰ ਤੁਹਾਡਾ ਬੈਂਕ ਖਾਤਾ ਵੀ ਖਾਲੀ ਕਰਨ ਨੂੰ ਦੇਰ ਨਹੀਂ ਲਾਉਂਦੇ।

ਇਸ ਤੋਂ ਇਲਾਵਾ ਜੇ ਜੇ ਫੇਸਬੁੱਕ ਜਾਂ ਅਜਿਹੇ ਕਿਸੇ ਹੋਰ ਸੋਸ਼ਲ ਮੀਡੀਆ ਮੰਚ ’ਤੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਦੀਆਂ ਗੋਰੀਆਂ ਦੇ ਨਾਂ ’ਤੇ ਬਣੇ ਪ੍ਰੋਫਾਈਲ ਤੋਂ ਦੋਸਤੀ ਲਈ ਫਰੈਂਡ ਰਿਕੁਐਸਟ ਆਉਂਦੀ ਹੈ ਤਾਂ ਨੌਜਵਾਨ ਨੂੰ ਥੋੜ੍ਹਾ ਚੌਕਸ ਹੋ ਜਾਣਾ ਚਾਹੀਦਾ ਹੈ। ਇਹ ਫ਼ਰਜ਼ੀ ਅਕਾਊਂਟ ਭਾਰਤ ਵਿਚ ਹੀ ਬੈਠੇ ਠੱਗ ਗਰੋਹਾਂ ਵੱਲੋਂ ਚਲਾਏ ਜਾ ਰਹੇ ਹਨ, ਜਿਸ ਵਿਚ ਤਿੰਨ ਜਾਂ ਚਾਰ ਵਿਅਕਤੀਆਂ ਦੇ ਗਰੁੱਪ ‘ਚ ਲੜਕੇ ਤੇ ਲੜਕੀਆਂ ਵੀ ਸ਼ਾਮਿਲ ਹਨ। ਇਹ ਲੜਕੀਆਂ ਆਪਣੇ ਪ੍ਰੋਫਾਈਲ ’ਤੇ ਪੂਰਾ ਸਜਧਜ ਕੇ ਆਪਣੇ ਵਾਲ ਵੀ ਡਾਈ ਨਾਲ ਚਿੱਟੇ ਕਰਕੇ ਬਾਹਰਲੀਆਂ ਗੋਰੀਆਂ ਦਾ ਭੁਲੇਖਾ ਪਾਉਂਦੀਆਂ ਹਨ ਤੇ ਪੱਛਮੀ ਪਹਿਰਾਵੇ ‘ਚ ਸਜ ਕੇ ਆਪਣੀਆਂ ਅੱਧਨੰਗੀਆਂ ਫੋਟੋਆਂ ਆਪਣੇ ਪ੍ਰੋਫਾਈਲ ’ਤੇ ਪਾਉਂਦੀਆਂ ਹਨ। ਨੌਜਵਾਨ ਇਸ ਭੁਲੇਖੇ ‘ਚ ਫਸ ਜਾਂਦੇ ਹਨ ਕਿ ਕੈਨੇਡਾ, ਅਮਰੀਕਾ ਜਾਂ ਲੰਡਨ ਦੀ ਗੋਰੀ ਨਾਲ ਦੋਸਤੀ ਕਰ ਕੇ ਸ਼ਾਇਦ ਉਨ੍ਹਾਂ ਦੀ ਮੁਫ਼ਤ ’ਚ ਬਾਹਰਲੇ ਮੁਲਕ ਜਾਣ ਦੀ ਲਾਟਰੀ ਲੱਗ ਜਾਵੇਗੀ। ਫੇਸਬੁੱਕ ’ਤੇ ਦੋਸਤੀ ਮਗਰੋ ਹੌਲੀ-ਹੌਲੀ ਚੈਟਿੰਗ ਕਰ ਕੇ ਨੌਜਵਾਨ ਦਾ ਭਰੋਸਾ ਜਿੱਤਿਆ ਜਾਂਦਾ ਹੈ ਤੇ ਇਹ ਲੜਕੀਆਂ ਵੀਡੀਉ ਕਾਲ ਕਰ ਕੇ ਹਾਈ-ਫਾਈ ਅੰਗਰੇਜ਼ੀ ਬੋਲ ਕੇ ਆਪਣਾ ਪੂਰਾ ਪ੍ਰਭਾਵ ਬਣਾ ਲੈਂਦੀਆਂ ਹਨ ਤੇ ਆਪਣੇ ਸ਼ਿਕਾਰ ਨੌਜਵਾਨ ਨੂੰ ਇੰਡੀਆ ਆ ਕੇ ਮਿਲਣ ਦੇ ਵਾਅਦੇ ਤੱਕ ਕੀਤੇ ਜਾਂਦੇ ਹਨ। ਛੇਤੀ ਹੀ ਗੱਲਬਾਤ ਹੋਟਲਾਂ ਦੇ ਕਮਰੇ ਬੁੱਕ ਹੋਣ ਤੱਕ ਵੀ ਪੁੱਜ ਜਾਂਦੀ ਹੈ।

ਗੱਲਬਾਤ ਦੇ ਅਗਲੇ ਪੜਾਅ ‘ਚ ਇਹ ਗੋਰੀਆਂ ਆਪਣੇ ਕਰੋੜਪਤੀ ਹੋਣ ਦਾ ਦਾਅਵਾ ਕਰਕੇ ਉਕਤ ਨੌਜਵਾਨਾਂ ਨੂੰ ਆਪਣੇ ਨਾਲ ਬਾਹਰਲੇ ਦੇਸ਼ ਲਿਜਾਣ ਦਾ ਝਾਂਸਾ ਦਿੰਦੀਆਂ ਹਨ। ਇੰਡੀਆ ਆਉਣ ਤੋਂ ਪਹਿਲਾਂ ਇਹ ਨਕਲੀ ਗੋਰੀਆਂ ਤੁਹਾਨੂੰ ਆਪਣੇ ਵੱਲੋਂ ਗਿਫਟ ਦੇਣ ਦਾ ਝਾਂਸਾ ਦੇ ਕੇ ਤੁਹਾਡੇ ਕੋਲੋਂ ਤੁਹਾਡੀਆਂ ਪਹਿਨੀਆਂ ਜਾਣ ਵਾਲੀਆਂ ਪੈਂਟਾਂ ਅਤੇ ਸ਼ਰਟਾਂ ਦੇ ਸਾਇਜ਼, ਤੁਹਾਡੀ ਪਸੰਦ ਦਾ ਮੋਬਾਈਲ, ਲੈਪਟਾਪ, ਗੁੱਟਘੜੀ, ਐਨਕਾਂ, ਬੂਟ ਅਤੇ ਹੋਰ ਵਧੀਆ ਬਰਾਂਡਿਡ ਸਾਮਾਨ ਦੀ ਪਸੰਦ ਪੁੱਛਦੀਆਂ ਹਨ ਅਤੇ ਬਾਅਦ ਵਿਚ ਤੁਹਾਡੇ ਵੱਲੋਂ ਦੱਸੇ ਸਾਮਾਨ ਦੀਆਂ ਖਿੱਚੀਆਂ ਫੋਟੋਆਂ ਤੇ ਨਾਲ ਡਾਲਰਾਂ ਦੀ ਨਕਦੀ ਦੀ ਫੋਟੋ ਤੁਹਾਡੇ ਵਟਸਐਪ ਨੰਬਰ ’ਤੇ ਭੇਜ ਕੇ ਯਕੀਨ ਦਿਵਾਉਂਦੀਆਂ ਹਨ ਕਿ ਤੁਹਾਡੀ ਪਸੰਦ ਦਾ ਸਾਰਾ ਸਾਮਾਨ ਖਰੀਦ ਲਿਆ ਗਿਆ ਹੈ ਤੇ ਇਹ ਸਾਰਾ ਸਾਮਾਨ ਤੇ ਹੋਟਲ ਦੇ ਖਰਚੇ ਲਈ ਡਾਲਰਾਂ ਦੀ ਨਕਦੀ ਅਟੈਚੀ ਵਿਚ ਪੈਕ ਕਰਕੇ ਤੁਹਾਨੂੰ ਪਾਰਸਲ ਰਾਹੀਂ ਭੇਜੀ ਜਾ ਰਹੀ ਹੈ।

ਆਪਣੇ ਸ਼ਿਕਾਰਾਂ ਦਾ ਪੂਰਾ ਭਰੋਸਾ ਜਿੱਤਣ ਲਈ ਠੱਗਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਸਾਰੇ ਮੁਲਕਾਂ ‘ਚ ਸਾਮਾਨ ਭੇਜਣ ਵਾਲੀਆਂ ਵੈਬਸਾਈਟਾਂ ਵੀ ਫ਼ਰਜ਼ੀ ਬਣਾ ਲਈਆਂ ਜਾਂਦੀਆਂ ਹਨ ਜੋ ਮਹਿਜ਼ ਦੋ ਦਿਨਾਂ ‘ਚ ਦੁਨੀਆ ਦੇ ਕਿਸੇ ਵੀ ਮੁਲਕ ‘ਚ ਸਾਮਾਨ ਭੇਜਣ ਦਾ ਦਾਅਵਾ ਕਰਦੀਆਂ ਹਨ। ਬਾਕਾਇਦਾ ਬੁੱਕ ਕੀਤੇ ਪਾਰਸਲ ਦਾ ਬੁਕਿੰਗ ਨੰਬਰ ਵੀ ਤੁਹਾਡੇ ਵਟਸਐਪ ’ਤੇ ਭੇਜਿਆ ਜਾਂਦਾ ਹੈ ਕਿ ਜਦੋਂ ਪਾਰਸਲ ਤੁਹਾਡੇ ਘਰ ਆਵੇਗਾ ਤਾਂ ਇਹ ਬੁਕਿੰਗ ਨੰ. ਕੰਪਨੀ ਤੁਹਾਡੇ ਕੋਲੋਂ ਤਸਦੀਕ ਕਰਨ ਮਗਰੋਂ ਹੀ ਤੁਹਾਨੂੰ ਪਾਰਸਲ ਦੇਵੇਗੀ। ਪੜ੍ਹੇ ਲਿਖੇ ਨੌਜਵਾਨ ਵੀ ਜਦੋਂ ਉਕਤ ਫ਼ਰਜ਼ੀ ਵੈਬਸਾਈਟ ਖੋਲ੍ਹ ਕੇ ਉਸ ਵਿਚ ਪਾਰਸਲ ਦਾ ਬੁਕਿੰਗ ਨੰਬਰ ਭਰਦੇ ਹਨ ਤਾਂ ਅੱਖ ਦੇ ਫੇਰ ਵਿਚ ਹੀ ਸਾਰੀ ਜਾਣਕਾਰੀ ਸਕਰੀਨ ’ਤੇ ਆ ਜਾਂਦੀ ਹੈ ਕਿ ਪਾਰਸਲ ਲੰਡਨ ਤੋਂ ਫਲਾਂ ਵਿਅਕਤੀ ਨੇ ਇੰਡੀਆ ਦੇ ਫਲਾਂ ਬੰਦੇ ਦੇ ਨਾਂਅ ਭੇਜਿਆ ਹੈ।

ਅਗਲੇ ਪੜਾਅ ਵਿਚ ਇਸ ਠੱਗ ਗਰੋਹ ਵੱਲੋਂ ਕਿਸੇ ਲੜਕੀ ਤੋਂ ਅਗਲੇ ਦਿਨ ਫੋਨ ਕਰਵਾਇਆ ਜਾਂਦਾ ਹੈ ਜੋ ਪਾਰਸਲ ਭੇਜਣ ਵਾਲੀ ਕੰਪਨੀ ਦੀ ਅਧਿਕਾਰੀ ਬਣ ਕੇ ਤੁਹਾਡਾ ਪਾਰਸਲ ਦਿੱਲੀ ਜਾਂ ਮੁੰਬਈ ਏਅਰਪੋਰਟ ’ਤੇ ਪੁੱਜਣ ਦੀ ਜਾਣਕਾਰੀ ਦਿੰਦੀ ਹੈ ਅਤੇ ਤੁਹਾਨੂੰ ਕਹਿੰਦੀ ਹੈ ਕਿ ਇਸ ਸਾਮਾਨ ਦੀ ਕਸਟਮ ਡਿਊਟੀ ਕਰੀਬ 30-40 ਹਜ਼ਾਰ ਰੁਪਏ ਬਣ ਗਈ ਹੈ, ਜੋ ਤੁਹਾਨੂੰ ਫਲਾਂ ਖਾਤੇ ਵਿਚ ਜਮ੍ਹਾਂ ਕਰਵਾਉਣੀ ਪਵੇਗੀ। ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਏਅਰਪੋਰਟ ਤੋਂ ਸਾਮਾਨ ਤੁਹਾਡੇ ਘਰ ਭੇਜਿਆ ਜਾਵੇਗਾ।

ਲੱਖਾਂ ਰੁਪਏ ਦਾ ਵਿਦੇਸ਼ੀ ਸਾਮਾਨ ਤੇ ਨਕਦੀ ਹਾਸਲ ਕਰਨ ਦੇ ਲਾਲਚ ਵਿਚ ਸ਼ਿਕਾਰ ਨੌਜਵਾਨ ਝੱਟ ਭੁਗਤਾਨ ਲਈ ਤਿਆਰ ਹੋ ਜਾਂਦਾ ਹੈ। ਕੋਲ ਪੈਸੇ ਨਾ ਹੋਣ ’ਤੇ ਉਧਾਰ ਲੈਣ ਤੋਂ ਵੀ ਨਹੀਂ ਝਿਜਕਦਾ ਕਿ ਪਾਰਸਲ ਰਾਹੀਂ ਮਿਲਣ ਵਾਲੇ ਡਾਲਰਾਂ ਨਾਲ ਉਹ ਉਧਾਰ ਮੋੜ ਦੇਵੇਗਾ। ਇਸ ਤਰਾਂ ਉਹ ਦੱਸੀ ਗਈ ਰਕਮ ਦੱਸੇ ਬੈਂਕ ਖ਼ਾਤੇ ਵਿਚ ਜਮ੍ਹਾਂ ਕਰਵਾ ਬੈਠਦਾ ਹੈ। ਇਸ ਤੋਂ ਬਾਅਦ ਜਦੋਂ ਉਹ ਉਕਤ ਨੰਬਰ ’ਤੇ ਫੋਨ ਕਰਦਾ ਹੈ ਤਾਂ ਉਸਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਜਾਂਦਾ ਹੈ। ਲੋਕ ਲਾਜ ਅਤੇ ਸ਼ਰਮ ਦਾ ਮਾਰਿਆ ਨੌਜਵਾਨ ਆਪਣੇ ਨਾਲ ਹੋਈ ਠੱਗੀ ਬਾਰੇ ਕਿਸੇ ਨੂੰ ਦੱਸਣ ਜੋਗਾ ਨਹੀਂ ਹੁੰਦਾ ਤੇ ਪੁਲੀਸ ਕੋਲ ਵੀ ਸ਼ਿਕਾਇਤ ਲਈ ਨਹੀਂ ਪੁੱਜਦੀ ਕਿਉਂਕਿ ਲੋਕ ਪੁਲੀਸ ਦੇ ਝਮੇਲੇ ‘ਚ ਪੈ ਕੇ ਆਪਣਾ ਹੋਰ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਅਤੇ ਦਿਲ ’ਤੇ ਪੱਥਰ ਰੱਖ ਕੇ ਸਬਰ ਦਾ ਘੁੱਟ ਭਰ ਲੈਂਦੇ ਹਨ ਤੇ ਠੱਗਾਂ ਦੇ ਹੌਂਸਲੇ ਬੁਲੰਦ ਹੁੰਦੇ ਜਾਂਦੇ ਹਨ ਤੇ ਠੱਗੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਰਹਿੰਦਾ ਹੈ।

ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਜਿਹੀਆਂ ਫ਼ਰਜ਼ੀ ਫੋਨ ਕਾਲਜ਼ ਦੇ ਝਾਂਸੇ ਵਿਚ ਹਰਗਿਜ਼ ਨਾ ਆਓ। ਸੋਚੋ ਕਿ ਜਦੋਂ ਤੁਸੀਂ ਕੋਈ ਲਾਟਰੀ ਪਾਈ ਹੀ ਨਹੀਂ ਤਾਂ ਤੁਹਾਨੂੰ ਘਰ ਬੈਠੇ ਕੌਣ ਇਨਾਮ ਦੇਵੇਗਾ। ਕਿਸੇ ਵੀ ਅਜਨਬੀ ਨਾਲ ਫਾਲਤੂ ਗੱਲਬਾਤ ਨਾ ਕਰੋ ਅਤੇ ਨਾ ਕਿਸੇ ਨਾਲ ਆਪਣੇ ਬੈਂਕ ਖਾਤੇ, ਏਟੀਐਮ, ਆਧਾਰ ਕਾਰਡ ਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਜਾਣਕਾਰੀ ਸਾਂਝੀ ਕਰੋ। ਸੋਸ਼ਲ ਮੀਡੀਆ ’ਤੇ ਅਣਜਾਣ ਲੋਕਾਂ ਉਪਰ ਜਲਦੀ ਭਰੋਸਾ ਨਾ ਕਰੋ। ਜੇ ਤੁਹਾਨੂੰ ਕੋਈ ਵੀ ਕੀਮਤੀ ਗਿਫਟ ਜਾਂ ਤੋਹਫੇ ਮੁਫਤ ਭੇਜਣ ਦਾ ਲਾਲਚ ਦੇਵੇ ਤਾਂ ਅਲਰਟ ਹੋ ਜਾਓ ਨਹੀਂ ਤਾਂ ਅਗਲੀ ਠੱਗੀ ਦਾ ਸ਼ਿਕਾਰ ਹੋਣ ਲਈ ਤਿਆਰ ਰਹੋ।

Leave a Reply

Your email address will not be published. Required fields are marked *