ਆਸ਼ੀਰਵਾਦ ਸਕੀਮ ਤਹਿਤ ਸ਼ਗਨ 51 ਹਜ਼ਾਰ ਕਰਨ ਨੂੰ ਮਨਜ਼ੂਰੀ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਅੱਜ ਆਸ਼ੀਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ 60 ਹਜ਼ਾਰ ਲਾਭਪਾਤਰੀਆਂ ਨੂੰ ਫਾਇਦਾ ਹੋਵੇਗਾ ਜਿਸ ਨਾਲ ਸਰਕਾਰੀ ਖ਼ਜ਼ਾਨੇ ’ਤੇ 180 ਕਰੋੜ ਰੁਪਏ ਦਾ ਬੋਝ ਪਵੇਗਾ। ਕਾਂਗਰਸ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਸ਼ੀਰਵਾਦ ਸਕੀਮ ਦੀ ਰਾਸ਼ੀ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ। ਕਰੀਬ ਸਵਾ ਚਾਰ ਵਰ੍ਹਿਆਂ ਮਗਰੋਂ ਅੱਜ ਕੈਬਨਿਟ ਨੇ ਆਸ਼ੀਰਵਾਦ ਸਕੀਮ ਦੀ ਵਿੱਤੀ ਰਾਸ਼ੀ ਵਿਚ ਵਾਧੇ ’ਤੇ ਮੋਹਰ ਲਾਈ ਹੈ। ਉਂਜ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ ਦੋ ਮਹੀਨੇ ਮਗਰੋਂ ਮਿਲਣਾ ਸ਼ੁਰੂ ਹੋਵੇਗਾ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਵਰਚੁਅਲ ਕੈਬਨਿਟ ਮੀਟਿੰਗ ’ਚ ਇਸ ਯੋਜਨਾ ਅਧੀਨ ਸਾਰੇ ਬਕਾਏ ਨਿਪਟਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਜਨਾ ਅਧੀਨ ਇਹ ਤਾਜ਼ਾ ਵਾਧਾ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਯੋਜਨਾ ਅਧੀਨ ਲਾਭ ਪ੍ਰਾਪਤ ਕਰਨ ਲਈ ਸਾਰੇ ਸਰੋਤਾਂ ਤੋਂ ਪਰਿਵਾਰ ਦੀ ਸਾਲਾਨਾ ਆਮਦਨ 32790 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਬਿਨੈਕਾਰ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਵਿਆਹ ਦੀ ਤਰੀਕ ਤੋਂ ਪਹਿਲਾਂ ਜਾਂ ਲੜਕੀ ਦੇ ਵਿਆਹ ਦੇ 30 ਦਿਨਾਂ ਬਾਅਦ ਨਿਰਧਾਰਤ ਪ੍ਰੋਫਾਰਮੇ ਵਿਚ ਬਿਨੈ-ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ। 

ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ’ਚ ਕਣਕ ਦੀ ਖ਼ਰੀਦ ਦਾ ਜਾਇਜ਼ਾ ਲੈਂਦਿਆਂ ਖ਼ਰੀਦ ਏਜੰਸੀਆਂ ਨੂੰ ਲਿਫਟਿੰਗ ਵਿਚ ਤੇਜ਼ੀ ਲਿਆਉਣ ਅਤੇ ਸਿੱਧੀ ਅਦਾਇਗੀ ਦੀ ਨਵੀਂ ਲਾਗੂ ਕੀਤੀ ਪ੍ਰਣਾਲੀ ਰਾਹੀਂ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਮੰਡੀਆਂ ਵਿਚ ਆ ਰਹੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਧਿਰਾਂ ਜੋ 45 ਸਾਲ ਤੋਂ ਵੱਧ ਉਮਰ ਦੇ ਹਨ, ਨੂੰ 145 ਮਾਰਕੀਟ ਕਮੇਟੀਆਂ ਵਿਚ ਲਾਏ ਗਏ ਟੀਕਾਕਾਰਨ ਕੈਂਪਾਂ ਵਿਚ ਕੋਵਿਡ ਤੋਂ ਬਚਾਅ ਦਾ ਟੀਕਾ ਲਵਾਉਣ ਦੀ ਅਪੀਲ ਕੀਤੀ ਹੈ।

ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਹੁਣ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਵੇਲੇ ਕਣਕ ਦੀ ਭਰਾਈ ਲਈ 19.19 ਕਰੋੜ ਥੈਲੇ ਵਰਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਖ਼ਰੀਦ ਏਜੰਸੀਆਂ ਵੱਲੋਂ 30 ਲੱਖ ਨਵੇਂ ਥੈਲੇ (ਐੱਚਡੀਪੀਈ/ਪੀਪੀ ਦੇ ਨਾਲ ਜੂਟ ਬੈਗ) ਰੋਜ਼ਾਨਾ ਪ੍ਰਾਪਤ ਕੀਤੇ ਜਾ ਰਹੇ ਹਨ। ਘੱਟੋ-ਘੱਟ ਸਮਰਥਨ ਮੁੱਲ ਉਤੇ ਖ਼ਰੀਦੀ ਫਸਲ ਦੇ ਭੁਗਤਾਨ      ਲਈ 90 ਫੀਸਦੀ ਦੇ ਰੂਪ ਵਿਚ 14,958 ਕਰੋੜ ਰੁਪਏ ਲਗਭਗ 5 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਅਦਾ ਕੀਤੇ ਜਾ ਚੁੱਕੇ ਹਨ।

  ਪੰਜਾਬ ਵਜ਼ਾਰਤ ਨੇ ਮੀਟਿੰਗ ਦੇ ਸ਼ੁਰੂ ’ਚ ਹੀ ਸਾਬਕਾ ਮੁੱਖ ਸਕੱਤਰ ਵਾਈ ਐੱਸ ਰੱਤੜਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ। ਮੰਤਰੀਆਂ ਨੇ ਸ੍ਰੀ ਰੱਤੜਾ ਵੱਲੋਂ ਪੰਜਾਬ ਦੀ ਕੀਤੀ ਸੇਵਾ ਅਤੇ ਸੂਬੇ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ, ਜਦੋਂ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਾਬਿਲ ਅਫ਼ਸਰ ਤੇ ਵਧੀਆ ਇਨਸਾਨ ਵਜੋਂ ਯਾਦ ਕੀਤਾ। ਮੁੱਖ ਸਕੱਤਰ ਵਿਨੀ ਮਹਾਜਨ ਨੇ ਸ੍ਰੀ ਰੱਤੜਾ ਨੂੰ ਸੱਚਾਈ ਉਤੇ ਪਹਿਰਾ ਦੇਣ ਵਾਲਾ ਇਮਾਨਦਾਰ ਅਫ਼ਸਰ ਦੱਸਿਆ। 

ਅਣ-ਅਧਿਕਾਰਤ ਟੈਲੀਕਾਮ ਟਾਵਰ ਨਿਯਮਤ ਕੀਤੇ

ਕੈਬਨਿਟ ਨੇ 5 ਦਸੰਬਰ, 2013 ਤੋਂ 7 ਦਸੰਬਰ, 2020 ਤੱਕ ਸੂਬੇ ਵਿੱਚ ਸਥਾਪਤ ਕੀਤੇ ਅਣ-ਅਧਿਕਾਰਤ ਸਾਰੇ ਟੈਲੀਕਾਮ ਟਾਵਰਾਂ ਨੂੰ ਨਿਯਮਤ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਮੰਤਰੀ ਮੰਡਲ ਨੇ ਇਸ ਮੰਤਵ ਲਈ 7 ਦਸੰਬਰ, 2020 ਨੂੰ ਜਾਰੀ ਟੈਲੀਕਾਮ ਦਿਸ਼ਾ-ਨਿਰਦੇਸ਼ਾਂ ਦੀ ਧਾਰਾ 2.0 (9) (ਏ) ਦੇ ਉਪਬੰਧਾਂ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਲਿਆ। ਇਹ ਟਾਵਰ ਤਾਂ ਨਿਯਮਤ ਹੋਣਗੇ ਬਸ਼ਰਤੇ 7 ਦਸੰਬਰ, 2020 ਦੇ ਦੂਰਸੰਚਾਰ ਨਿਰਦੇਸ਼ਾਂ ਦੀ ਕਲਾਜ਼ 1.4 (9) (ਏ) ਵਿੱਚ ਦਰਜ ਸ਼ਰਤਾਂ ਨੂੰ ਪੂਰਾ ਕੀਤਾ ਜਾਵੇ ਅਤੇ ਯੱਕਮੁਸ਼ਤ 20,000 ਰੁਪਏ ਦੀ ਅਦਾਇਗੀ ਕੀਤੀ ਜਾਵੇ। ਇਹ ਸਕੀਮ ਛੇ ਮਹੀਨਿਆਂ ਵਾਸਤੇ ਹੈ।

ਭਾਸ਼ਾ ਵਿਭਾਗ ਦੇ ਪੁਨਰਗਠਨ ਨੂੰ ਮਨਜ਼ੂਰੀ

ਪੰਜਾਬ ਵਜ਼ਾਰਤ ਨੇ ਪੁਨਰਗਠਨ ਯੋਜਨਾ ਤਹਿਤ ਭਾਸ਼ਾ ਵਿਭਾਗ ਵਿੱਚ 61 ਗ਼ੈਰ ਜ਼ਰੂਰੀ ਅਸਾਮੀਆਂ ਦੀ ਥਾਂ 13 ਨਵੀਆਂ ਅਸਾਮੀਆਂ ਦੀ ਸਿਰਜਣਾ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰੀ ਮੰਡਲ ਨੇ ਸੇਵਾ ਨਿਯਮਾਂ ਵਿਚ ਸੋਧ ਸਬੰਧੀ ਨੋਟੀਫਿਕੇਸ਼ਨਾਂ ਨੂੰ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ। ਭਾਸ਼ਾ ਵਿਭਾਗ ਵੱਲੋਂ ਤਿਆਰ ਕੀਤੇ ਗਏ ਪੁਨਰਗਠਨ ਪ੍ਰਸਤਾਵ ਨੂੰ ਮੁੱਖ ਸਕੱਤਰ ਦੀ ਅਗਵਾਈ ਹੇਠਲੀ ਅਧਿਕਾਰੀਆਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੈਬਨਿਟ ਵੱਲੋ ਮਨਜ਼ੂਰੀ ਦੇ ਦਿੱਤੀ ਗਈ ਹੈ। 

Leave a Reply

Your email address will not be published. Required fields are marked *