ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਵਧੀ

ਚੰਡੀਗੜ੍ਹ: ਬੇਅਦਬੀ ਕਾਂਡ ਦੇ ਮੁੱਦੇ ’ਤੇ ਕਾਂਗਰਸ ਪਾਰਟੀ ਅੰਦਰ ਸਿਆਸੀ ਖਿੱਚੋਤਾਣ ਲਗਾਤਾਰ ਵਧਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਦਿੱਤੀ ਗਈ ਚੁਣੌਤੀ ਦੇ ਇਕ ਦਿਨ ਮਗਰੋਂ ਹੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਚੰਡੀਗੜ੍ਹ ’ਚ ਹੋਣ ਦੇ ਬਾਵਜੂਦ ਕੈਬਨਿਟ ਮੀਟਿੰਗ ’ਚੋਂ ਗ਼ੈਰ-ਹਾਜ਼ਰ ਰਹੇ। ਮੰਨਿਆ ਜਾ ਰਿਹਾ ਹੈ ਕਿ ਸ੍ਰੀ ਰੰਧਾਵਾ ਦੀ ਬੇਅਦਬੀ ਦੇ ਮਾਮਲੇ ’ਤੇ ਮੁੱਖ ਮੰਤਰੀ ਨਾਲ ਨਾਰਾਜ਼ਗੀ ਦੂਰ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੈਬਨਿਟ ਮੀਟਿੰਗ ਵਿਚ ਸਹਿਕਾਰਤਾ ਮੰਤਰੀ ਨੇ ਕੈਬਨਿਟ ਮੀਟਿੰਗ ਵਿਚ ਬੇਅਦਬੀ ਕਾਂਡ ਬਾਰੇ ਖਰੀਆਂ-ਖਰੀਆਂ ਸੁਣਾਈਆਂ ਸਨ। ਉਨ੍ਹਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਆਪਣਾ ਅਸਤੀਫਾ ਵੀ ਪੇਸ਼ ਕੀਤਾ ਸੀ ਜਿਸ ਨੂੰ ਮੁੱਖ ਮੰਤਰੀ ਨੇ ਨਾਮਨਜ਼ੂਰ ਕਰ ਦਿੱਤਾ ਸੀ। ਸ੍ਰੀ ਰੰਧਾਵਾ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਅਤੇ ਸੁਨੇਹੇ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਉਧਰ ਨਵਜੋਤ ਸਿੱਧੂ ਦੇ ਨੇੜਲੇ ਸਾਥੀ ਅਤੇ ਵਿਧਾਇਕ ਪਰਗਟ ਸਿੰਘ ਨੇ ਵੀ ਕੈਪਟਨ ਖ਼ਿਲਾਫ਼ ਮੁੜ ਮੋਰਚਾ ਖੋਲ੍ਹ ਦਿੱਤਾ ਹੈ।

ਪਰਗਟ ਸਿੰਘ ਨੇ ਕਿਹਾ,‘‘ਮੁੱਖ ਮੰਤਰੀ ਨੂੰ ਸਿੱਧੂ ਨੂੰ ਚੁਣੌਤੀ ਨਹੀਂ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਮਸਲੇ ਦਾ ਕੋਈ ਹੱਲ ਨਹੀਂ ਨਿਕਲਣਾ ਹੈ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਮੀਡੀਆ ’ਚ ਜਾ ਕੇ ਅਨੁਸ਼ਾਸਨਹੀਣਤਾ ਦਿਖਾਈ ਹੈ। ਪਰਗਟ ਨੇ ਦਾਅਵਾ ਕੀਤਾ ਕਿ ਨਵਜੋਤ ਸਿੱਧੂ ਕਾਂਗਰਸ ’ਚ ਹੀ ਰਹਿਣਗੇ ਅਤੇ 2020 ਦੀਆਂ ਚੋਣਾਂ ਪਾਰਟੀ ਤੋਂ ਹੀ ਲੜਨਗੇ। ਕੈਪਟਨ ਨੂੰ ਗ਼ੈਰ-ਕਾਨੂੰਨੀ ਰੇਤਾ-ਬਜਰੀ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਆਖਦਿਆਂ ਉਸ ਨੇ ਕਿਹਾ ਕਿ ਅਮਰਿੰਦਰ ਸਿੰਘ 2017 ਵਾਲਾ ਕੈਪਟਨ ਨਹੀਂ ਰਿਹਾ ਹੈ। ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਅੱਜ ਇਸ ਮਾਮਲੇ ’ਤੇ ਕੋਈ ਟਵੀਟ ਨਹੀਂ ਕੀਤਾ ਹੈ, ਜਦੋਂ ਕਿ ਪਹਿਲਾਂ ਉਹ ਰੋਜ਼ਾਨਾ ਟਵੀਟ ਕਰ ਰਹੇ ਸਨ। ਅੱਜ ਵਿਧਾਇਕ ਪਰਗਟ ਸਿੰਘ ਦੇ ਖੁੱਲ੍ਹ ਕੇ ਬੋਲਣ ਤੋਂ ਇਹੋ ਜਾਪਦਾ ਹੈ ਕਿ ਨਵਜੋਤ ਸਿੱਧੂ ਨੇ ਹੁਣ ਪਰਗਟ ਸਿੰਘ ਨੂੰ ਅੱਗੇ ਕਰ ਦਿੱਤਾ ਹੈ। ਖੁਦ ਨਵਜੋਤ ਸਿੱਧੂ ਫਿਲਹਾਲ ਖਾਮੋਸ਼ ਹੋ ਗਏ ਹਨ ਅਤੇ ਪਰਗਟ ਸਿੰਘ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਤੇ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਸੰਜਮ ਵਿਚ ਰਹਿਣ। ਬੇੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਆਪਸੀ ਲੜਾਈ ਨਾਲ ਲੋਕਾਂ ’ਚ ਗਲਤ ਸੁਨੇਹਾ ਜਾਵੇਗਾ। ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਇਸ ਬਾਰੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

Leave a Reply

Your email address will not be published. Required fields are marked *