ਰਾਜਿੰਦਰਾ ਹਸਪਤਾਲ ’ਚ ਹਰ ਘੰਟੇ ਕਰੋਨਾ ਦੇ ਇਕ ਮਰੀਜ਼ ਦੀ ਹੋ ਰਹੀ ਹੈ ਮੌਤ

ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ ’ਚ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਹਸਪਤਾਲ ’ਚ ਔਸਤਨ ਹਰ ਇੱਕ ਘੰਟੇ ਬਾਅਦ ਕਰੋਨਾ ਤੋਂ ਪੀੜਤ ਇਕ ਮਰੀਜ਼ ਦੀ ਮੌਤ ਹੋ ਰਹੀ ਹੈ। ਉਂਜ ਇਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਗੁਆਂਢੀ ਸੂਬਿਆਂ ਦੇ ਗੰਭੀਰ ਮਰੀਜ਼ ਵੀ ਦਾਖ਼ਲ ਹੋ ਰਹੇ ਹਨ। ਪਿਛਲੇ 24 ਘੰਟਿਆਂ ’ਚ ਇਥੇ 24 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। 

ਵੇਰਵਿਆਂ ਅਨੁਸਾਰ 24 ਮ੍ਰਿਤਕਾਂ ਵਿਚੋਂ ਸਭ ਤੋਂ ਵੱਧ 10 ਮਰੀਜ਼ ਪਟਿਆਲਾ ਜ਼ਿਲ੍ਹੇ  ਨਾਲ ਸਬੰਧਤ ਹਨ। ਬਾਕੀ ਪੰਜ ਜ਼ਿਲ੍ਹਾ ਸੰਗਰੂਰ, ਚਾਰ ਜ਼ਿਲ੍ਹਾ ਮੁਹਾਲੀ, ਇਕ-ਇਕ ਲੁਧਿਆਣਾ, ਬਠਿੰਡਾ, ਨਵਾਂਸ਼ਹਿਰ ਅਤੇ ਮਾਨਸਾ ਨਾਲ ਸਬੰਧਤ ਹਨ। ਇੱਕ ਮਰੀਜ਼ ਗੁਆਂਢੀ ਸੂਬੇ ਹਰਿਆਣਾ ਤੋਂ ਸੀ। ਪਿਛਲੇ ਕੁਝ ਦਿਨਾਂ ਦੇ ਅੰਕੜਿਆਂ ’ਤੇ ਝਾਤੀ ਮਾਰੀ ਜਾਵੇ ਤਾਂ ਮੰਗਲਵਾਰ ਨੂੰ 37, ਦੋ ਦਿਨ ਪਹਿਲਾਂ 31 ਅਤੇ ਤਿੰਨ ਦਿਨ ਪਹਿਲਾਂ 26 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ। 

 ਉਧਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਮੁੜ ਸਪੱਸ਼ਟ ਕੀਤਾ ਕਿ ਰਾਜਿੰਦਰਾ ਹਸਪਤਾਲ ’ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਹੋਈ ਹੈ। ਇਸ ਦੌਰਾਨ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ   ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਕਰੋਨਾ ਮਰੀਜ਼ਾਂ ਵਾਸਤੇ 1100 ਤੋਂ ਵੀ ਵੱਧ ਬੈੱਡਾਂ ਦਾ ਪ੍ਰਬੰਧ ਹੈ। ਹਾਲ ਹੀ ’ਚ ਵੈਂਟੀਲੇਟਰ ਵੀ ਵਧਾਏ ਗਏ ਹਨ ਜਦਕਿ ਕਰੋਨਾ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਦੋ ਦਿਨਾਂ  ਤੋਂ ਫ਼ੌਜ ਦੇ ਜਵਾਨਾਂ ਦੀ ਮਦਦ ਵੀ ਲਈ ਜਾ ਰਹੀ ਹੈ। 

ਕਰੋਨਾ: ਪੰਜਾਬ ’ਚ ਰਿਕਾਰਡ 142 ਮੌਤਾਂ, 6472 ਨਵੇਂ ਕੇਸ

ਚੰਡੀਗੜ੍ਹ: ਸੂਬੇ ’ਚ ਕਰੋਨਾ ਦੀ ਲਾਗ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 142 ਜਣਿਆਂ ਦੀ ਮੌਤ ਹੋ ਗਈ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਸੂਬੇ ਵਿੱਚ ਮੌਤਾਂ ਦੀ ਗਿਣਤੀ ਵਧ ਕੇ 8772 ’ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ’ਚ ਕਰੋਨਾ ਦੇ 6472 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 5272 ਨੂੰ ਠੀਕ ਹੋਣ ਮਗਰੋਂ ਹਸਪਤਾਲਾਂ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਸਰਗਰਮ ਕੇਸਾਂ ਦਾ ਗਿਣਤੀ 53426 ਹੈ, ਜਿਨ੍ਹਾਂ ਵਿੱਚੋਂ 97 ਵੈਂਟੀਲੇਟਰ ਸਪੋਰਟ ’ਤੇ ਹਨ ਤੇ  700 ਦਾ ਆਕਸੀਜਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਗੁਰਦਾਸਪੁਰ ’ਚ 22, ਅੰਮ੍ਰਿਤਸਰ ’ਚ 18, ਸੰਗਰੂਰ ’ਚ 17, ਲੁਧਿਆਣਾ ’ਚ 15, ਮੁਹਾਲੀ ’ਚ 12, ਪਟਿਆਲਾ ’ਚ 10, ਜਲੰਧਰ ’ਚ 8, ਫਿਰੋਜ਼ਪੁਰ ਤੇ ਰੋਪੜ ’ਚ 6-6, ਹੁਸ਼ਿਆਰਪੁਰ ’ਚ 5, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ’ਚ 4-4, ਮਾਨਸਾ, ਤਰਨ ਤਾਰਨ, ਮੁਕਤਸਰ ’ਚ 3-3, ਮੋਗਾ, ਬਰਨਾਲਾ ਤੇ ਪਠਾਨਕੋਟ ’ਚ 1-1 ਵਿਅਕਤੀ ਦੀ ਮੌਤ ਹੋਈ ਹੈ।

Leave a Reply

Your email address will not be published. Required fields are marked *