ਸਿੱਧੀ ਅਦਾਇਗੀ: ਕਮਜ਼ੋਰ ਕਿਸਾਨਾਂ ਲਈ ਬੂਹੇ ਭੇੜਨ ਲੱਗੇ ਆੜ੍ਹਤੀ

ਚੰਡੀਗੜ੍ਹ: ਪੰਜਾਬ ਦੇ ਕਮਜ਼ੋਰ ਕਿਸਾਨਾਂ ਲਈ ਆੜ੍ਹਤੀ ਬੂਹੇ ਬੰਦ ਕਰਨ ਲੱਗੇ ਹਨ। ਜਿਣਸ ਦੀ ਸਿੱਧੀ ਅਦਾਇਗੀ ਮਗਰੋਂ ਕਿਸਾਨਾਂ ਨੂੰ ਅਗਲੀ ਫ਼ਸਲ ਦੀ ਤਿਆਰੀ ਲਈ ਆੜ੍ਹਤੀਆਂ ਤੋਂ ਅਗਾਊਂ ਕਰਜ਼ਾ ਮਿਲਣਾ ਬੰਦ ਹੋਣ ਲੱਗਾ ਹੈ। ਆੜ੍ਹਤੀਆਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦਾ ਪੈਸਾ ਡੁੱਬ ਨਾ ਜਾਵੇ। ਇਸ ਲਈ ਬਹੁਤੇ ਆੜ੍ਹਤੀਆਂ ਵੱਲੋਂ ਕਿਸਾਨਾਂ ਤੋਂ ਅਗਾਊਂ ਚੈੱਕ ਵੀ ਲਏ ਗਏ ਹਨ। ਨਵੇਂ ਹਾਲਾਤ ’ਚ ਆੜ੍ਹਤੀਆਂ ਨੇ ਉਨ੍ਹਾਂ ਕਿਸਾਨਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਦੇ ਸਿਰ ਪਹਿਲਾਂ ਹੀ ਫ਼ਸਲ ਤੋਂ ਦੁੱਗਣਾ ਕਰਜ਼ਾ ਚੜ੍ਹਿਆ ਹੋਇਆ ਹੈ। ਸਿੱਧੀ ਅਦਾਇਗੀ ਦੇ ਇਹ ਨਵੇਂ ਅਸਰ ਵੇਖਣ ਨੂੰ ਮਿਲ ਰਹੇ ਹਨ।

ਵੇਰਵਿਆਂ ਅਨੁਸਾਰ ਪੰਜਾਬ ਭਰ ਵਿੱਚ ਕਰੀਬ 28 ਹਜ਼ਾਰ ਆੜ੍ਹਤੀ ਹਨ ਅਤੇ ਦੋਵੇਂ ਫ਼ਸਲਾਂ ਦਾ ਆੜ੍ਹਤੀਆਂ ਜ਼ਰੀਏ ਕਰੀਬ ਪੰਜਾਹ ਹਜ਼ਾਰ ਕਰੋੜ ਦਾ ਫ਼ਸਲੀ ਕਾਰੋਬਾਰ ਹੁੰਦਾ ਹੈ। ਖੇਤੀ ਕਾਨੂੰਨਾਂ ਮਗਰੋਂ ਕਿਸਾਨਾਂ ਤੇ ਆੜ੍ਹਤੀਆਂ ਦਰਮਿਆਨ ਨੇੜਤਾ ਵਧੀ ਹੈ, ਜਿਸ ਕਰਕੇ ਕਿਧਰੇ ਵੀ ਕੋਈ ਲੈਣ-ਦੇਣ ਦਾ ਰੌਲਾ ਸਾਹਮਣੇ ਨਹੀਂ ਆਇਆ ਹੈ। ਉਂਝ,ਆੜ੍ਹਤੀ ਨਵਾਂ ਕਰਜ਼ਾ ਨਹੀਂ ਦੇ ਰਹੇ ਹਨ। ਖੁਰਾਕ ਅਤੇ ਸਪਲਾਈ ਵਿਭਾਗ ਨੇ ਜੋ ਸਿੱਧੀ ਅਦਾਇਗੀ ਲਈ ਨਵਾਂ ਪੋਰਟਲ ਸ਼ੁਰੂ ਕੀਤਾ ਹੈ, ਉਸ ’ਤੇ ਕਣਕ ਦੇ ਸੀਜ਼ਨ ਦੌਰਾਨ ਕਰੀਬ 15 ਲੱਖ ਕਿਸਾਨ ਰਜਿਸਟਰਡ ਹੋਏ ਹਨ।

ਬਾਘਾ ਪੁਰਾਣਾ ਦਾ ਆੜ੍ਹਤੀ ਰਾਮ ਨਿਵਾਸ ਦੱਸਦਾ ਹੈ ਕਿ ਇਲਾਕੇ ਦੇ 25 ਤੋਂ 30 ਫੀਸਦੀ ਤਾਂ ਐੱਨਆਰਆਈ ਹਨ, ਜੋ ਜ਼ਮੀਨਾਂ ਠੇਕੇ ’ਤੇ ਦਿੰਦੇ ਹਨ ਅਤੇ ਕਰੋਨਾ ਕਰਕੇ ਉਨ੍ਹਾਂ ਨੇ ਐਤਕੀਂ ਵਾਪਸ ਨਹੀਂ ਆਉਣਾ। ਉਸ ਨੇ ਦੱਸਿਆ ਕਿ ਆੜ੍ਹਤੀ ਹੁਣ ਐਡਵਾਂਸ ਦੇਣ ਤੋਂ ਗੁਰੇਜ਼ ਕਰ ਰਹੇ ਹਨ ਕਿਉਂਕਿ ਵਸੂਲੀ ਡੁੱਬਣ ਦਾ ਡਰ ਬਣਿਆ ਹੋਇਆ ਹੈ। ਕਈ ਆੜ੍ਹਤੀ ਕੰਮ ਵੀ ਸਮੇਟਣ ਲੱਗੇ ਹਨ। ਸੂਤਰ ਦੱਸਦੇ ਹਨ ਕਿ ਖਾਸ ਕਰਕੇ ਮਾਲਵੇ ਖ਼ਿੱਤੇ ਵਿੱਚ ਉਨ੍ਹਾਂ ਕਿਸਾਨਾਂ ਤੋਂ ਆੜ੍ਹਤੀਆਂ ਨੇ ਅਗਾਊਂ ਖਾਲੀ ਚੈੱਕ ਲੈ ਲਏ ਸਨ, ਜਿਨ੍ਹਾਂ ਵੱਲ ਜ਼ਿਆਦਾ ਕਰਜ਼ਾ ਖੜ੍ਹਾ ਸੀ।

ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਕਿਸਾਨ ਹਰ ਵਰ੍ਹੇ ਆੜ੍ਹਤੀਆਂ ਤੋਂ ਕਰੀਬ 30 ਹਜ਼ਾਰ ਕਰੋੜ ਦਾ ਫ਼ਸਲੀ ਕਰਜ਼ਾ ਲੈਂਦੇ ਹਨ। ਸੰਗਤ ਮੰਡੀ ਦੇ ਆੜ੍ਹਤੀ ਆਸ਼ੂ ਜਿੰਦਲ ਦਾ ਕਹਿਣਾ ਸੀ ਕਿ ਆੜ੍ਹਤੀਆਂ ਨੇ ਸਿਰਫ਼ ਉਨ੍ਹਾਂ ਕਿਸਾਨਾਂ ਨਾਲ ਕੰਮ ਘਟਾ ਲਿਆ ਹੈ, ਜਿਨ੍ਹਾਂ ਦਾ ਵਿਹਾਰ ਮਾੜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਮ੍ਹਾਂਬੰਦੀ ਵਾਲਾ ਸਿਸਟਮ ਲਾਗੂ ਹੋ ਗਿਆ ਤਾਂ ਵੱਡਾ ਅਸਰ ਪਵੇਗਾ। ਚੇਤੇ ਰਹੇ ਕਿ ਛੋਟੀ ਤੇ ਦਰਮਿਆਨੀ ਕਿਸਾਨੀ ਤਾਂ ਪੂਰੀ ਤਰ੍ਹਾਂ ਆੜ੍ਹਤੀ ’ਤੇ ਨਿਰਭਰ ਹੈ ਕਿਉਂਕਿ ਉਸ ਕੋਲ ਸਮੇਂ-ਸਮੇਂ ’ਤੇ ਛੋਟੀ ਰਾਸ਼ੀ ਲੈਣ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ।

ਰਾਜਪੁਰਾ ’ਚ ਕਰੀਬ 250 ਆੜ੍ਹਤੀ ਹਨ। ਬਿਹਾਰੀ ਲਾਲ ਐਂਡ ਸੰਨਜ਼ ਦੇ ਨਵੀਨ ਕੁਮਾਰ ਨੇ ਦੱਸਿਆ ਕਿ ਨਵੇਂ ਹਾਲਾਤ ’ਚ ਕਈ ਆੜ੍ਹਤੀ ਬਦਲਵੇਂ ਕਾਰੋਬਾਰ ਵੀ ਦੇਖਣ ਲੱਗੇ ਹਨ। ਦੱਸਣਯੋਗ ਹੈ ਕਿ ਫ਼ਸਲੀ ਖਰੀਦ ’ਤੇ ਆੜ੍ਹਤੀਆਂ ਨੂੰ ਢਾਈ ਫੀਸਦੀ ਦਾਮੀ ਮਿਲਦੀ ਹੈ। ਪੰਜਾਬ ਵਿੱਚ ਆੜ੍ਹਤੀਆਂ ਨੂੰ ਦੋਵਾਂ ਫ਼ਸਲਾਂ ’ਤੇ ਕਰੀਬ ਇੱਕ ਹਜ਼ਾਰ ਰੁਪਏ ਦਾ ਕਮਿਸ਼ਨ ਮਿਲਦਾ ਹੈ। ਪਤਾ ਲੱਗਾ ਹੈ ਕਿ ਨਿਹਾਲ ਸਿੰਘ ਵਾਲਾ ਦੇ ਇੱਕ ਆੜ੍ਹਤੀ ਨੇ ਇਸ ਸੀਜ਼ਨ ਤੋਂ ਹੀ ਕੰਮ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਐਤਕੀਂ ਕਿਸਾਨਾਂ ਨੂੰ ਨਵਾਂ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ।

ਰਾਮਪੁਰਾ ਇਲਾਕੇ ਦੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਆੜ੍ਹਤੀ ਤੋਂ ਸਾਉਣੀ ਦੀ ਫ਼ਸਲ ਲਈ ਪੈਸੇ ਮੰਗੇ ਸਨ ਪਰ ਆੜ੍ਹਤੀ ਨੇ ਇਨਕਾਰ ਕਰ ਦਿੱਤਾ ਹੈ।

ਭਦੌੜ ਦੇ ਆੜ੍ਹਤੀ ਕੇਵਲ ਸਿੰਘ ਮਝੈਲ ਨੇ ਦੱਸਿਆ ਕਿ ਕਈ ਸ਼ਹਿਰਾਂ ਵਿੱਚ ਏਦਾਂ ਹੋਇਆ ਹੈ ਪਰ ਭਦੌੜ ਇਲਾਕੇ ’ਚ ਬਹੁਤਾ ਫਰਕ ਨਹੀਂ ਪਿਆ ਹੈ, ਜਿਨ੍ਹਾਂ ਕਿਸਾਨਾਂ ਦਾ ਆੜ੍ਹਤੀਆਂ ਨਾਲ ਲੈਣ ਦੇਣ-ਚੰਗਾ ਹੈ, ਉਨ੍ਹਾਂ ਨੂੰ ਹੁਣ ਵੀ ਪੈਸਾ ਮਿਲ ਰਿਹਾ ਹੈ। ਦੂਸਰੀ ਤਰਫ਼ ਬੈਂਕਾਂ ਨੂੰ ਐਤਕੀਂ ਵਸੂਲੀ ’ਤੇ ਅਸਰ ਪੈਣ ਦਾ ਡਰ ਹੈ ਕਿਉਂਕਿ ਆੜ੍ਹਤੀ ਪਹਿਲਾਂ ਹੀ ਆਪਣੀ ਰਕਮ ਫ਼ਸਲ ’ਚੋਂ ਕੱਟ ਰਹੇ ਹਨ। ਫਾਜ਼ਿਲਕਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਆਖਦੇ ਹਨ ਕਿ ਇਨ੍ਹਾਂ ਦਿਨਾਂ ’ਚ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦੀ ਤਿਆਰੀ ਲਈ ਆੜ੍ਹਤੀ ਤੋਂ ਪੈਸੇ ਦੀ ਲੋੜ ਪੈਂਦੀ ਹੈ, ਜਿਸ ’ਤੇ ਸਿੱਧੀ ਅਦਾਇਗੀ ਹੋਣ ਕਰਕੇ ਅਸਰ ਪਵੇਗਾ।

ਸਿੱਧੀ ਅਦਾਇਗੀ ਦੇ ਵੱਖੋ-ਵੱਖਰੇ ਅਸਰ ਪਏ: ਚੀਮਾ

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਆਖਦੇ ਹਨ ਕਿ ਸਿੱਧੀ ਅਦਾਇਗੀ ਦੇ ਪੰਜਾਬ ਦੇ ਅਲੱਗ-ਅਲੱਗ ਖਿੱਤਿਆਂ ’ਚ ਵੱਖੋ-ਵੱਖਰੇ ਅਸਰ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਸਿਰ ਪਹਿਲਾਂ ਹੀ ਜ਼ਿਆਦਾ ਕਰਜ਼ਾ ਹੈ, ਉਨ੍ਹਾਂ ਨੂੰ ਆੜ੍ਹਤੀ ਨਵਾਂ ਪੈਸਾ ਦੇਣ ਤੋਂ ਹੱਥ ਖਿੱਚ ਰਹੇ ਹਨ, ਜਦੋਂ ਕਿ ਬਾਕੀ ਕਿਸਾਨਾਂ ਨਾਲ ਲੈਣ-ਦੇਣ ਵਿੱਚ ਕੋਈ ਫਰਕ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਜਮ੍ਹਾਂਬੰਦੀ ਵਾਲਾ ਸਿਸਟਮ ਲਾਗੂ ਹੋਣ ਮਗਰੋਂ ਕਈ ਤਰ੍ਹਾਂ ਦਿੱਕਤਾਂ ਸਾਹਮਣੇ ਆਉਣਗੀਆਂ। ਉਨ੍ਹਾਂ ਕਿਹਾ ਕਿ ਸਿੱਧੀ ਅਦਾਇਗੀ ਨੇ ਕਈ ਝਮੇਲੇ ਵੀ ਪੈਦਾ ਕਰ ਦੇਣੇ ਹਨ। 

Leave a Reply

Your email address will not be published. Required fields are marked *