ਭਾਖੜਾ ’ਚੋਂ ਮਿਲੀਆਂ ਰੈਮਡੇਸਿਵਿਰ ਦੀਆਂ ਸੈਂਕੜੇ ਸ਼ੀਸ਼ੀਆਂ

ਚਮਕੌਰ ਸਾਹਿਬ: ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਦੁੱਗਰੀ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਕਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾਂਦੇ ‘ਕੋਵੀਫਾਰ ਰੈਮਡੇਸਿਵਿਰ’ ਦੇ ਟੀਕਿਆਂ ਦੀਆਂ ਬੰਦ ਸੈਂਕੜੇ ਸ਼ੀਸ਼ੀਆਂ ਸਮੇਤ ਸੈਫੋਪੈਰਾਜ਼ੋਨ ਅਤੇ ਹੋਰ ਦਵਾਈਆਂ ਮਿਲੀਆਂ ਹਨ। ਪਿੰਡ ਦੇ ਲੋਕਾਂ ਵੱਲੋਂ ਨਹਿਰ ’ਚ ਰੁੜੀਆਂ ਜਾਂਦੀਆਂ ਦਵਾਈਆਂ ਦੀਆਂ ਇਹ ਸ਼ੀਸ਼ੀਆਂ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਬਾਹਰ ਕੱਢੀਆਂ ਗਈਆਂ। ਦਵਾਈਆਂ ਦੀਆਂ ਇਹ ਸਾਰੀਆਂ ਹੀ ਸ਼ੀਸ਼ੀਆਂ ਸੀਲ ਬੰਦ ਸਨ, ਜਿਨ੍ਹਾਂ ’ਤੇ ਪ੍ਰਤੀ ਟੀਕਾ ਕੀਮਤ 5,400 ਰੁਪਏ ਛਪੀ ਹੋਈ ਹੈ।

ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਇਹ ਦਵਾਈ ਦੀਆਂ ਸ਼ੀਸ਼ੀਆਂ ਜਾਅਲੀ ਹੋਣ ਜੋ ਕਿ ਛਾਪੇ ਦੇ ਡਰੋਂ ਕਿਸੇ ਵਿਅਕਤੀ ਨੇ ਨਹਿਰ ਵਿੱਚ ਸੁੱਟੀਆਂ ਹੋ ਸਕਦੀਆਂ ਹਨ। ਦੂਜੇ ਪਾਸੇ ਨਹਿਰ ਵਿੱਚੋਂ ਭਾਰੀ ਤਾਦਾਦ ਵਿੱਚ ਉਕਤ ਦਵਾਈਆਂ ਦੇ ਮਿਲਣ ’ਤੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਕਿ ਵੱਡੇ ਸ਼ਹਿਰਾਂ ਵਿੱਚ ਜਿਸ ਦਵਾਈ ਦੀ ਕਾਲਾਬਾਜ਼ਾਰੀ ਵੀ ਹੋ ਰਹੀ ਹੈ, ਉਸ ਦੀਆਂ ਸੈਂਕੜੇ ਸ਼ੀਸ਼ੀਆਂ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ, ਉਹ ਕਿਸੇ ਵੱਲੋਂ ਪਾਣੀ ਵਿੱਚ ਕਿਉਂ ਸੁੱਟੀਆਂ ਗਈਆਂ ਹਨ?

ਇਸੇ ਦੌਰਾਨ ਘਟਨਾ ਦਾ ਪਤਾ ਲੱਗਣ ਮਗਰੋਂ ਮੌਕੇ ’ਤੇ ਪੁੱਜੇ ਜ਼ਿਲ੍ਹਾ ਡਰੱਗ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਵਿੱਚੋਂ ਟੀਕਿਆਂ ਸਮੇਤ ਜਿਹੜੀਆਂ ਹੋਰ ਦਵਾਈਆਂ ਮਿਲੀਆਂ ਹਨ, ਉਨ੍ਹਾਂ ਦੀ ਗਿਣਤੀ ਕਰਕੇ ਜਾਂਚ ਕੀਤੀ ਜਾਵੇਗੀ ਕਿ ਇਹ ਦਵਾਈਆਂ ਤੇ ਟੀਕੇ ਅਸਲੀ ਹਨ ਜਾਂ ਨਕਲੀ। ਇਨ੍ਹਾਂ ਦਵਾਈਆਂ ਦੇ ਬੈਚ ਨੰਬਰ ਪਤਾ ਲਗਾ ਕੇ ਬਣਦੀ ਕਾਰਵਾਈ ਕਰਦਿਆਂ ਪੁਲੀਸ ਕੋਲ ਕੇਸ ਦਰਜ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *