ਨਾ ਸੋਨੇ-ਚਾਂਦੀ ਦੇ ਸਿੱਕੇ ਬਣੇ, ਨਾ ਡਾਕ ਟਿਕਟ ਜਾਰੀ ਹੋਈ

ਅੰਮ੍ਰਿਤਸਰ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ, ਡਾਕ ਟਿਕਟ ਤੇ ਡਾਕ ਲਿਫਾਫਾ ਜਾਰੀ ਕਰਨ ਵਿਚ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵੇਂ ਹੀ ਪੱਛੜ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਯਾਦਗਾਰੀ ਸਿੱਕੇ ਅਗਲੇ ਹਫ਼ਤੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਪਹਿਲੀ ਮਈ ਨੂੰ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਗਿਆ। ਕਰੋਨਾ ਕਾਰਨ ਸਮਾਗਮ ਸੰਖੇਪ ਕੀਤੇ ਗਏ ਸਨ। ਸੂਬਾ ਸਰਕਾਰ ਵੱਲੋਂ ਵੀ ਵਰਚੁਅਲ ਤੌਰ ’ਤੇ ਪ੍ਰੋਗਰਾਮ ਕਰਵਾਏ ਹਨ।

ਸ਼ਤਾਬਦੀ ਸਮਾਗਮ ਮੌਕੇ ਕੇਂਦਰ ਸਰਕਾਰ ਯਾਦਗਾਰੀ ਸਿੱਕਾ, ਡਾਕ ਟਿਕਟ ਤੇ ਲਿਫਾਫਾ ਅਤੇ ਸ਼੍ਰੋਮਣੀ ਕਮੇਟੀ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰਨ ਤੋਂ ਪੱਛੜ ਗਏ ਹਨ। ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਕੋਲੋਂ ਯਾਦਗਾਰੀ ਸਿੱਕੇ, ਡਾਕ ਟਿਕਟ ਅਤੇ ਲਿਫਾਫੇ ਲਈ ਪ੍ਰਸਤਾਵਿਤ ਡਿਜ਼ਾਈਨ ਵੀ ਮੰਗਵਾਏ ਗਏ ਸਨ। ਸ਼੍ਰੋਮਣੀ ਕਮੇਟੀ ਨੇ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕਰਕੇ ਇਹ ਡਿਜ਼ਾਈਨ ਤਿਆਰ ਕੀਤਾ ਸੀ, ਜਿਸ ’ਤੇ ਗੁਰਦੁਆਰਾ ਗੁਰੂ ਕੇ ਮਹਿਲ ਦੀ ਤਸਵੀਰ ਅੰਕਿਤ ਕੀਤੀ ਗਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸੋਨੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰਨ ਦੀ ਯੋਜਨਾ ਸੀ ਪਰ ਦੋਵਾਂ ਧਿਰਾਂ ਵੱਲੋਂ ਹੀ ਉਸ ਦਿਨ ਇਹ ਯਾਦਗਾਰੀ ਚੀਜ਼ਾਂ ਜਾਰੀ ਨਹੀਂ ਹੋ ਸਕੀਆਂ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਇਹ ਯਾਦਗਾਰੀ ਸਿੱਕੇ ਦਿੱਲੀ ਤੋਂ ਤਿਆਰ ਕਰਾਏ ਜਾਣੇ ਸਨ, ਜਿਸ ਲਈ ਇਥੋਂ ਸੋਨਾ ਭੇਜਣਾ ਸੀ ਪਰ ਦਿੱਲੀ ਵਿਚ ਤਾਲਾਬੰਦੀ ਹੋਣ ਕਾਰਨ ਇਹ ਕੰਮ ਸਮੇਂ ਸਿਰ ਨਹੀਂ ਹੋ ਸਕਿਆ।

ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਾਏ ਗਏ ਸੋਨੇ ਚਾਂਦੀ ਦੇ ਯਾਦਗਾਰੀ ਸਿੱਕੇ ਅਗਲੇ ਹਫਤੇ ਵਿਚ ਤਿਆਰ ਹੋ ਕੇ ਆ ਜਾਣਗੇ ਅਤੇ ਬਾਅਦ ਵਿਚ ਇਨਾਂ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਯਾਦਗਾਰੀ ਸਿੱਕਿਆਂ ਵਿੱਚ ਸੋਨੇ ਦੇ 10 ਗਰਾਮ, 5 ਗਰਾਮ ਅਤੇ ਢਾਈ ਗਰਾਮ ਦਾ ਸਿੱਕਾ ਹੋਵੇਗਾ। ਇਸੇ ਤਰ੍ਹਾਂ ਚਾਂਦੀ ਦੇ 50 ਗਰਾਮ ਅਤੇ 25 ਗਰਾਮ ਦੇ ਸਿੱਕੇ ਬਣਾਏ ਗਏ ਹਨ। ਯਾਦਗਾਰੀ ਸਿੱਕੇ ਦੇ ਇਕ ਪਾਸੇ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਦੂਜੇ ਪਾਸੇ ਗੁਰਦੁਆਰਾ ਸੀਸਗੰਜ ਦੀ ਤਸਵੀਰ ਅੰਕਿਤ ਹੈ। ਇਸ ਉਪਰ 400 ਸਾਲਾ ਪ੍ਰਕਾਸ਼ ਪੁਰਬ ਵੀ ਅੰਕਿਤ ਕੀਤਾ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਅਜਿਹੇ ਸੋਨੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਸਨ, ਜਿਸ ਪ੍ਰਤੀ ਸ਼ਰਧਾਲੂਆਂ ਨੇ ਭਾਰੀ ਉੁੁੁੁਤਸ਼ਾਹ ਦਿਖਾਇਆ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਇਹ ਯਾਦਗਾਰੀ ਸਿੱਕੇ ਕਈ ਵਾਰ ਤਿਆਰ ਕਰਾਉਣੇ ਪਏ ਸਨ। 

Leave a Reply

Your email address will not be published. Required fields are marked *