ਮਸਨੂਈ ਬੁੱਧੀ

ਡਾ. ਮਨਜੀਤ ਸਿੰਘ ਬੱਲ

ਵਿਗਿਆਨ ਦੀ ਤਰੱਕੀ ਦੀ ਕੋਈ ਇੰਤਹਾ ਨਹੀਂ। ਕੋਈ ਵੀ ਖੇਤਰ ਹੋਵੇ, ਨਿੱਤ ਆਧੁਨਿਕ ਤਕਨੀਕਾਂ ਤੇ ਨਵੀਆਂ ਮਸ਼ੀਨਾਂ ਆ ਰਹੀਆਂ ਹਨ। ‘ਮਸਨੂਈ ਬੁੱਧੀ’ ਵੀ ਇਸੇ ਦਾ ਹੀ ਇਕ ਹਿੱਸਾ ਹੈ। ਇਹ ਕਾਢ ਬਹੁਤੀ ਨਵੀਂ ਨਹੀਂ, ਫਿਰ ਵੀ ਹੁਣ, ਇਸ ਦੀ ਆਮ ਵਰਤੋਂ ਹੋਣ ਕਰਕੇ, ਯਕੀਨ ਨਾ ਕਰਨ ਵਾਲੀਆਂ ਗੱਲਾਂ ’ਤੇ ਵੀ ਯਕੀਨ ਕਰਨਾ ਪੈ ਰਿਹਾ ਹੈ। ਵਿਗਿਆਨ ਦੀਆਂ ਆਧੁਨਿਕ ਤਕਨੀਕਾਂ ਕਰਕੇ ਹੁਣ ਮਸ਼ੀਨਾਂ ਵਿਚ ਵੀ ਮਨੁੱਖਾਂ ਵਰਗੀ ਬੁੱਧੀ ਆ ਗਈ ਹੈ। ਇਸ ਵਿਧੀ ਰਾਹੀਂ ਕੰਪਿਊਟਰ ਤੇ ਮਸ਼ੀਨਾਂ, ਬੁੱਧੀਮਾਨ ਮਨੁੱਖਾਂ ਵਾਂਗੂੰ ਸੋਚ ਵੀ ਸਕਦੇ ਹਨ ਤੇ ਸੋਚਣ ਤੋਂ ਬਾਅਦ ਉਵੇਂ ਹੀ ਕਰਦੇ ਹਨ ਜੋ ਕਰਨਾ ਬਣਦਾ ਹੈ, ਬੱਸ ਇਹਦੇ ਵਿਚ ਡਾਟਾ ਲੋਡ ਕਰਨਾ ਹੁੰਦਾ ਹੈ ਤੇ ਇਹ ਸਭ ਕੁਝ (ਆਪਣੀ ਮੈਮਰੀ ਵਿਚ) ਯਾਦ ਵੀ ਰੱਖਦਾ ਹੈ।

ਅੱਜਕੱਲ੍ਹ ਤਕਰੀਬਨ ਹਰੇਕ ਕੋਲ ਮੋਬਾਈਲ ਫੋਨ ਤੇ ਇੰਟਰਨੈੱਟ ਹੈ ਜਿਸ ਨਾਲ ਵੱਟਸ-ਐਪ, ਫੇਸਬੁੱਕ, ਈ-ਮੇਲ, ਟਵਿੱਟਰ, ਇੰਸਟਾਗ੍ਰਾਮ, ਯੂ-ਟਿਊਬ, ਫਿਲਮਾਂ, ਵੀਡੀਓ ਗੇਮਜ਼, ਬੈਂਕਿੰਗ, ਕੈਬ (ਟੈਕਸੀ), ਬਿੱਲ ਅਦਾਇਗੀ ਤੇ ਹੋਰ ਕਈ ਕੁਝ ਚਲਦਾ ਹੈ। ਜੇਕਰ ਤੁਸੀਂ ਸ਼ਬਦ ਕੀਰਤਨ ਜਾਂ ਧਾਰਮਿਕ ਗੀਤਾਂ ਦੀਆਂ ਵੀਡੀਓ ਵੇਖਦੇ ਹੋ ਤਾਂ ਫੋਨ ਅੰਦਰਲਾ ਕੰਪਿਊਟਰ ਆਪਣੀ ਮੈਮਰੀ ਵਿਚ ਤੁਹਾਡੀ ਪਸੰਦ ਨੂੰ ਯਾਦ ਰੱਖਦਾ ਹੈ ਤੇ ਤੁਹਾਡੇ ਵੱਲੋਂ ਕਮਾਂਡ ਦੇਣ ਤੋਂ ਬਗ਼ੈਰ ਹੀ ਧਾਰਮਿਕ ਕੀਰਤਨ ਦੀ ਵੀਡੀਓ ਖੁੱਲ੍ਹ ਜਾਂਦੀ ਹੈ। ਇਸੇ ਤਰ੍ਹਾਂ ਹੀ ਤੁਹਾਡੀ ਪਸੰਦ ਮੁਤਾਬਿਕ ਸਿਆਸੀ, ਵਿਗਿਆਨਕ, ਪੁਲਾੜ, ਡਾਕਟਰੀ ਖੇਤਰ, ਡਰਾਉਣੀਆਂ ਜਾਂ ਗੰਦੀਆਂ ਫਿਲਮਾਂ ਤੇ ਹੋਰ ਖੇਤਰਾਂ ਸਬੰਧੀ ਵੀਡੀਓ ਮੋਬਾਈਲ ਫੋਨ ’ਤੇ ਖ਼ੁਦ-ਬ-ਖ਼ੁਦ ਖੁੱਲ੍ਹ ਜਾਂਦੀਆਂ ਹਨ। ਇਹ ਸਭ ‘ਮਸਨੂਈ ਬੁੱਧੀ’ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਹੀ ਸੰਭਵ ਹੋ ਰਿਹਾ ਹੈ ਜਿਸ ਸਦਕਾ ਮੋਬਾਈਲ ਫੋਨ ਤੁਹਾਡੀ ਪਸੰਦ ਨੂੰ ਯਾਦ ਰੱਖਣ ਦੇ ਸਮਰੱਥ ਹੋ ਗਿਆ ਹੈ।

ਉਂਜ ‘ਮਸਨੂਈ ਬੁੱਧੀ’ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਪਹਿਲੀ ਵਾਰ 1956 ਵਿਚ ਅਮਰੀਕਾ ’ਚ ਹੈਂਪਸ਼ਾਇਰ ਦੇ ਡਾਰਟਮਾਊਥ ਕਾਲਜ ਵਿਚ ਗਰਮੀਆਂ ਦੇ ਖੋਜ ਪ੍ਰੋਜੈਕਟ ਵਿਚ ਵਿਗਿਆਨੀ ਜੌਹਨ ਮੈਕਾਰਥੀ ਨੇ ਪਹਿਲੀ ਵਾਰ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਲਫ਼ਜ਼ ਵਰਤਿਆ ਸੀ। ਜਿਉਂ ਜਿਉਂ ਕੰਮਪਿਊਟਰ ਵਿਚ ਵਿਕਾਸ ਹੁੰਦਾ ਗਿਆ, ਮਸਨੂਈ ਬੁੱਧੀ ਵੀ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਇਸ ਪੜਾਅ ’ਤੇ ਪੁੱਜ ਗਈ ਹੈ ਕਿ ਰੇਲ ਗੱਡੀਆਂ, ਕਾਰਾਂ ਤੇ ਹੋਰ ਵਾਹਨ ਬਿਨਾਂ ਡਰਾਈਵਰਾਂ ਤੋਂ ਚੱਲਣ ਲੱਗ ਪਏ ਹਨ।

ਕੁਦਰਤ ਦੁਆਰਾ ਮਨੁੱਖਾਂ ਤੇ ਕੁਝ ਹੱਦ ਤੱਕ ਜਾਨਵਰਾਂ ਨੂੰ ਬਖ਼ਸ਼ੀ ਗਈ ਬੁੱਧੀ/ਅਕਲ ਜਾਂ ਵਿਵੇਕ ਤੋਂ ਉਲਟ ਮਸ਼ੀਨਾਂ-ਕੰਪਿਊਟਰਾਂ ਦੁਆਰਾ ਮਸਨੂਈ ਜਾਂ ਨਕਲੀ ਬੁੱਧੀ ਜਿਸ ਵਿਚ ਚੇਤਨਾ ਤੇ ਭਾਵਨਾਵਾਂ ਵੀ ਹੁੰਦੀਆਂ ਹਨ, ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਮਸਨੂਈ ਬੁੱਧੀ ਕਿਹਾ ਜਾਂਦਾ ਹੈ। ਕਈ ਲੋਕਾਂ ਦਾ ਖ਼ਿਆਲ ਹੈ ਕਿ ਇਸੇ ਤਰ੍ਹਾਂ ਮਸਨੂਈ ਬੁੱਧੀ ਦਾ ਵਿਕਾਸ ਹੁੰਦਾ ਰਿਹਾ ਤਾਂ ਇਹ ਮਨੁੱਖਤਾ ਵਾਸਤੇ ਖ਼ਤਰਾ ਸਾਬਤ ਹੋਵੇਗੀ। ਪਰ ਦੂਸਰੇ ਲੋਕ ਸੋਚਦੇ ਹਨ ਕਿ ਤਕਨੀਕੀ ਯੁੱਗ ਵਿਚ ਆਏ ਪਹਿਲੇ ਇਨਕਲਾਬ ਦੇ ਉਲਟ ਆਰਟੀਫੀਸ਼ੀਅਲ ਇੰਟੈਲੀਜੈਂਸ ਪੂਰੀ ਤਰ੍ਹਾਂ ਭਾਰੂ ਹੋ ਜਾਣ ਤੋਂ ਬਾਅਦ ਵੱਡੀ ਗਿਣਤੀ ਵਿਚ ਬੇਕਾਰੀ ਵਧੇਗੀ। ਇੱਕੀਵੀਂ ਸਦੀ ਵਿਚ ਕੰਪਿਊਟਰ ਸ਼ਕਤੀ, ਵਿਸ਼ਾਲ ਡਾਟਾ ਤੇ ਥਿਊਰੀ ਦੀ ਜਾਣਕਾਰੀ ਕਰਕੇ, ਤਕਨੀਕੀ ਸਨਅਤ ਵਿਚ ਮਸਨੂਈ ਬੁੱਧੀ ਦੀ ਅਤਿ ਅਹਿਮ ਲੋੜ ਬਣ ਗਈ ਹੈ ਜਿਸ ਨਾਲ ਕੰਪਿਊਟਰ ਸਾਇੰਸ ਦੀਆਂ ਚੁਣੌਤੀ ਭਰੀਆਂ ਸਮੱਸਿਆਵਾਂ, ਸਾਫਟਵੇਅਰ ਇੰਜਨੀਅਰਿੰਗ ਤੇ ਓਪਰੇਸ਼ਨਜ਼ ਖੋਜ ਦੇ ਕਾਰਜਾਂ ਨੂੰ ਹੱਲ ਕਰਨ ਵਿਚ ਮਦਦ ਮਿਲਦੀ ਹੈ।

ਮਸਨੂਈ ਬੁੱਧੀ, ਕੰਪਿਊਟਰ ਸਾਇੰਸ ਦੀ ਇਕ ਸ਼ਾਖਾ ਹੈ ਜਿਹਦਾ ਟੀਚਾ ਮਸ਼ੀਨਾਂ ਵਿਚ ਬੁੱਧੀ ਜਾਂ ਮਨੁੱਖਾਂ ਵਰਗੀ ਅਕਲ ਭਰਨਾ ਹੈ। ਕੰਪਿਊਟਰ ਨੂੰ ਕਈ ਕੁਝ ਸਿਖਾਇਆ ਜਾਂਦਾ ਹੈ, ਉਹਦੇ ਵਿਚ ਲੋਡ ਕੀਤਾ ਜਾਂਦਾ ਹੈ ਜੋ ਉਹ ਆਪਣੀ ਮੈਮਰੀ ਵਿਚ ਯਾਦ ਰੱਖਦਾ ਹੈ ਜਿਵੇਂ: ਵਿਸ਼ਾਲ ਗਿਆਨ, ਮਸਲਿਆਂ ਦੇ ਹੱਲ ਕੱਢਣਾ, ਦਲੀਲ, ਯੋਜਨਾਬੰਦੀ ਕਰਨਾ, ਜੁਗਾੜ ਲਗਾਉਣੇ ਆਦਿ। ਕੰਪਿਊਟਰ ਵਿਚ ਗਿਆਨ ਇਕੱਠਾ ਕਰਨਾ ਮਸਨੂਈ ਬੁੱਧੀ ਦਾ ਮੁੱਖ ਧੁਰਾ ਹੁੰਦਾ ਹੈ। ਜੇਕਰ ਮਸ਼ੀਨ ਦੇ ਅੰਦਰ ਗਿਆਨ ਦਾ ਵਿਸ਼ਾਲ ਭੰਡਾਰ ਹੋਵੇਗਾ ਤਾਂ ਹੀ ਉਹ ਬੁੱਧੀਮਾਨੀ ਵਾਲਾ ਕੰਮ ਕਰ ਸਕੇਗੀ ਤੇ ਕਿਸੇ ਕੰਮ ਬਾਰੇ ਪ੍ਰਤੀਕਰਮ ਦੇ ਸਕੇਗੀ। ਰੋਬੋਟਿਕਸ, ਮਸਨੂਈ ਬੁੱਧੀ ਨਾਲ ਸਬੰਧਿਤ ਪ੍ਰਮੁੱਖ ਖੇਤਰ ਹੈ। ਰੋਬੋਟ ਵਿਚ ਨੈਵੀਗੇਸ਼ਨ, ਸਥਾਨਕ ਤੇ ਹਿੱਲਣ-ਜੁਲਣ ਸਬੰਧੀ ਯੋਜਨਾਬੰਦੀ ਤੇ ਮੈਪਿੰਗ ਸਮੱਸਿਆਵਾਂ ਬਾਰੇ ਬੁੱਧੀ ਹੋਣੀ ਚਾਹੀਦੀ ਹੈ। ਸਿਹਤ ਖੇਤਰ ਵਿਚ ਮਸਨੂਈ ਬੁੱਧੀ ਦੀਆਂ ਬੇਹੱਦ ਸੰਭਾਵਨਾਵਾਂ ਹਨ। ਸਭ ਤੋਂ ਪਹਿਲਾਂ ਸਾਨੂੰ ਮੈਡੀਕਲ ਤਕਨੀਕੀ ਖ਼ਾਮੀਆਂ ਨੂੰ ਖ਼ਤਮ ਕਰਨਾ ਹੋਵੇਗਾ।

ਸਿਹਤ ਖੇਤਰ ਵਿਚ ਰੋਗਾਂ ਬਾਰੇ ਪਤਾ ਲਗਾਉਣ ਅਤੇ ਇਲਾਜ ਵਾਸਤੇ ਇਹ ਬਹੁਤ ਕਾਰਗਰ ਸਾਬਤ ਹੋ ਰਹੀ ਹੈ ਤੇ ਆਉਣ ਵਾਲੇ ਪੰਜ-ਦਸ ਸਾਲਾਂ ਵਿਚ ਇਲਾਜ ਇਸ ਤਰੀਕੇ ਨਾਲ ਹੋਇਆ ਕਰਨਗੇ ਕਿ ਦਰਦ ਵੀ ਘੱਟ ਤੇ ਖਰਚਾ ਵੀ ਘੱਟ। ਇਸ ਤਕਨੀਕ ਨਾਲ ਸਾਹਮਣੇ ਆਉਣ ਵਾਲੇ ਨਤੀਜੇ ਬਹੁਤ ਹੀ ਤਸੱਲੀਬਖ਼ਸ਼ ਤੇ ਭਰੋਸੇਯੋਗ ਹੋਣਗੇ। ਰੋਬੋਟਿਕ ਸਰਜਰੀ, ਨਿਊਰੋਲੋਜੀ, ਰੇਡੀਓਲੋਜੀ ਤੇ ਡਾਇਗਨੋਸਿਸ (ਪੈਥਾਲੋਜੀ) ਦੇ ਖੇਤਰ ਵਿਚ ਇਹ ਵਿਧੀ ਬਹੁਤ ਹੀ ਕਾਮਯਾਬ ਸਿੱਧ ਹੋ ਰਹੀ ਹੈ। ਰੇਡੀਓਲੋਜੀ ਵਿਸ਼ੇ ਦੀ ਗੱਲ ਕਰੀਏ ਤਾਂ ਅੰਕੜੇ (ਡਾਟਾਬੇਸ), ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਮਿਲ ਕੇ ਮਨੁੱਖੀ ਦਿਮਾਗ਼ ਵਾਂਗ ਕੰਮ ਕਰਦੇ ਹਨ ਤੇ ਕਾਫ਼ੀ ਹੱਦ ਤੱਕ ਸਹੀ ਰਿਪੋਰਟ ਦਿੰਦੇ ਹਨ। ਭਿੰਨ-ਭਿੰਨ ਰੋਗਾਂ ਦੇ ਐਕਸ-ਰੇਅ, ਸੀ.ਟੀ. ਸਕੈਨ (ਕੰਪਿਊਟਡ ਟੋਮੋਗ੍ਰਾਫੀ ਸਕੈਨ) ਜਾਂ ਐਮ.ਆਰ.ਆਈ. (ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ) ਦੀਆਂ ਡਿਜੀਟਲ ਤਸਵੀਰਾਂ ਦਾ ਡਾਟਾਬੇਸ, ਕੰਪਿਊਟਰ ਦੀ ਮੈਮਰੀ ਵਿਚ ਲੋਡ ਕੀਤਾ ਜਾਂਦਾ ਹੈ। ਇਸੇ ਡਾਟਾ ਦੇ ਆਧਾਰ ’ਤੇੇ ਮਸ਼ੀਨ, ਸਹੀ ਡਾਇਗਨੋਸਿਸ ਬਣਾਉਂਦੀ ਹੈ। ਇਸੇ ਤਰ੍ਹਾਂ ਪੈਥਾਲੋਜੀ ਵਿਸ਼ੇ ਵਾਸਤੇ ਵੀ ਮਸ਼ੀਨ ਜਾਂ ਕੰਪਿਊਟਰ ਵਿਚ ਲੋਡ ਕੀਤੀਆਂ ਹੋਈਆਂ ਮਾਈਕ੍ਰੋਸਕੋਪਿਕ ਤਸਵੀਰਾਂ ਦੇ ਅੰਕੜਿਆਂ ਦੇ ਆਧਾਰ ’ਤੇ ਮਸ਼ੀਨ ਯਾਦ ਰੱਖਦੀ ਹੈ ਕਿ ਕੋਈ ਖ਼ਾਸ ਤਸਵੀਰ ਕਿਸ ਬਿਮਾਰੀ ਨਾਲ ਸਬੰਧਤ ਹੈ। ਇਹ ਬੜੀ ਬਾਰੀਕੀ ਨਾਲ ਸੈੱਲ, ਨਿਊਕਲੀਅਸ, ਉਨ੍ਹਾਂ ਦੀ ਤਰਤੀਬ ਤੇ ਤਾਣੇ-ਬਾਣੇ ਨੂੰ ਸਮਝ ਕੇ ਮੈਮਰੀ ਵਿਚ ਭੰਡਾਰ ਕਰ ਲੈਂਦੀ ਹੈ। ਮੈਮਰੀ ਵਾਲੇ ਡਾਟਾਬੇਸ ਦੇ ਹਿਸਾਬ ਨਾਲ ਨਵੇਂ ਮਰੀਜ਼ ਦੀ ਸਲਾਈਡ ਨੂੰ ਪੜ੍ਹ ਕੇ ਮਸ਼ੀਨ ਦੱਸਦੀ ਹੈ ਕਿ ਰੋਗੀ ਦਾ ਡਾਇਗਨੋਸਿਸ ਕੀ ਹੈ। ਇਸੇ ਤਰ੍ਹਾਂ ਦੇ ਡਾਟਾਬੇਸ ਦੇ ਹਿਸਾਬ ਨਾਲ ਹੀ ਕੰਪਿਊਟਰ ਵੱਖ ਵੱਖ ਕਿਸਮਾਂ ਦੇ ਕੈਂਸਰਾਂ ਦੀ ਰਿਪੋਰਟ ਤਿਆਰ ਕਰਦਾ ਹੈ।

ਸੋਸ਼ਲ ਮੀਡੀਆ ’ਤੇ ਫੇਸਬੁੱਕ ਦਾ ਸੀ.ਈ.ਓ. ਮਾਰਕ ਜ਼ੁਕਰਬਰਗ ਕਹਿੰਦਾ ਹੈ, ‘‘ਸੌੜੀ ਸੋਚ ਵਾਲੇ ਕੁਝ ਲੋਕ ਇਸ ਕਾਢ ਬਾਰੇ ਨਿਰਾਰਥਕ ਗ਼ਲਤ ਬੋਲਦੇ ਨੇ, ਮੈਂ ਸਮਝਦਾ ਹਾਂ ਇਹ ਗ਼ਲਤ ਗੱਲ ਹੈ। ਆਉਣ ਵਾਲੇ ਦਸ-ਬਾਰ੍ਹਾਂ ਸਾਲਾਂ ਵਿਚ ਮਸਨੂਈ ਬੁੱਧੀ ਸਾਡੇ ਜੀਵਨ ਨੂੰ ਬਹੁਤ ਸੁਖਾਲਾ ਕਰ ਦੇਵੇਗੀ ਤੇ ਜੀਵਨ ਦੇ ਅੰਦਾਜ਼ ਵਿਚ ਹੋਰ ਵੀ ਸੁਧਾਰ ਆ ਜਾਵੇਗਾ।’’
ਸੰਪਰਕ: 98728-43491

Leave a Reply

Your email address will not be published. Required fields are marked *