ਬਹੁਕਰੋੜੀ ਜ਼ਮੀਨ ਦੇ ਮਾਲ ਰਿਕਾਰਡ ’ਚ ਹੇਰਾਫੇਰੀ ਦਾ ਪਰਦਾਫ਼ਾਸ਼

ਕੁਰਾਲੀ: ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਦੀ ਬਹੁਕਰੋੜੀ ਜ਼ਮੀਨ ਸਬੰਧੀ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਭੂ-ਮਾਫੀਆ ਵੱਲੋਂ ਮਾਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰ ਕੇ ਜ਼ਮੀਨ ’ਤੇ ਕਾਬਜ਼ ਹੋਣ ਦੇ ਇਸ ਘਪਲੇ ਵਿੱਚ ਪੁਲੀਸ ਨੇ ਚਾਰ ਮਾਲ ਅਧਿਕਾਰੀਆਂ ਸਣੇ 11 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਜੁਆਇੰਟ ਸਬ-ਰਜਿਸਟਰਾਰ ਰੁਪਿੰਦਰ ਸਿੰਘ ਮਣਕੂ, ਮਾਲ ਪਟਵਾਰੀ ਦੌਲਤ ਰਾਮ ਤੇ ਇਕਬਾਲ ਸਿੰਘ, ਸ਼ਿਆਮ ਲਾਲ, ਹੰਸ ਰਾਜ, ਰੱਬੀ ਸਿੰਘ ਵਾਸੀਆਨ ਮੁਹਾਲੀ, ਧਰਮ ਪਾਲ ਵਾਸੀ ਅਮਲੋਹ, ਸੁੱਚਾ ਰਾਮ ਵਾਸੀ ਚੰਡੀਗੜ੍ਹ, ਪਰਮਜੀਤ ਸਿੰਘ ਵਾਸੀ ਪਟਿਆਲਾ, ਰਵਿੰਦਰ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਦੇ ਨਾਂ ਸ਼ਾਮਲ ਹਨ। ਇਨ੍ਹਾਂ ’ਚੋਂ ਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੰਸਰਾਜ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਨੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।

ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀਕੇ ਉੱਪਲ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਭੂ-ਮਾਫੀਆ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਪਿੰਡ ਮਾਜਰੀਆਂ ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਤਕਸੀਮ ਦੇ ਇੰਤਕਾਲ ਮੌਕੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰ ਕੇ ਖੇਵਟ ਨੰਬਰਾਂ ’ਚ ਮਲਕੀਅਤ ਤਬਦੀਲ ਕੀਤੀ। ਇਸ ਸਬੰਧੀ ਵਿਜੀਲੈੈਂਸ ਨੇ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਪੜਤਾਲ ਕਰਕ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਜਾਰੀ ਹੈ। ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *