ਕਰੋਨਾਵਾਇਰਸ ਲਈ ਭੰਡੇ ਜਾਣ ਦੇ ਬਾਵਜੂਦ ਪਰਵਾਸੀਆਂ ਨੇ ਦਿਲਾਂ ਦੇ ਬੂਹੇ ਖੋਲ੍ਹੇ

ਟੱਲੇਵਾਲ : ਪੰਜਾਬ ਵਿੱਚ ਕਰੋਨਾਵਾਇਰਸ ਪਹੁੰਚਾਉਣ ਲਈ ਭਾਵੇਂ ਪਰਵਾਸੀ ਪੰਜਾਬੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਦੇ ਦਿਲਾਂ ਦੇ ਦਰਵਾਜ਼ੇ ਆਪਣੇ ਪੰਜਾਬ ਅਤੇ ਪਿੰਡਾਂ ਲਈ ਖੁੱਲ੍ਹੇ ਹਨ। ਇਸ ਵੇਲੇ ਗਿਲੇ ਸ਼ਿਕਵਾ ਕਰਨ ਦੀ ਥਾਂ ਐਨਆਰਆਈਜ਼ ਔਖੀ ਘੜੀ ਵਿੱਚ ਲਗਾਤਾਰ ਮਦਦ ਭੇਜ ਰਹੇ ਹਨ ਜਿਸ ਨਾਲ ਪਿੰਡਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ, ਲੰਗਰ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪਿੰਡ ਜੋਧਪੁਰ ਦੇ ਬੈਲਜੀਅਮ ਰਹਿੰਦੇ ਪਰਗਟ ਸਿੰਘ ਵਲੋਂ ਲੋੜਵੰਦਾਂ ਦੀ ਮਦਦ ਲਈ ਪ੍ਰੈਸ ਕਲੱਬ ਬਰਨਾਲਾ ਨੂੰ 50 ਹਜ਼ਾਰ ਰੁਪਏ ਦੀ ਮਦਦ ਭੇਜੀ ਗਈ ਹੈ। ਕੈਰੇ ਦੇ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਕੈਨੇਡਾ ਦੇ ਵਸਨੀਕ ਰਛਪਾਲ ਸਿੰਘ ਵਲੋਂ ਇਕ ਲੱਖ ਤੋਂ ਵਧੇਰੇ ਰਾਸ਼ੀ ਪੰਚਾਇਤ ਨੂੰ ਭੇਜੀ ਗਈ ਹੈ। ਰਾਮਗੜ੍ਹ ਵਿਚ ਗਰੀਬ ਲੋਕਾਂ ਲਈ ਪੰਚਾਇਤ ਵਲੋਂ ਚਲਾਏ ਜਾ ਰਹੇ ਲੰਗਰ ਵਿੱਚ ਇੱਕ ਐਨਆਰਆਈ ਵਲੋਂ ਯੋਗਦਾਨ ਪਾਇਆ ਗਿਆ ਹੈ। ਨਰਾਇਣਗੜ੍ਹ ਸੋਹੀਆਂ ਦੇ ਲੋੜਵੰਦਾਂ ਦੀ ਮਦਦ ਲਈ ਮੱਖਣ ਸਿੰਘ ਆਸਟਰੇਲੀਆ ਵਲੋਂ ਫ਼ੰਡ ਭੇਜਿਆ ਗਿਆ।
ਇਸੇ ਤਰ੍ਹਾਂ ਪਿੰਡ ਬੀਹਲਾ ਦੀ ਪੰਚਾਇਤ ਵਲੋਂ 12 ਐਨਆਰਆਈਜ਼ ਰਾਹੀਂ ਭੇਜੇ ਫ਼ੰਡ ਨਾਲ ਲਗਾਤਾਰ ਲੰਗਰ ਚਲਾਇਆ ਜਾ ਰਿਹਾ ਹੈ। ਇਥੇ ਰੋਜ਼ਾਨਾ 150 ਦੇ ਕਰੀਬ ਪਰਿਵਾਰਾਂ ਨੂੰ ਲੰਗਰ ਬਣਾ ਕੇ ਵੰਡਿਆ ਜਾਂਦਾ ਹੈ। ਬਖ਼ਤਗੜ੍ਹ ਦੀ ਇੰਗਲੈਂਡ ਦੀ ਵਸਨੀਕ ਸੁਰਿੰਦਰ ਕੌਰ ਧਾਲੀਵਾਲ ਵਲੋਂ ਪਿੰਡ ਦੇ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਪੰਚਾਇਤ ਨੂੰ ਫੰਡ ਭੇਜਿਆ ਗਿਆ ਹੈ। ਟੱਲੇਵਾਲ ਦਾ ਐਨਆਰਆਈ ਸਰਪੰਚ ਹਰਸ਼ਰਨ ਧਾਲੀਵਾਲ ਖ਼ੁਦ ਲੋੜਵੰਦਾਂ ਨੂੰ ਰਾਸ਼ਨ ਵੰਡ ਰਿਹਾ ਹੈ। ਸੱਦੋਵਾਲ ਦੇ ਤਿੰਨ ਐਨਆਰਆਈ ਪਰਿਵਾਰਾਂ ਵਲੋਂ ਪਿੰਡ ਦੇ 160 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਚੀਮਾ ਵਿਚ ਪਰਵਾਸੀ ਪੰਜਾਬੀਆਂ ਵਲੋਂ ਜਿੱਥੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਲਈ ਫੰਡ ਭੇਜਿਆ ਗਿਆ ਉਥੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣ ਲਈ ਮਨੀਲਾ ਦੇ ਵਸਨੀਕ ਹਰਜੀਤ ਸਿੰਘ ਸਿੱਧੂ ਵਲੋਂ ਪੈਸੇ ਭੇਜੇ ਗਏ ਹਨ। ਸਮਾਜ ਸੇਵੀ ਜਸਵੀਰ ਸਿੰਘ ਬੀਹਲਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਸਖ਼ਤ ਮਿਹਨਤ ਨਾਲ ਦੌਲਤ ਅਤੇ ਸ਼ੋਹਰਤ ਖੱਟੀ ਹੈ। ਇਸ ਦੇ ਬਾਵਜੂਦ ਉਹ ਆਪਣੇ ਪਿੰਡਾਂ ਦੇ ਲੋਕਾਂ ਦੀ ਮਦਦ ਕਰਨਾ ਨਹੀਂ ਭੁੱਲੇ।

Leave a Reply

Your email address will not be published. Required fields are marked *