ਵਿਧਾਇਕ ਪਰਗਟ ਸਿੰਘ ਨੇ ਕੈਪਟਨ ਖ਼ਿਲਾਫ਼ ਚੁੱਕੀਆਂ ਬਾਗੀ ਸੁਰਾਂ

ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰ ਛਿੜਿਆ ਗ੍ਰਹਿ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਲੰਧਰ (ਛਾਉਣੀ) ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਿੱਥੇ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ ਉੱਥੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ੍ਰੀਮਤੀ ਗੁਲਾਟੀ ਨੇ ਚੰਨੀ ਵੱਲੋਂ ਸਾਲ 2018 ਵਿੱਚ ਸੂਬੇ ਦੀ ਇੱਕ ਮਹਿਲਾ ਆਈਏਐੱਸ ਅਫ਼ਸਰ ਨੂੰ ਭੇਜੇ ‘ਵਟਸਐਪ’ ਸੰਦੇਸ਼ਾਂ ਦੇ ਮਾਮਲੇ ’ਤੇ ਰਾਜ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਕਾਰਵਾਈ ਕਰਨ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਚੰਡੀਗੜ੍ਹ ਦੇ ਮਟਕਾ ਚੌਕ ਵਿੱਚ ਧਰਨਾ ਦੇਣ ਤੱਕ ਦੀ ਚਿਤਾਵਨੀ ਦਿੱਤੀ ਹੈ। ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦਾ ਘਟਨਾਕ੍ਰਮ ਸਾਹਮਣੇ ਆ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਮੁੱਖ ਮੰਤਰੀ ਦੇ ਧੜੇ ਵੱਲੋਂ ਬਗਾਵਤੀ ਸੁਰਾਂ ਮੱਠੀਆਂ ਕਰਨ ਲਈ ਹਰ ਨੀਤੀ ਦਾ ਸਹਾਰਾ ਲਿਆ ਜਾ ਰਿਹਾ ਹੈ। ਵਿਰੋਧੀ ਧੜਿਆਂ ਵੱਲੋਂ ਵੀ ਸਰਗਮੀਆਂ ’ਚ ਤੇਜ਼ੀ ਲਿਆਂਦੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਅੱਜ ਕਈ ਵਿਧਾਇਕਾਂ ਨੇ ਮੀਟਿੰਗ ਕੀਤੀ ਅਤੇ ਮੁੱਖ ਮੰਤਰੀ ਦੇ ਧੜੇ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣ ਦੀ ਵਿਉਂਤਬੰਦੀ ਕੀਤੀ। ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਸੂਬਾਈ ਮਾਮਲਿਆਂ ਦੇ ਇੰਚਾਰਜ ਥਾਪੇ ਗਏ ਹਰੀਸ਼ ਰਾਵਤ ਵੱਲੋਂ ਦੋਹਾਂ ਧਿਰਾਂ ਨਾਲ ਰਾਬਤਾ ਕਾਇਮ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਪਰਗਟ ਸਿੰਘ ਨੇ ਅੱਜ ਚੰਡੀਗੜ੍ਹ ’ਚ ਮੀਡੀਆ ਦੇ ਸਾਹਮਣੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਬਗਾਵਤੀ ਸੁਰਾਂ ਬੰਦ ਕਰਨ ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹਿਣ। ਵਿਧਾਇਕ ਨੇ ਕਿਹਾ ਕਿ ਜੇਕਰ ਬੇਅਦਬੀ ਮਾਮਲਿਆਂ ’ਤੇ ਲੋਕਾਂ ਨੂੰ ਇਨਸਾਫ਼ ਨਾ ਮਿਲਣ, ਰੇਤ ਦੀ ਨਾਜਾਇਜ਼ ਮਾਈਨਿੰਗ ਹੋਣ, ਸ਼ਰਾਬ ਦੇ ਧੰਦੇ ਦੀ ਕਾਲਾਬਾਜ਼ਾਰੀ ਅਤੇ ਹੋਰਨਾਂ ਜਨਤਕ ਮੁੱਦਿਆਂ ’ਤੇ ਗੱਲ ਕਰਨੀ ਗਲਤ ਹੈ ਤਾਂ ਉਹ ਸਰਕਾਰ ਦੀ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਕਾਂਗਰਸੀ ਵਿਧਾਇਕ ਨੇ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਦੀ ਵੀ ਕਾਰਵਾਈ ਕਰਨ ਦਾ ਵਿਚਾਰ ਰੱਖਦੀ ਹੈ ਉਸ ਦੇ ਲਈ ਜਿਹੜੇ ਮਰਜ਼ੀ ਅਫ਼ਸਰ ਨੂੰ ਭੇਜ ਦੇਵੇ ਜਾਂ ਉਨ੍ਹਾਂ ਨੂੰ ਸੰਦੇਸ਼ ਭੇਜ ਦੇਵੇ ਉਹ ਹਾਜ਼ਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸ਼ਾਂ ’ਚ ਭਵਿੱਖ ਤਲਾਸ਼ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਬਿਹਤਰੀ ਲਈ ਕੁੱਝ ਕਰ ਸਕਦੇ ਹਨ ਤਾਂ ਕਰ ਲੈਣ ਨਹੀਂ ਤਾਂ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਪਰਗਟ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਕੋਈ ਗਲਤੀ ਕੀਤੀ ਹੈ ਤਾਂ ਫਾਈਲ ਨੂੰ ਦੋ ਸਾਲਾਂ ਲਈ ਦੱਬ ਕੇ ਕਿਉਂ ਰੱਖਿਆ ਗਿਆ। ਪਿਛਲੇ ਦਿਨਾਂ ਦੌਰਾਨ ਸਿੱਧੂ, ਮੰਤਰੀ ਰੰਧਾਵਾ, ਚੰਨੀ ਤੇ ਹੋਰਨਾਂ ਵਿਧਾਇਕਾਂ ਦਰਮਿਆਨ ਹੋਈ ਇੱਕ ਗੁਪਤ ਮੀਟਿੰਗ ਤੋਂ ਬਾਅਦ ਮਾਮਲਾ ਅਜਿਹਾ ਭਖਿਆ ਹੈ ਕਿ ਮੁੱਖ ਮੰਤਰੀ ਦਾ ਧੜਾ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੁੱਖ ਮੰਤਰੀ ਦੇ ਧੜੇ ਵੱਲੋਂ ਇਸ ਮੀਟਿੰਗ ਦਾ ਮੁੱਖ ਸੂਤਰਧਾਰ ਪਰਗਟ ਸਿੰਘ ਨੂੰ ਹੀ ਮੰਨਿਆ ਜਾ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੰਤਰੀ ਹੁੰਦਿਆਂ ਤਾਇਨਾਤ ਰਹੇ ਵਿਅਕਤੀਆਂ ਵਿਰੁੱਧ ਵੀ ਵਿਜੀਲੈਂਸ ਦੀ ਸੰਭਾਵੀ ਕਾਰਵਾਈ ਹੋਣ ਦੀਆਂ ਅਫ਼ਵਾਹਾਂ ਦਾ ਦੌਰ ਚੱਲਦਾ ਰਿਹਾ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸਿੱਧੂ ਤੇ ਪਰਗਟ ਜਦੋਂ ਤੱਕ ਸੱਚ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ।

Leave a Reply

Your email address will not be published. Required fields are marked *