ਪੁਲੀਸ ਤੋਂ ਪ੍ਰੇਸ਼ਾਨ ਪਰਿਵਾਰ ਵੱਲੋਂ ਆਤਮਦਾਹ ਦੀ ਕੋਸ਼ਿਸ਼

ਲੁਧਿਆਣਾ: ਪੁਲੀਸ ਕਮਿਸ਼ਨਰ ਦਫ਼ਤਰ ’ਚ ਅੱਜ ਪੁਲੀਸ ਤੋਂ ਪ੍ਰੇਸ਼ਾਨ ਹੋ ਕੇ ਇੱਕ ਵਿਅਕਤੀ ਨੇ ਪਤਨੀ ਅਤੇ ਦੋ ਬੱਚਿਆਂ ਸਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਪੱਤਰਕਾਰਾਂ ਨੇ ਉਸ ਹੱਥੋਂ ਮਾਚਿਸ ਖੋਹ ਲਈ। ਇਹ ਸਾਰੀ ਘਟਨਾ ਪੁਲੀਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਕੁਝ ਸਮੇਂ ਬਾਅਦ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਭੇਜ ਦਿੱਤਾ।

ਪੀੜਤ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਕਾਲੀ ਸੜਕ ’ਤੇ ਇੱਕ ਦੁਕਾਨ ਕਿਰਾਏ ’ਤੇ ਲਈ ਹੋਈ ਹੈ। ਪਿਛਲੇ ਸਾਲ 22 ਮਾਰਚ ਨੂੰ ਕਰੋਨਾ ਕਾਰਨ ਲੌਕਡਾਊਨ ਲੱਗ ਗਿਆ ਤਾਂ ਉਨ੍ਹਾਂ ਦੀ ਦੁਕਾਨ ਬੰਦ ਹੋ ਗਈ ਸੀ। ਕੋਈ ਕੰਮ-ਧੰਦਾ ਨਾ ਚੱਲਿਆ ਤਾਂ ਉਸ ਨੇ ਕੁਝ ਹੋਰ ਕੰਮ ਸ਼ੁਰੂ ਕਰ ਲਿਆ। ਉਸ ਦਾ ਰੁਝਾਨ ਉਸ ਪਾਸੇ ਹੋ ਗਿਆ। ਉਹ ਕਰੀਬ 15 ਦਿਨ ਬਾਅਦ ਦੁਕਾਨ ’ਤੇ ਜਾਂਦਾ ਤੇ ਸਫ਼ਾਈ ਕਰ ਕੇ ਵਾਪਸ ਆ ਜਾਂਦਾ। 28 ਜਨਵਰੀ 2021 ਨੂੰ ਉਹ ਦੁਕਾਨ ’ਤੇ ਗਿਆ ਤੇ ਸਾਰੇ ਸਾਮਾਨ ਦੀ ਵੀਡੀਓ ਬਣਾ ਕੇ ਵਾਪਸ ਆ ਗਿਆ। 28 ਮਾਰਚ ਨੂੰ ਉਸ ਦੇ ਭਰਾ ਦਾ ਫੋਨ ਆਇਆ ਕਿ ਦੁਕਾਨ ’ਚ ਕੋਈ ਪੇਂਟ ਕਰਵਾ ਰਿਹਾ ਹੈ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸਾਰਾ ਸਾਮਾਨ ਗਾਇਬ ਹੈ। ਦੁਕਾਨ ਮਾਲਕ ਪ੍ਰਦੀਪ ਨੇ ਦੱਸਿਆ ਕਿ ਦੁਕਾਨ ਕਿਸੇ ਹੋਰ ਨੇ ਖਰੀਦ ਲਈ ਹੈ।

ਇਸ ਮਗਰੋਂ ਉਸ ਨੇ ਥਾਣਾ ਬਸਤੀ ਜੋਧੇਵਾਲ ਵਿੱਚ ਐੱਸਆਈ ਜਸਵਿੰਦਰ ਸਿੰਘ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਅਤੇ ਪੁਲੀਸ ਨੇ ਉਨ੍ਹਾਂ ਨੂੰ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਪਿੱਛੋਂ ਵਿਰੋਧੀ ਧਿਰ ਵੱਲੋਂ ਉਸ ’ਤੇ ਸਮਝੌਤੇ ਲਈ ਦਬਾਅ ਪਾਇਆ ਜਾਣ ਲੱਗਾ ਪਰ ਉਹ ਕਾਰਵਾਈ ਲਈ ਅੜਿਆ ਰਿਹਾ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੋਣ ’ਤੇ ਉਹ ਥਾਣਾ ਇੰਚਾਰਜ ਨੂੰ ਮਿਲਣ ਗਿਆ ਪਰ ਪੁਲੀਸ ਮੁਲਾਜ਼ਮ ਨੇ ਉਸ ਨੂੰ ਗਾਲ੍ਹਾਂ ਕੱਢ ਕੇ ਭੇਜ ਦਿੱਤਾ। ਉਸ ਨੇ ਪੁਲੀਸ ਕਮਿਸ਼ਨਰ ਤੋਂ ਥਾਣਾ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪੁਲੀਸ ਕਮਿਸ਼ਨਰ ਨੇ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ

ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਮਾਮਲੇ ਦੀ ਜਾਂਚ ਲਈ ਏਡੀਸੀਪੀ-1 ਦੀ ਡਿਊਟੀ ਲਾ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੇ ਇਸ ਮਾਮਲੇ ’ਚ ਕਿਸੇ ਪੁਲੀਸ ਮੁਲਾਜ਼ਮ ਜਾਂ ਫਿਰ ਜਿਨ੍ਹਾਂ ’ਤੇ ਦੋਸ਼ ਲਾਏ ਗਏ ਹਨ, ਉਨ੍ਹਾਂ ਦੀ ਕੋਈ ਸ਼ਮੂਲੀਅਤ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *