ਜਗਮੀਤ ਬਰਾੜ ਨੇ ਆਨੰਦਪੁਰ ਸਾਹਿਬ ਸੀਟ ਤੋਂ ਜਤਾਈ ਦਾਅਵੇਦਾਰੀ

ਸ੍ਰੀ ਆਨੰਦਪੁਰ ਸਾਹਿਬ : “2022 ਵਿਧਾਨ ਸਭਾ ਚੋਣਾਂ ’ਚ ਜੇ ਕਿਸੇ ਵੀ ਸਿਆਸੀ ਜਮਾਤ ਨੇ ਪੰਜਾਬ ਦੀ ਸੱਤਾ ਤੱਕ ਪਹੁੰਚਣਾ ਹੈ ਤਾਂ ਹੁਣ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਮਨਫੀ ਕਰਕੇ ਇਹ ਸੁਫਨਾ ਕਿਸੇ ਵੀ ਸੂਰਤ ’ਚ ਸੱਚ ਨਹੀਂ ਹੋ ਸਕਦਾ।” ਇਹ ਪ੍ਰਗਟਾਵਾ ਅੱਜ ਜਨਮ ਦਿਨ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਕੀਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੁਣ ਲਾਜ਼ਮੀ ਹੋ ਚੁੱਕਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਸ ਸਬੰਧੀ ਬੇਨਤੀ ਕੀਤੀ ਸੀ। ਇਸੇ ਕਰਕੇ ਪ੍ਰਧਾਨ ਨੇ ਕੋਰ ਕਮੇਟੀ ’ਚ ਲਏ ਫੈਸਲੇ ਅਨੁਸਾਰ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ। ਜਗਮੀਤ ਬਰਾੜ ਨੇ ਕਿਹਾ ਕਿ ਸਾਢੇ ਚਾਰ ਦਹਾਕਿਆਂ ਤੋਂ ਉਨ੍ਹਾਂ ਦਾ ਸਬੰਧ ਪਾਰਟੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨਾਲ ਹੈ। ਇਸ ਲਈ ਜੇਕਰ ਉਨ੍ਹਾਂ ਨੂੰ ਭਵਿੱਖ ’ਚ ਹੋਣ ਵਾਲੀਆਂ ਚੋਣਾਂ ’ਚ ਪਾਰਟੀ ਨੇ ਇਸ ਹਲਕੇ ਤੋਂ ਲੋਕ ਸਭਾ ਚੋਣ ਲੜਨ ਲਈ ਕਿਹਾ ਤਾਂ ਉਹ ਸੇਵਾ ਕਰਨ ਲਈ ਤਿਆਰ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟਕਸਾਲੀ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਹੈਪੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *