ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਫਾਈਲ ਆਖਰੀ ਪੜਾਅ ’ਤੇ

ਮਿਲਾਨ (ਇਟਲੀ) : ਇਟਲੀ ਦੇ ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰ ਰਹੀ ਜਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਮੀਟਿੰਗ ਗੁਰਦੁਆਰਾ ਦਸਮੇਸ਼ ਦਰਬਾਰ ਸਿੱਖ ਟੈਂਪਲ ਬਲੋਨੀਆ ’ਚ ਹੋਈ ਜਿਸ ਵਿੱਚ ਇਟਲੀ ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਸੇਵਾਦਾਰ ਰਵਿੰਦਰਜੀਤ ਸਿੰਘ ਬੱਸੀ, ਸੁਰਿੰਦਰ ਸਿੰਘ ਪੰਡੋਰੀ, ਕਰਮਜੀਤ ਸਿੰਘ ਢਿੱਲੋਂ ਅਤੇ ਅਵਤਾਰ ਸਿੰਘ ਰਾਣਾ ਨੇ ਦੱਸਿਆ ਕਿ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਲਗਾਈ ਗਈ ਫਾਈਲ ਇਟਾਲਵੀ ਸਰਕਾਰ ਦੇ ਅਦਾਰੇ ਸਟੇਟ ਕੌਂਸਲ ਵਿੱਚ ਪਹੁੰਚ ਚੁੱਕੀ ਹੈ ਅਤੇ ਇਸ ਦਾ ਨਤੀਜਾ ਜਲਦੀ ਹੀ ਸੰਗਤ ਸਾਹਮਣੇ ਆ ਜਾਵੇਗਾ। ਇਹ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਆਖਰੀ ਪੜਾਅ ਹੈ। ਉਨ੍ਹਾਂ ਕਿਹਾ ਕਿ ਅਪਰੈਲ 2015 ਵਿੱਚ ਇਟਲੀ ਭਰ ਤੋਂ ਸ਼ਾਮਿਲ ਹੋਏ 70 ਸਿੱਖ ਇਟਾਲਵੀ ਮਨਿਸਟਰੀ ਵਿੱਚ ਦਸਤਖਤ ਕਰ ਕੇ ਆਏ ਸਨ। ਉਨ੍ਹਾਂ ਕਿਹਾ ਕਿ ਸੰਗਤ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋ ਦਾਇਰ ਕੀਤੀ ਫਾਈਲ ਰੱਦ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਲਗਾਈ ਫਾਈਲ ਲਗਾਤਾਰ ਕੰਮ ਕਰ ਰਹੀ ਹੈ ਤੇ ਉਹ ਲਗਾਤਾਰ ਇਤਾਲਵੀ ਗ੍ਰਹਿ ਮੰਤਰਾਲੇ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਉਹ ਆਉਂਦੇ ਦਿਨਾਂ ਵਿੱਚ ਆਪਣੀ ਕਾਰਵਾਈ ਮੀਡੀਆ ਵਿੱਚ ਜਾਰੀ ਕਰਨਗੇ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ।

Leave a Reply

Your email address will not be published. Required fields are marked *