ਨੇਪਾਲ ਪੁਲੀਸ ਨਾਲ ਝੜਪ ’ਚ ਅੱਠ ਭਾਰਤੀ ਕਾਰੋਬਾਰੀ ਜ਼ਖ਼ਮੀ

ਕਾਠਮੰਡੂ: ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਭਾਰਤ-ਨੇਪਾਲ ਸਰਹੱਦ ’ਤੇ ਸਥਿਤ ਮਹੋਤਰੀ ਜ਼ਿਲ੍ਹੇ ’ਚ ਨੇਪਾਲ ਪੁਲੀਸ ਨਾਲ ਹੋਈ ਝੜਪ ਦੌਰਾਨ ਅੱਠ ਭਾਰਤੀ ਕਾਰੋਬਾਰੀ ਜ਼ਖ਼ਮੀ ਹੋ ਗਏ ਹਨ। ਨੇਪਾਲ ਦੇ ਸਰਕਾਰੀ ਅਖਬਾਰ ‘ਰਾਈਜ਼ਿੰਗ ਨੇਪਾਲ’ ਦੀ ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਰਾਤ ਨੂੰ ਉਸ ਵੇਲੇ ਵਾਪਰੀ ਜਦੋਂ ਭਾਰਤੀ ਕਾਰੋਬਾਰੀਆਂ ਨੇ ਮਤਿਹਾਨੀ ਨਗਰ ਨਿਗਮ ’ਚ ਕਰੋਨਾ ਜਾਂਚ ਲਈ ਬਣਾਏ ਹੈਲਪ ਡੈਸਕ ਨੂੰ ਢਾਹ ਦਿੱਤਾ। ਵੈੱਬਸਾਈਟ ‘ਮਾਇ ਰਿਪਬਲਿਕ’ ਦੇ ਅਨੁਸਾਰ ਇਸ ਝੜਪ ’ਚ ਇੱਕ ਪੁਲੀਸ ਜਵਾਨ ਅਤੇ ਅੱਠ ਭਾਰਤੀ ਕਾਰੋਬਾਰੀ ਜ਼ਖ਼ਮੀ ਹੋ ਗਏ। ਮਤਿਹਾਨੀ ਚੌਕੀ ਦੇ ਪੁਲੀਸ ਇੰਸਪੈਕਟਰ ਬਲਰਾਮ ਗੌਤਮ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਅੱਠ ਵਜੇ 50-60 ਭਾਰਤੀ ਨਾਗਰਿਕਾਂ ਨੇ ਸੀਮਾ ’ਤੇ ਤੈਨਾਤ ਜਵਾਨਾਂ ’ਤੇ ਪੱਥਰਬਾਜ਼ੀ ਕੀਤੀ। ਉਸਨੇ ਇਹ ਵੀ ਦੱਸਿਆ ਕਿ ਭਾਰਤੀ ਨਾਗਰਿਕ ਸ਼ਰਾਬ ਦੇ ਨਸ਼ੇ ਵਿੱਚ ਸਨ। ਦੱਸਣਯੋਗ ਹੈ ਕਿ ਮਹੋਤਰੀ ਜ਼ਿਲ੍ਹੇ ’ਚ ਮਤਿਹਾਨੀ ਨਗਰ ਨਿਗਮ ਦੀ ਕਰੀਬ ਡੇਢ ਕਿਲੋਮੀਟਰ ਲੰਬੀ ਹੱਦ ਬਿਹਾਰ ਵਿੱਚ ਮਾਧਵਪੁਰ ਬਾਜ਼ਾਰ ਨਾਲ ਲੱਗਦੀ ਹੈ। ਜਾਣਕਾਰੀ ਮੁਤਾਬਕ ਇਸ ਝੜਪ ਦੌਰਾਨ ਡਿਊਟੀ ’ਤੇ ਤੈਨਾਤ ਜਵਾਨ ਵਿਵੇਕ ਧਾਕਲ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਹਨ। ਭਾਰਤੀ ਕਾਰੋਬਾਰੀ ਨੇ ਕਿਹਾ ਕਿ ਇੰਸਪੈਕਟਰ ਗੌਤਮ ਨੇ ਜਵਾਨਾਂ ਨੂੰ ਆਲੂ, ਪਿਆਜ਼ ਤੇ ਚਾਵਲ ਦਰਾਮਦ ਕਰਨ ਵਾਲੇ ਵਪਾਰੀਆਂ ਨੂੰ ਕੁੱਟਣ ਦੇ ਹੁਕਮ ਦਿੱਤੇ ਸਨ। ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਪੁਲੀਸ ਨੇ ਬਿਨਾਂ ਗੱਲ ਤੋਂ ਭਾਰਤੀ ਲੋਕਾਂ ਨਾਲ ਧੱਕਾ-ਮੁੱਕੀ ਕੀਤੀ ਹੈ।

Leave a Reply

Your email address will not be published. Required fields are marked *