ਬਲੈਕ ਫੰਗਸ ਦੇ ਟੀਕਿਆਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ

ਲੁਧਿਆਣਾ: ਲੁਧਿਆਣਾ ਵਿੱਚ ਕਰੋਨਾ ਮਗਰੋਂ ਹੁਣ ਬਲੈਕ ਫੰਗਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਇੱਥੇ ਹੁਣ ਤੱਕ ਬਲੈਕ ਫੰਗਸ ਦੇ 40 ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਪੰਜ ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਇਸੇ ਦੌਰਾਨ ਕਾਲੀ ਫੰਗਸ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੇ ਟੀਕਿਆਂ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਆਮ ਲੋਕਾਂ ਨੂੰ ਸੂਬੇ ਦੀ ਸਭ ਤੋਂ ਵੱਡੀ ਦਵਾਈ ਮਾਰਕੀਟ ਪਿੰਡੀ ਗਲੀ ’ਚੋਂ ਵੀ ਬਲੈਕ ਫੰਗਸ ਦੀਆਂ ਦਵਾਈਆਂ ਤੇ ਟੀਕੇ ਨਹੀਂ ਮਿਲ ਰਹੇ ਕਿਉਂਕਿ ਉੱਥੋਂ ਦੇ ਕਰਿੰਦੇ ਕਥਿਤ ਤੌਰ ’ਤੇ ਇਨ੍ਹਾਂ ਟੀਕਿਆਂ ਤੇ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਪਿੰਡੀ ਗਲੀ ਦੇ ਦੁਕਾਨਦਾਰ ਦਵਾਈਆਂ ਜਾਂ ਟੀਕੇ ਖਰੀਦਣ ਜਾਣ ਵਾਲੇ ਗਾਹਕਾਂ ਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਟੀਕੇ ਤੇ ਦਵਾਈਆਂ ਉਪਲੱਬਧ ਨਹੀਂ ਹਨ ਪਰ ਵ੍ਹਟਸਐਪ ਰਾਹੀਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਬਲੈਕ ਫੰਗਸ ਦੀਆਂ ਦਵਾਈਆਂ ਤੇ ਟੀਕੇ ਮੌਜੂਦ ਹਨ। ਇੱਕ ਦੁਕਾਨਦਾਰ ਦੇ ਕਰਿੰਦੇ ਨੂੰ ਜਦੋਂ ਫੋਨ ’ਤੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਰੀਆਂ ਦਵਾਈਆਂ ਤੇ ਟੀਕੇ ਮਿਲ ਰਹੇ ਹਨ। ਉਸ ਨੇ ਦੱਸਿਆ ਕਿ ਬਲੈਕ ਫੰਗਸ ਦੀ ਦਵਾਈ ਦੀ ਮੰਗ ਵਧਣ ਕਾਰਨ ਇਸ ਦੀ ਕੀਮਤ ਅਸਮਾਨੀਂ ਪੁੱਜ ਗਈ ਹੈ। ਵੋਰੀਕੈਨਾਜ਼ੋਲ ਗੋਲੀ ਦਾ 350 ਰੁਪਏ ਵਾਲਾ ਪੱਤਾ ਹੁਣ ਹੋਲਸੇਲ ਵਿੱਚ 1700 ਰੁਪਏ ਦਾ ਤੇ ਰਿਟੇਲ ਵਿੱਚ 4000 ਰੁਪਏ ਦਾ ਵਿਕ ਰਿਹਾ ਹੈ। ਜ਼ੋਨਲ ਲਾਇਸੈਂਸ ਅਥਾਰਿਟੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਕਾਲਾਬਾਜ਼ਾਰੀ ਕਰ ਰਿਹਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *