ਕਰੋਨਾਵਾਇਰਸ: ਦਵਿੰਦਰਪਾਲ ਸਿੰਘ ਭੁੱਲਰ ਨੂੰ ਛੇ ਹਫ਼ਤਿਆਂ ਦੀ ਪੈਰੋਲ ’ਤੇ ਘਰ ਭੇਜਿਆ

ਅੰਮ੍ਰਿਤਸਰ : ਕਰੋਨਾਵਾਇਰਸ ਕਾਰਨ ਜੇਲ੍ਹਾਂ ਵਿੱਚੋਂ ਕੈਦੀਆਂ ਨੂੰ ਪੈਰੋਲ ’ਤੇ ਰਿਹਾਅ ਕੀਤੇ ਜਾਣ ਦੇ ਫ਼ੈਸਲੇ ਤਹਿਤ ਅੱਜ ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਛੇ ਹਫ਼ਤਿਆਂ ਦੀ ਪੈਰੋਲ ’ਤੇ ਘਰ ਭੇਜ ਦਿੱਤਾ ਗਿਆ ਹੈ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਹੁਣ ਤੱਕ 529 ਕੈਦੀ ਪੈਰੋਲ ’ਤੇ ਘਰ ਭੇਜੇ ਜਾ ਚੁੱਕੇ ਹਨ। ਪ੍ਰੋ. ਭੁੱਲਰ ਇਸ ਵੇਲੇ ਇੱਥੇ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ ਸਰਕਾਰੀ ਮੈਡੀਕਲ ਕਾਲਜ ਦੀ ਮਨੋਵਿਗਿਆਨ ਵਾਰਡ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੂੰ 2001 ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਟਾਡਾ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਬਾਅਦ ਵਿੱਚ 2014 ’ਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਪਰੰਤ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਤਬਦੀਲ ਕਰ ਕੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਪ੍ਰੋ. ਭੁੱਲਰ ਉਨ੍ਹਾਂ ਅੱਠ ਸਿੱਖ ਕੈਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਨੁੱਖੀ ਹਮਦਰਦੀ ਵਜੋਂ ਰਿਹਾਅ ਕਰਨ ਲਈ ਆਖਿਆ ਗਿਆ ਸੀ।
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਪੈਰੋਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੋ. ਭੁੱਲਰ ਤੋਂ ਇਲਾਵਾ 59 ਹੋਰ ਕੈਦੀਆਂ ਨੂੰ ਛੇ ਹਫ਼ਤੇ ਦੀ ਪੈਰੋਲ ਛੁੱਟੀ ’ਤੇ ਭੇਜਿਆ ਗਿਆ ਹੈ। ਹੁਣ ਤੱਕ ਜੇਲ੍ਹ ਵਿੱਚੋਂ 529 ਕੈਦੀ ਪੈਰੋਲ ਛੁੱਟੀ ਦੇ ਕੇ ਘਰਾਂ ਨੂੰ ਭੇਜੇ ਗਏ ਹਨ। ਪ੍ਰੋ. ਭੁੱਲਰ ਨੂੰ ਇਸ ਪੈਰੋਲ ਦੌਰਾਨ ਰਣਜੀਤ ਐਵੇਨਿਊ ਸਥਿਤ ਆਪਣੇ ਘਰ ’ਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੌਰਾਨ ਉਸ ਨੂੰ ਕਿਸੇ ਹੋਰ ਥਾਂ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਅੰਮ੍ਰਿਤਸਰ ਤੋਂ ਬਾਹਰ ਜਾਣ ਵਾਸਤੇ ਉਸ ਨੂੰ ਅਗਾਊਂ ਪ੍ਰਵਾਨਗੀ ਲੈਣੀ ਹੋਵੇਗੀ। ਇੱਥੇ ਦੱਸਣਯੋਗ ਹੈ ਕਿ ਜੇਲ੍ਹ ਵਿਭਾਗ ਵੱਲੋਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਵਾਸਤੇ ਜੇਲ੍ਹਾਂ ਵਿੱਚੋਂ ਵਧੇਰੇ ਕੈਦੀਆਂ ਨੂੰ ਪੈਰੋਲ ’ਤੇ ਘਰ ਭੇਜ ਕੇ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਘਟਾਈ ਜਾ ਰਹੀ ਹੈ।FacebookTwitterEmail