ਸਿਹਤ ਸਹੂਲਤਾਂ ’ਤੇ ਉਂਗਲ ਚੁੱਕਦੀ ਭਾਈ ਨਿਰਮਲ ਸਿੰਘ ਖਾਲਸਾ ਦੀ ਆਡੀਓ ਵਾਇਰਲ

ਅੰਮ੍ਰਿਤਸਰ : ਸੋਸ਼ਲ ਮੀਡੀਆ ’ਤੇ ਅੱਜ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹਸਪਤਾਲ ਦਾਖ਼ਲ ਸਮੇਂ ਦੀ ਆਡੀਓ ਵਾਇਰਲ ਹੋਈ, ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਫੋਨ ’ਤੇ ਇਲਾਜ ਠੀਕ ਨਾ ਹੋਣ ਬਾਰੇ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਚਾਰ ਘੰਟੇ ਤੋਂ ਕਿਸੇ ਨੇ ਨਹੀਂ ਪੁੱਛਿਆ ਤੇ ਨਾ ਹੀ ਕੋਈ ਦਵਾਈ ਦਿੱਤੀ ਹੈ।’’ ਉਹ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਸਮੇਂ ਭਾਵੁਕ ਵੀ ਹੋਏ। ਉਹ ਆਪਣੇ ਪੁੱਤਰ ਨੂੰ ਦਵਾਈ ਲੈਣ ਸਬੰਧੀ ਕਿਸੇ ਡਾਕਟਰ ਨਾਲ ਗੱਲਬਾਤ ਕਰਨ ਬਾਰੇ ਵੀ ਪੁੱਛਦੇ ਹਨ। ਭਾਈ ਖ਼ਾਲਸਾ ਕਹਿੰਦੇ ਹਨ, ‘‘ਇੱਥੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਮੈਨੂੰ ਲੈ ਜਾਓ।’’ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਅਜਿਹੇ ਹੀ ਦੋਸ਼ ਲਾਏ ਗਏ ਹਨ। ਇਸ ਤੋਂ ਬਾਅਦ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ।
ਇਸ ਸਬੰਧੀ ਕੀਤੀ ਗਈ ਮੀਟਿੰਗ ਵਿਚ ਮੈਡੀਕਲ ਸਿੱਖਿਆ ਮੰਤਰੀ ਸੋਨੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਤੇ ਡਿਊਟੀ ’ਤੇ ਹਾਜ਼ਰ ਡਾਕਟਰ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਮਗਰੋਂ ਸ੍ਰੀ ਸੋਨੀ ਨੇ ਆਖਿਆ ਕਿ ਭਾਈ ਖਾਲਸਾ ਨੂੰ ਵੀਆਈਪੀ ਵਾਂਗ ਇਲਾਜ ਦੀ ਸਹੂਲਤ ਦਿੱਤੀ ਗਈ। ਉਨ੍ਹਾਂ ਦਾ ਆਈਸੋਲੇਸ਼ਨ ਵਾਰਡ ਦੀ ਥਾਂ ਵੱਖਰੇ ਕਮਰੇ ਵਿੱਚ ਇਲਾਜ ਕੀਤਾ ਗਿਆ। ਉਨ੍ਹਾਂ ਨੂੰ ਡਾਕਟਰਾਂ ਵੱਲੋਂ ਦਵਾਈ ਦੀ ਡੋਜ਼ ਦਿੱਤੀ ਗਈ ਸੀ ਅਤੇ ਅਗਲੀ ਡੋਜ਼ ਚਾਰ ਘੰਟਿਆਂ ਬਾਅਦ ਦਿੱਤੀ ਜਾਣੀ ਸੀ ਪਰ ਇਸ ਦੌਰਾਨ ਭਾਈ ਖਾਲਸਾ ਨੇ ਦਿਲ ਛੱਡ ਦਿੱਤਾ ਸੀ ਤੇ ਉਨ੍ਹਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ, ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਉਨ੍ਹਾਂ ਇਸ ਮਾਮਲੇ ਵਿਚ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਕਲੀਨ ਚਿੱਟ ਦਿੱਤੀ ਹੈ।
ਹਸਪਤਾਲ ਦੇ ਨਰਸਿੰਗ ਅਮਲੇ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਰੋਸ ਵਿਖਾਵਾ ਕਰ ਕੇ ਲਾਏ ਗਏ ਦੋਸ਼ਾਂ ਬਾਰੇ ਸ੍ਰੀ ਸੋਨੀ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਹਨ, ਉਸ ਮੁਤਾਬਕ ਹੀ ਅਮਲੇ ਨੂੰ ਪੀਪੀਈ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਹ ਕਿੱਟਾਂ ਉਨ੍ਹਾਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਸ਼ਾਮਲ ਹੋਣਾ ਹੈ ਜਾਂ ਉਸ ਵਾਰਡ ਵਿਚ ਜਾਣਾ ਹੈ। ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਪੈਰਾਮੈਡੀਕਲ ਅਮਲੇ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਲੋੜੀਂਦਾ ਸਾਮਾਨ ਵੰਡਿਆ। ਉਨ੍ਹਾਂ ਆਖਿਆ ਕਿ ਸਾਮਾਨ ਦੀ ਘਾਟ ਕਾਰਨ ਇਹ ਅਮਲਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕਰ ਸਕਦਾ।

ਭਾਈ ਨਿਰਮਲ ਸਿੰਘ ਦੀ ਦੇਖਭਾਲ ’ਚ ਕੋਈ ਕੋਤਾਹੀ ਨਹੀਂ ਵਰਤੀ: ਸਿੱਧੂ

ਮੋਹਾਲੀ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਖਭਾਲ ਵਿੱਚ ਕੋਈ ਕੋਤਾਹੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈ ਖਾਲਸਾ ਸਮੇਤ ਜਿਹੜੇ ਵੀ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਉਨ੍ਹਾਂ ਦੀ ਆਪਣੀ ਗਲਤੀ ਕਾਰਨ ਹੋਈ ਹੈ। ਉਨ੍ਹਾਂ ਆਡੀਓ ਵਿਚਲੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਡਾਕਟਰਾਂ ਵਿਰੁੱਧ ਭੰਡੀ ਪ੍ਰਚਾਰ ਕਰਨਾ ਗਲਤ ਹੈ।

ਸਿੱਖ ਆਗੂਆਂ ਨੇ ਡਾਕਟਰਾਂ ਖ਼ਿਲਾਫ਼ ਕਾਰਵਾਈ ਮੰਗੀ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਤੇ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਅਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਸਾਂਝੇ ਬਿਆਨ ਵਿਚ ਤਿੰਨਾਂ ਆਗੂਆਂ ਨੇ ਆਖਿਆ ਕਿ ਭਾਈ ਖਾਲਸਾ ਦੀ ਮੌਤ ਨਹੀਂ ਹੋਈ ਸਗੋਂ ਡਾਕਟਰੀ ਅਮਲੇ ਦੀ ਲਾਪਰਵਾਹੀ ਕਾਰਨ ਉਨ੍ਹਾਂ ਦਾ ਕਤਲ ਹੋਇਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੋਵਾਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਾ ਅੰਮ੍ਰਿਤਸਰ ਸ਼ਹਿਰ ਛੱਡ ਕੇ ਵੇਰਕਾ ਵਿਚ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਥੇ ਜੋ ਕੁਝ ਵਾਪਰਿਆ, ਉਹ ਮੰਦਭਾਗਾ ਹੈ। ਇਸ ਤੋਂ ਇਲਾਵਾ ਸਸਕਾਰ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਮਾਣ ਸਤਿਕਾਰ ਨਹੀਂ ਦਿੱਤਾ ਜਿਸ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
ਇਸੇ ਦੌਰਾਨ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਪੁਲੀਸ ਕਮਿਸ਼ਨਰ ਨੂੰ ਪੱਤਰ ਦੇ ਕੇ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਲਈ ਗੁਰੂ ਨਾਨਕ ਦੇਵ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਤੇ ਹਸਪਤਾਲ ਦੇ ਡਾਕਟਰਾਂ ਖਿਲਾਫ ਕੇਸ ਦਰਜ ਕਰਨ ਲਈ ਆਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਸੱਤ ਡਾਕਟਰਾਂ ਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਨਾਂ ਦੱਸੇ ਹਨ। ਇਸ ਸਬੰਧੀ ਮੁੱਖ ਮੰਤਰੀ ਦੇ ਨਾਂ ਪੱਤਰ ਭੇਜ ਕੇ ਜਾਂਚ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *