ਓਪੀਡੀ ਸੇਵਾਵਾਂ ਬੰਦ ਹੋਣ ਕਾਰਨ ਦਿੱਕਤਾਂ

ਸ੍ਰੀ ਆਨੰਦਪੁਰ ਸਾਹਿਬ : ਦੇਸ਼ ਅੰਦਰ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ ਲੌਕਡਾਊਨ ਅਤੇ ਪੰਜਾਬ ਭਰ ’ਚ ਲੱਗੇ ਕਰਫਿਊ ਦੌਰਾਨ ਸਰਕਾਰੀ ਹਸਪਤਾਲ ਦੀਆਂ ਓ.ਪੀ.ਡੀਜ਼ ਸੇਵਾਵਾਂ ਬੰਦ ਹੋਣ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਅਤੇ ਕਲੀਨਿਕ ਖੋਲ੍ਹ ਕੇ ਬੈਠੇ ਡਾਕਟਰਾਂ ਵੱਲੋਂ ਸਿਹਤ ਸਹੂਲਤਾਂ ਬੰਦ ਕਰ ਦੇਣ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸਿਹਤ ਸਹੂਲਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਸਣੇ ਸ੍ਰੀ ਆਨੰਦਪੁਰ ਸਾਹਿਬ ਦੇ ਐੱਸਐੱਮਓ ਡਾ. ਚਰਨਜੀਤ ਤੋਂ ਇਲਾਵਾ 10 ਮੈਡੀਕਲ ਅਫਸਰਾਂ ਸਣੇ 70 ਮੁਲਾਜ਼ਮ ਪੂਰੀ ਤਨਦੇਹੀ ਦੇ ਨਾਲ ਸੇਵਾ ਨਿਭਾਅ ਰਹੇ ਹਨ, ਪਰ ਸਰਕਾਰੀ ਸਿਹਤ ਸਹੂਲਤਾਂ ’ਤੇ ਭਾਰੂ ਪੈਣ ਵਾਲੇ ਲਗਪਗ ਸਾਰੇ ਹੀ ਨਿੱਜੀ ਹਸਪਤਾਲ ਕਰੋਨਾ ਮਹਾਂਮਾਰੀ ਕਰਕੇ ਓਪੀਡੀ ਸਹੂਲਤਾਂ ਸਣੇ ਐਮਰਜੈਂਸੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਰਹੇ ਸਨ। ਸਕੈਨਿੰਗ ਸੈਂਟਰ ਵੀ ਬੰਦ ਪਏ ਸਨ, ਪਰ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਆਏ ਬਿਆਨ ਤੋਂ ਬਾਅਦ ਨਿੱਜੀ ਹਸਪਤਾਲਾਂ ਵਾਲੇ ਸਰਗਰਮ ਹੋਏ ਨਜ਼ਰ ਆ ਰਹੇ ਹਨ। ਇਸ ਬਾਰੇ ਵਿੱਚ ਜਦੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਡਾ. ਪਲਵਿੰਦਰਜੀਤ ਸਿੰਘ ਕੰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਲੱਗਣ ਤੋਂ ਬਾਅਦ ਹਸਪਤਾਲ ਬੰਦ ਨਹੀਂ ਕੀਤੇ ਗਏ ਬਲਕਿ ਮਰੀਜ਼ ਹੀ ਘਰੋਂ ਨਹੀਂ ਆ ਰਹੇ ਸਨ। ਜਿੱਥੋਂ ਤੱਕ ਐਮਰਜੈਂਸੀ ਦਾ ਸੁਆਲ ਹੈ ਤਾਂ ਹਰ ਵੇਲੇ ਚੱਲ ਰਹੀ ਸੀ ਜਦਕਿ ਓਪੀਡੀ ’ਚ ਮਰੀਜ਼ਾਂ ਦੀ ਗਿਣਤੀ ਨਾ ਦੇ ਬਰਾਬਰ ਸੀ। ਡਾ. ਕੰਗ ਨੇ ਮੰਨਿਆ ਕਿ ਉਹ 25 ਫੀਸਦ ਸਟਾਫ ਨਾਲ ਹੀ ਕੰਮ ਚਲਾ ਰਹੇ ਹਨ। ਜ਼ਿਲ੍ਹਾ ਆਰਐੱਮਪੀ ਯੂਨੀਅਨ ਦੇ ਮੀਤ ਪ੍ਰਧਾਨ ਡਾ. ਵਿਜੈ ਚੌਧਰੀ ਨਾਲ ਬੰਦ ਪਏ ਕਲੀਨਿਕਾਂ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਲੱਗਣ ਮੌਕੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਹੀ ਕਲੀਨਿਕ ਖੋਲ੍ਹਣ ਤੋਂ ਰੋਕਿਆ ਸੀ, ਪਰ ਬਾਅਦ ’ਚ ਡੀਸੀ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਦੇ ਸਟੋਰਾਂ ਦੇ ਨਾਮ ਵੀ ਲਿਸਟਾਂ ’ਚ ਆਉਣ ਲੱਗ ਪਏ। ਪਰ ਮੁਕੰਮਲ ਤੌਰ ’ਤੇ ਅੱਜ ਤੱਕ ਜ਼ਿਲ੍ਹੇ ਦੇ 600 ਦੇ ਕਰੀਬ ਆਰਐੱਮਪੀ ਡਾਕਟਰਾਂ ਨੂੰ ਕਲੀਨਿਕ ਖੋਲ੍ਹਣ ਦੇ ਹੁਕਮ ਨਹੀਂ ਮਿਲੇ ਹਨ।
ਉੱਧਰ ਬੀਏਐੱਮਐੱਸ ਯੂਨੀਅਨ ਦੇ ਪ੍ਰਧਾਨ ਡਾ. ਅੱਛਰ ਸ਼ਰਮਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਐਮਰਜੈਂਸੀ ਸੇਵਾਵਾਂ ਦੇ ਰਹੇ ਹਨ, ਪਰ ਨਿਰਧਾਰਿਤ ਕਿੱਟਾਂ, ਸੇਫ਼ਟੀ ਮਾਸਕ, ਸੈਨੇਟਾਈਜ਼ਰ ਮਾਰਕੀਟ ’ਚ ਉਪਲੱਬਧ ਨਾ ਹੋਣ ਕਰਕੇ ਓਪੀਡੀ ਸੇਵਾਵਾਂ ਵਿੱਚ ਜਾਂ ਕਮੀ ਕੀਤੀ ਗਈ ਹੈ ਜਾਂ ਵੱਧ ਉਮਰ ਵਾਲੇ ਡਾਕਟਰਾਂ ਵੱਲੋਂ ਬੰਦ ਕੀਤੀਆਂ ਗਈਆਂ ਹਨ। ਜ਼ਿਲ੍ਹਾ ਰੂਪਨਗਰ ਦੇ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਕਿਹਾ ਕਿ ਸਿਹਤ ਸਹੂਲਤਾਂ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਹਨ ਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਹਸਪਤਾਲ ਬੰਦ ਨਹੀਂ ਹੋ ਸਕਦਾ। ਫਿਰ ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ।