ਗੈਂਗਸਟਰ ਸੁੱਖਾ ਲੰਮੇ ਦੀ ਹੱਤਿਆ ਦੇ ਇੱਕ ਸਾਲ ਮਗਰੋਂ ਕੇਸ ਦਰਜ

ਮੋਗਾ: ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਲੰਮੇ ਦੀ ਹੱਤਿਆ ਦੇ ਇੱਕ ਸਾਲ ਬਾਅਦ ਥਾਣਾ ਬੱਧਨੀ ਕਲਾਂ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫ਼ਿਰੌਤੀ ਲਈ ਧਮਕਾਉਣ ਕਾਰਨ ਇੱਥੇ ਕਾਰੋਬਾਰੀਆਂ ਵਿੱਚ ਸੁੱਖਾ ਲੰਮੇ ਦੀ ਕਾਫ਼ੀ ਦਹਿਸ਼ਤ ਸੀ। ਥਾਣਾ ਬੱਧਨੀ ਕਲਾਂ ਪੁਲੀਸ ਨੇ ਪ੍ਰਕਾਸ਼ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਦੇ ਬਿਆਨ ’ਤੇ ਅਰਸ਼ਦੀਪ ਸਿੰਘ ਉਰਫ਼ ਅਰਸ਼, ਲਵਪ੍ਰੀਤ ਸਿੰਘ ਉਰਫ਼ ਰਵੀ, ਕਮਲਜੀਤ ਸ਼ਰਮਾ ਸਾਰੇ ਵਾਸੀ ਪਿੰਡ ਡਾਲਾ ਖ਼ਿਲਾਫ਼ ਆਈਪੀਸੀ ਦੀ ਧਾਰਾ 302/201/34 ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਅਰਸ਼ਦੀਪ ਕੈਨੇਡਾ ਵਿੱਚ ਰਹਿ ਰਿਹਾ ਹੈ।

ਮੋਗਾ ਸੀਆਈਏ ਸਟਾਫ਼ ਬਣਿਆ ਪੁੱਛਗਿੱਛ ਕੇਂਦਰ

ਮੋਗਾ : ਮੋਗਾ ਪੁਲੀਸ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਦੋ ਕਾਰਕੁਨਾਂ ਤੋਂ ਸਥਾਨਕ ਸੀਆਈਏ ਸਟਾਫ਼ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਐੱਨਆਈਏ, ਹੋਰ ਕੇਂਦਰੀ ਏਜੰਸੀਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀ ਵੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨਆਈਏ ਦੀ ਚਾਰ ਮੈਂਬਰੀ ਟੀਮ ਨੇ ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਦਿਹਾਤੀ) ਦੇ ਪਿੰਡ ਭਰ ਸਿੰਘ ਪੁਰਾ ਵਿੱਚ ਇੱਕ ਪੁਜਾਰੀ ਉੱਤੇ ਗੋਲੀਬਾਰੀ ਮਾਮਲੇ ਵਿੱਚ ਪੁੱਛਗਿਛ ਕੀਤੀ ਸੀ। ਭਰ ਸਿੰਘ ਪੁਰਾ ਪਿੰਡ ਪਾਬੰਦੀਸ਼ੁਦਾ ਸਿੱਖ ਜਥੇਬੰਦੀ ਸਿੱਖਸ ਫ਼ਾਰ ਜਸਟਿਸ (ਐੱਸਐੱਫਜੇ) ਦੇ ਆਗੂ ਅਤੇ ਕੈਨੇਡਾ ਆਧਾਰਿਤ ਕਥਿਤ ਕੇਟੀਐੱਫ ਮੁਖੀ ਹਰਦੀਪ ਸਿੰਘ ਨਿੱਝਰ ਦਾ ਜੱਦੀ ਪਿੰਡ ਹੈ। ਐੱਨਆਈਏ ਨੇ ਨਿੱਝਰ ਖ਼ਿਲਾਫ਼ ਅਤਿਵਾਦੀ ਕਾਰਵਾਈਆਂ ਰੋਕ ਕਾਨੂੰਨ (ਯੂਏਪੀਏ) ਦੀ ਧਾਰਾ 51 ਏ ਤਹਿਤ ਕੇਸ ਦਰਜ ਕੀਤਾ ਹੋਇਆ ਹੈ ਅਤੇ ਕੇਂਦਰੀ ਏਜੰਸੀ ਪਿੰਡ ਵਿੱਚ ਨਿੱਝਰ ਦੀ ਜਾਇਦਾਦ ਪਹਿਲਾਂ ਹੀ ਜ਼ਬਤ ਕਰ ਚੁੱਕੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਪੁਜਾਰੀ ਉੱਤੇ ਹਮਲਾ ਨਿੱਝਰ ਦੇ ਨਿਰਦੇਸ਼ਾਂ ’ਤੇ ਹੋਇਆ।

Leave a Reply

Your email address will not be published. Required fields are marked *