ਪੱਟੀ ਵਿੱਚ ਦੋ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ

ਪੱਟੀ : ਅੱਜ ਤੜਕਸਾਰ ਪੱਟੀ ਸ਼ਹਿਰ ਦੇ ਸਰਹਾਲੀ ਰੋਡ ’ਤੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ, ਜਦੋਂਕਿ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਕਾਰ ਸਮੇਤ ਫਰਾਰ ਹੋ ਗਏ। ਇਸ ਘਟਨਾ ਵਿੱਚ ਮਾਰੇ ਹੋਏ ਨੌਜਵਾਨ ਪੂਰਨ ਸਿੰਘ ਤੇ ਅਮਨਦੀਪ ਸਿੰਘ ਉਰਫ਼ ਅਮਨ ਫ਼ੌਜੀ ਪੁੱਤਰ ਬਲਵੀਰ ਸਿੰਘ ਵਾਸੀ ਪੱਟੀ ਸ਼ਹਿਰ ਨਾਲ ਸਬੰਧਤ ਹਨ ਤੇ ਤੀਸਰਾ ਗੰਭੀਰ ਜ਼ਖ਼ਮੀ ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਪੱਟੀ ਦਾ ਰਹਿਣ ਵਾਲਾ ਹੈ, ਜੋ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਤਿੰਨੇ ਨੌਜਵਾਨ ਇੱਕ ਪੀਰ ਦੀ ਦਰਗਾਹ ਤੋਂ ਵਾਪਸ ਘਰ ਜਾ ਰਹੇ ਸਨ। ਦੱਸਣਯੋਗ ਹੈ ਕਿ ਇਸ ਗੋਲੀ ਕਾਂਡ ਦੌਰਾਨ ਮਾਰਿਆ ਗਿਆ ਅਮਨਦੀਪ ਸਿੰਘ ਸਾਬਕਾ ਕੈਬਨਿਟ ਮੰਤਰੀ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁੱਖ ਸਿੰਘ ਘੁੱਲਾ ਦਾ ਕਰੀਬੀ

ਸਾਥੀ ਤੇ ਸਰਗਰਮ ਅਕਾਲੀ ਵਰਕਰ ਸੀ। ਇਲਾਕੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਦੋਵੇਂ ਨੌਜਵਾਨਾਂ ਦੀ ਲਾਸ਼ਾਂ ਸ਼ਹਿਰ ਦੇ ਕੁੱਲਾ ਚੌਕ ਵਿੱਚ ਰੱਖ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਧਰਨਾ ਦਿੱਤਾ। ਦੇਰ ਸ਼ਾਮ ਜ਼ਿਲ੍ਹੇ ਦੇ ਐੱਸਪੀ ਜਗਜੀਤ ਸਿੰਘ ਵਾਲੀਆ, ਐੱਸਪੀਡੀ ਮਹਿਤਾਬ ਸਿੰਘ ’ਤੇ ਆਧਾਰਤ ਪੁਲੀਸ ਟੀਮ ਨੇ ਧਰਨਾਕਾਰੀਆਂ ਕੋਲ ਪਹੁੰਚ ਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਐੱਸਪੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਐੱਸਐੱਸਪੀ ਤਰਨਤਾਰਨ ਦੇ ਹੁਕਮਾਂ ’ਤੇ ਸਿੱਟ ਦਾ ਗਠਨ ਕੀਤਾ ਜਾ ਰਿਹਾ ਹੈ ਤੇ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਹਨ।

Leave a Reply

Your email address will not be published. Required fields are marked *