ਜਗਰਾਉਂ ਗੋਲੀ ਕਾਂਡ: ਗੈਂਗਸਟਰ ਜੈਪਾਲ ਭੁੱਲਰ ਦੇ ਦੋ ਸਾਥੀ ਗ੍ਰਿਫ਼ਤਾਰ

ਚੰਡੀਗੜ੍ਹ/ਜਗਰਾਉਂ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਪੁਲੀਸ ਨੇ 15 ਮਈ ਨੂੰ ਜਗਰਾਉਂ ਦੀ ਅਨਾਜ ਮੰਡੀ ਵਿੱਚ ਸੀਆਈਏ ਦੇ ਸਹਾਇਕ ਸਬ ਇੰਸਪੈਕਟਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੱਕੀ ਵਿਅਕਤੀਆਂ ਬਲਜਿੰਦਰ ਸਿੰਘ ਉਰਫ ਬੱਬੀ ਜੋ ਕਿ ਪਿੰਡ ਮਾਹਲਾ ਖੁਰਦ, ਮੋਗਾ ਦਾ ਵਸਨੀਕ ਹੈ ਅਤੇ ਦਰਸ਼ਨ ਸਿੰਘ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਦਾ ਵਸਨੀਕ ਹੈ, ਦੇ ਸਿਰ ’ਤੇ ਦੋ-ਦੋ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਹ ਦੋਵੇਂ ਗੈਂਗਸਟਰ ਅਤੇ ਨਸ਼ਾ ਤਸਕਰ ਜੈਪਾਲ ਭੁੱਲਰ ਦੇ ਸਾਥੀ ਹਨ। ਇਨ੍ਹਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਦੇ ਡਾਬਰਾ ਤੋਂ ਕਾਬੂ ਕੀਤਾ ਗਿਆ। ਉਨ੍ਹਾਂ ਦਾ ਇਕ ਹੋਰ ਸਾਥੀ ਹਰਚਰਨ ਸਿੰਘ ਜਿਸ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਪਨਾਹ ਦਿੱਤੀ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਜਣਿਆਂ ਨੂੰ ਸਖ਼ਤ ਸੁਰੱਖਿਆ ਦੇ ਘੇਰੇ ਵਿੱਚ ਅੱਜ ਬਾਅਦ ਦੁਪਹਿਰ ਜਗਰਾਉਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ ਦਸ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਮੁਲਜ਼ਮਾਂ ਦਾ ਮੈਡੀਕਲ ਵੀ ਕਰਵਾਇਆ ਗਿਆ। ਡੀਜੀਪੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿਛ ਤੋਂ ਪਤਾ ਲੱਗਿਆ ਹੈ ਕਿ ਘਟਨਾ ਵਾਲੇ ਦਿਨ ਜੈਪਾਲ ਤੇ ਉਸ ਦੇ ਸਾਥੀ ਜੱਸੀ ਨੂੰ ਸੂਬੇ ਤੋਂ ਬਾਹਰ ਸੁਰੱਖਿਅਤ ਕਿਸੇ ਟਿਕਾਣੇ ’ਤੇ ਲਿਜਾਣ ਲਈ ਬਲਜਿੰਦਰ ਜਗਰਾਉਂ ਦੀ ਅਨਾਜ ਮੰਡੀ ਵਿੱਚ ਆਪਣੇ ਕੈਂਟਰ ’ਤੇ ਆਇਆ, ਜਿੱਥੇ ਦਰਸ਼ਨ ਉਕਤ ਗੈਂਗਸਟਰ ਅਤੇ ਉਸ ਦੇ ਸਾਥੀ ਲਈ ਕੁਝ ਕੱਪੜੇ ਲੈ ਕੇ ਆਇਆ। ਸ੍ਰੀ ਗੁਪਤਾ ਨੇ ਦੱਸਿਆ ਕਿ ਸੀਆਈਏ ਦੇੇ ਦੋ ਏਐੱਸਆਈ ਜੋ ਉਸ ਵੇਲੇ ਡਿਊਟੀ ’ਤੇ ਸਨ, ਨੂੰ ਕੈਂਟਰ ਗੱਡੀ ਵਿੱਚ ਨਸ਼ੀਲੇ ਪਦਾਰਥ ਦੇਖ ਕੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਪੁਲੀਸ ਨੇ ਮੁਲਜ਼ਮਾਂ ਨੂੰ ਘੇਰਾ ਪਾ ਲਿਆ ਤਾਂ ਦਰਸ਼ਨ ਨੇ ਆਪਣੀ 0.32 ਪਿਸਤੌਲ ਨਾਲ ਦੋਵੇਂ ਸਹਾਇਕ ਸਬ ਇੰਸਪੈਕਟਰਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਜੈਪਾਲ ਤੇ ਜੱਸੀ ਨਾਲ ਆਈ-10 ਕਾਰ ਵਿੱਚ ਮੌਕੇ ’ਤੋਂ ਫ਼ਰਾਰ ਹੋ ਗਿਆ ਜਦੋਂਕਿ ਬੱਬੀ ਕੈਂਟਰ ਵਿੱਚ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ ਅਤੇ ਅੱਗੇ ਕੁਝ ਦੂਰ ਜਾ ਕੇ ਆਪਣੇ ਸਾਥੀਆਂ ਨਾਲ ਰਲ ਗਿਆ। ਫਿਰ ਸਾਰੇ ਮੁਲਜ਼ਮ ਹਰਿਆਣਾ ਅਤੇ ਰਾਜਸਥਾਨ ਵੱਲ ਨੂੰ ਨਿਕਲ ਗਏ।

ਡੀਜੀਪੀ ਨੇ ਦੱਸਿਆ ਕਿ ਪੜਤਾਲ ਦੌਰਾਨ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ੱਕੀ ਵਿਅਕਤੀ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਛੁਪੇ ਹੋ ਸਕਦੇ ਹਨ। ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਅਪਰਾਧ ਰੋਕੂ ਇਕਾਈ (ਓਸੀਸੀਯੂ) ਦੀ ਇੱਕ ਟੀਮ ਨੂੰ ਅਗਲੇਰੀ ਜਾਂਚ ਲਈ ਤੁਰੰਤ ਮੱਧ ਪ੍ਰਦੇਸ਼ ਭੇਜਿਆ ਗਿਆ। ਕੁਝ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਓਸੀਸੀਯੂ ਦੀ ਟੀਮ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਸਫ਼ਲ ਰਹੀ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਗਵਾਲੀਅਰ ਨੇੜੇ ਡਾਬਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਰੇਲਗੱਡੀ ਵਿੱਚ ਮਹਾਰਾਸ਼ਟਰ ਜਾਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਦੋਹਾਂ ਨੂੰ ਪਹਿਲਾਂ ਵੀ ਕਤਲ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਡੀਜੀਪੀ ਨੇ ਕਿਹਾ ਕਿ ਜੈਪਾਲ ਭੁੱਲਰ ਉਨ੍ਹਾਂ ਕੁਝ ਗੈਂਗਸਟਰਾਂ ਵਿੱਚੋਂ ਇੱਕ ਹੈ, ਜੋ ਹੁਣ ਤੱਕ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ। ਹਾਲਾਂਕਿ ਉਸ ਦੇ ਕਰੀਬੀ ਸਾਥੀ ਗੈਵੀ ਜਿਸ ਦੇ ਉਹ ਜ਼ਿਆਦਾ ਸਮੇਂ ਤੱਕ ਨਾਲ ਰਿਹਾ, ਨੂੰ ਪਿਛਲੇ ਮਹੀਨੇ ਪੰਜਾਬ ਪੁਲੀਸ ਨੇ ਜਮਸ਼ੈਦਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਗੈਵੀ ਜਲੰਧਰ ਜ਼ਿਲ੍ਹੇ ਵਿੱਚ 11 ਕਿੱਲੋ ਹੈਰੋਇਨ ਦੀ ਬਰਾਮਦਗੀ ਦੇੇ ਮਾਮਲੇ ਵਿੱਚ ਲੋੜੀਂਦਾ ਸੀ। ਜੈਪਾਲ ਅਤੇ ਗੈਵੀ ਦੋਹਾਂ ਦੇ ਪਾਕਿਸਤਾਨ ਅਤੇ ਜੰਮੂ ਆਧਾਰਤ ਨਸ਼ਾ ਤਸਕਰਾਂ ਨਾਲ ਨੇੜਲੇ ਸਬੰਧ ਹਨ।

Leave a Reply

Your email address will not be published. Required fields are marked *