ਆਰਥਿਕ ਤੰਗੀ ਕਾਰਨ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਖੁਦਕੁਸ਼ੀ

ਸੰਦੌੜ: ਨੇੜਲੇ ਪਿੰਡ ਕੁਠਾਲਾ ’ਚ ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਇਕੋ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਤਿੰਨਾਂ ਦੀਆਂ ਲਾਸ਼ਾਂ ਅੱਜ ਸਵੇਰੇ ਕਮਰੇ ’ਚੋਂ ਮਿਲੀਆਂ ਹਨ। ਘਟਨਾ ਦਾ ਪਤਾ ਲਗਦਿਆਂ ਹੀ ਸੰਦੌੜ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਮ੍ਰਿਤਕਾਂ ਦੀ ਪਛਾਣ ਹਰਮੇਲ ਕੌਰ (70), ਸੁਖਵਿੰਦਰ ਕੌਰ (43) ਅਤੇ ਅਮਨਜੋਤ ਕੌਰ (19) ਵਜੋਂ  ਹੋਈ ਹੈ। ਹਰਮੇਲ ਕੌਰ ਅਤੇ ਸੁਖਵਿੰਦਰ ਕੌਰ ਮਾਵਾਂ-ਧੀਆਂ ਸਨ ਜਦਕਿ ਅਮਨਜੋਤ ਕੌਰ ਸੁਖਵਿੰਦਰ ਕੌਰ ਦੀ ਧੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਤਿੰਨੋਂ ਜਣੀਆਂ ਕੱਲ੍ਹ ਰਾਤ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਜਦਕਿ ਸੁਖਵਿੰਦਰ ਕੌਰ ਦੀ ਸੱਸ ਅਤੇ ਇਕ ਲੜਕਾ ਤੇ ਲੜਕੀ ਬਾਹਰ ਸੁੱਤੇ ਪਏ ਸਨ। ਦੇਰ ਰਾਤ ਨੂੰ ਤਿੰਨਾਂ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸਵੇਰੇ ਪਤਾ ਲੱਗਾ। ਮ੍ਰਿਤਕ ਸੁਖਵਿੰਦਰ ਕੌਰ ਦੇ ਰਿਸ਼ਤੇਦਾਰ ਜਗਦੇਵ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸੁਖਵਿੰਦਰ ਕੌਰ ਦੇ     ਪਤੀ ਗੁਰਪ੍ਰੀਤ ਸਿੰਘ ਦੀ ਦੋ ਸਾਲ ਪਹਿਲਾਂ ਮੌਤ ਹੋ   ਚੁੱਕੀ ਸੀ ਅਤੇ ਘਰ ਵਿਚ ਕੋਈ ਹੋਰ ਕਮਾਉਣ ਵਾਲਾ ਨਾ ਹੋਣ ਕਾਰਨ ਪਰਿਵਾਰ ਆਰਥਿਕ  ਤੰਗੀ ਦਾ ਸ਼ਿਕਾਰ ਸੀ ਤੇ ਪਰਿਵਾਰ ਕੋਲ ਕੋਈ ਜ਼ਮੀਨ ਵੀ ਨਹੀਂ ਸੀ। ਅਮਨਜੋਤ ਕੌਰ ਨੇ ਵਿਦੇਸ਼ ਜਾਣ ਲਈ ਆਈਲੈਟਸ ਵੀ ਕੀਤੀ ਹੋਈ ਸੀ।

Leave a Reply

Your email address will not be published. Required fields are marked *