ਮੀਂਹ ਤੇ ਝੱਖੜ ਨੇ ਪੰਜਾਬ, ਹਰਿਆਣਾ ’ਚ ਤਬਾਹੀ ਮਚਾਈ; ਦੋ ਮੌਤਾਂ, ਤਿੰਨ ਜ਼ਖ਼ਮੀ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਲੰਘੀ ਰਾਤ ਮੁੜ ਆਏ ਮੀਂਹ ਅਤੇ ਹਨੇਰੀ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਦੋਵਾਂ ਸੂਬਿਆਂ ਵਿੱਚ ਸੈਂਕੜੇ ਦਰੱਖ਼ਤ ਉਖੜ ਗਏ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਪਾਵਰਕੌਮ ਕੋਲ ਬਿਜਲੀ ਸਪਲਾਈ ਬੰਦ ਰਹਿਣ ਦੀਆਂ ਲੰਘੀ ਰਾਤ 72 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਪਹੁੰਚੀਆਂ ਹਨ। ਤੇਜ਼ ਹਨੇਰੀ ਨੇ ਕਈ ਘਰਾਂ ਦੀਆਂ ਛੱਤਾਂ ਅਤੇ ਸ਼ੈੱਡ ਉਡਾ ਦਿੱਤੇ ਅਤੇ ਮੀਂਹ ਕਾਰਨ ਦੀਵਾਰਾਂ ਡਿੱਗ ਗਈਆਂ। ਮੀਂਹ ਤੇ ਝੱਖੜ ਕਾਰਨ ਪੰਜਾਬ ਵਿੱਚ ਦੋ ਮੌਤਾਂ ਹੋ ਗਈਆਂ ਹਨ, ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਤੇਜ਼ ਹਨੇਰੀ ਨਾਲ ਦਰੱਖਤ ਡਿੱਗਣ ਕਾਰਨ ਸੜਕਾਂ ਕੰਢੇ ਖੜ੍ਹੇ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੀਤੀ ਰਾਤ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਅਗਲੇ ਦੋ ਦਿਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।

ਝੱਖੜ ਕਾਰਨ ਸਮਾਣਾ ਦੇ ਪਿੰਡ ਕੁਲਾਰਾਂ ਵਿੱਚ ਕੰਧ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦੋਂਕਿ ਪਿੰਡ ਜਮਾਲਪੁਰ ਵਿੱਚ ਘਰ ਦੀ ਛੱਤ ਡਿੱਗ ਗਈ, ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਘੱਗਾ ਦੇ ਪਿੰਡ ਗੁਰਦਿਆਲਪੁਰਾ ਵਿੱਚ ਇੱਕ ਔਰਤ ਦੀ ਘਰ ਦਾ ਗੇਟ ਡਿੱਗਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਹਨੇਰੀ ਕਰਕੇ ਖੇਤਾਂ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਦਰੱਖਤ ਉਖੜਨ ਕਾਰਨ ਪੂਰਾ ਦਿਨ ਸੜਕੀ ਆਵਾਜਾਈ ਪ੍ਰਭਾਵਿਤ ਰਹੀ, ਜਿਸ ਨੂੰ ਕਾਫ਼ੀ ਮੁਸ਼ੱਕਤ ਮਗਰੋਂ ਸ਼ੁਰੂ ਕਰਵਾਇਆ ਜਾ ਸਕਿਆ।

ਪਟਿਆਲਾ ਵਿੱਚ ਮੁੱਖ ਮੰਤਰੀ ਨਿਵਾਸ ਨੇੜੇ ਵਾਈਪੀਐੱਸ ਚੌਕ ’ਚ ਸਥਿਤ ਕਈ ਦਹਾਕੇ ਪੁਰਾਣਾ ਨਿੰਮ ਦਾ ਵੱਡਾ ਦਰੱਖਤ ਵੀ ਝੱਖੜ ਨੇ ਉਖਾੜ ਦਿੱਤਾ। ਉੱਧਰ ਅਬੋਹਰ ਵਿੱਚ ਬਜੀਦਪੁਰਾ ਮਾਈਨਰ ਟੁੱਟਣ ਨਾਲ 150 ਏਕੜ ਵਿੱਚ ਪਾਣੀ ਭਰ ਗਿਆ। ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਅਬੋਹਰ ਵਿੱਚ ਹੋਈ ਗੜੇਮਾਰੀ ਨੇ ਅੰਗੂਰਾਂ ਅਤੇ ਸਬਜ਼ੀਆਂ ਦੀ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਮੌਸਮ ਵਿਭਾਗ ਅਨੁਸਾਰ, ਚੰਡੀਗੜ੍ਹ ਵਿੱਚ 18.2 ਐੱਮਐੱਮ, ਪਟਿਆਲਾ ’ਚ 24.8 ਐੱਮਐੱਮ, ਬਿਲਾਸਪੁਰ ’ਚ 10.4 ਐੱਮਐੱਮ, ਫ਼ਰੀਦਕੋਟ ’ਚ 10.2 ਐੱਮਐੱਮ, ਬਠਿੰਡਾ ’ਚ 9.8 ਐੱਮਐੱਮ, ਹਲਵਾਰਾ ’ਚ 8.4 ਐੱਮਐੱਮ, ਲੁਧਿਆਣਾ ’ਚ 8 ਐੱਮਐੱਮ, ਪਠਾਨਕੋਟ ’ਚ 5.2 ਐੱਮਐੱਮ, ਅੰਮ੍ਰਿਤਸਰ ’ਚ 3.4 ਐੱਮਐੱਮ, ਗੁਰਦਾਸਪੁਰ ’ਚ 2 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕਰਨਾਲ ’ਚ 34 ਐੱਮਐੱਮ, ਅੰਬਾਲਾ ’ਚ 22.8 ਐੱਮਐੱਮ, ਰੋਹਤਕ ’ਚ 10.6 ਐੱਮਐੱਮ, ਹਿਸਾਰ ’ਚ 9.4 ਐੱਮਐੱਮ, ਗੁਰੂਗ੍ਰਾਮ ’ਚ 4 ਐੱਮਐੱਮ ਮੀਂਹ ਦਰਜ ਕੀਤਾ ਹੈ।

Leave a Reply

Your email address will not be published. Required fields are marked *