ਬੇਅਦਬੀ ਕਾਂਡ: ਕੇਟੀਐੱਫ ਦੇ ਨਿਸ਼ਾਨੇ ’ਤੇ ਸਨ ਡੇਰਾ ਪ੍ਰੇਮੀ

ਫ਼ਰੀਦਕੋਟ: ਮੋਗਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗਏ ਕੇਟੀਐੱਫ ਦੇ ਮੈਂਬਰ ਕਮਲਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੇਅਦਬੀ ਮਾਮਲੇ ’ਚ ਘਿਰੇ ਡੇਰਾ ਪ੍ਰੇਮੀਆਂ ਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਮਾਰਨਾ ਚਾਹੁੰਦੇ ਸਨ ਅਤੇ ਇਸ ਸਬੰਧੀ ਸਾਜਿਸ਼ ਵੀ ਘੜੀ ਗਈ ਸੀ। ਮੋਗਾ ਪੁਲੀਸ ਹੁਣ ਤੱਕ ਕੇਟੀਐੱਫ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 

ਸੂਚਨਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਅਤੇ ਉਸ ਦੇ ਅੰਗ ਗਲੀਆਂ ’ਚ ਖਿਲਾਰ ਕੇ ਬੇਅਦਬੀ ਕਰਨ ਦੇ ਦੋਸ਼ਾਂ ਵਿੱਚ ਘਿਰੇ ਡੇਰਾ ਪ੍ਰੇਮੀਆਂ ਨੂੰ ਮਾਰਨ ਦੀ ਸਾਜਿਸ਼ ਘੜਨ ਵਿੱਚ ਕੈਨੇਡਾ ਰਹਿੰਦੇ ਕੇਟੀਐੱਫ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਅਹਿਮ ਭੂਮਿਕਾ ਹੈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਨਿੱਝਰ ਵੱਲੋੋਂ ਹੀ ਲਵਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਡੇਰਾ ਪ੍ਰੇਮੀਆਂ ਦੇ ਕਤਲ ਲਈ ਫੰਡ ਮੁਹੱਈਆ ਕਰਵਾਏ ਗਏ ਸਨ। ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰ ਇਸ ਵੇਲੇ ਮੋਗਾ ਪੁਲੀਸ ਦੇ ਕਬਜ਼ੇ ਵਿੱਚ ਹਨ ਅਤੇ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। 

ਡੇਰਾ ਪ੍ਰਮੀਆਂ ਨੂੰ ਜਾਨੋਂ ਮਾਰਨ ਦੀਆਂ ਸਜ਼ਿਸ਼ਾਂ ਰਚਣ ਦੀ ਸੂਚਨਾ ਫ਼ਰੀਦਕੋਟ ਪੁਲੀਸ ਨੂੰ ਵੀ ਸੀ। ਇਸੇ ਕਰ ਕੇ ਫ਼ਰੀਦਕੋਟ ਪੁਲੀਸ ਨੇ ਅੱਠ ਡੇਰਾ ਪ੍ਰੇਮੀਆਂ ਲਈ 25 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ। ਹੁਣ 16 ਮਈ ਤੋਂ ਇਹ ਡੇਰਾ ਪ੍ਰੇਮੀ ਹਿਰਾਸਤ ਵਿੱਚ ਹਨ। ਬੇਅਦਬੀ ’ਚ ਘਿਰੇ ਹੋਏ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੁਝ ਸਮਾਂ ਪਹਿਲਾਂ ਜੇਲ੍ਹ ਵਿੱਚ ਹੀ ਕਤਲ ਹੋ ਗਿਆ ਸੀ। 

ਇਤਰਾਜ਼ਯੋਗ ਪੋਸਟਰ ਮਾਮਲੇ ’ਚ ਦੋ ਡੇਰਾ ਪ੍ਰੇਮੀ ਰਿਮਾਂਡ ’ਤੇ

ਫ਼ਰੀਦਕੋਟ ਦੀ ਜੁਡੀਸ਼ੀਅਲ ਮੈਜਿਸਟਰੇਟ ਤਰਜਨੀ ਨੇ ਅੱਜ ਵਿਸ਼ੇਸ਼ ਜਾਂਚ ਟੀਮ ਦੀ ਮੰਗ ’ਤੇ ਇਤਰਾਜ਼ਯੋਗ ਪੋਸਟਰ ਤਿਆਰ ਕਰਨ ਅਤੇ ਚਿਪਕਾਉਣ ਦੇ ਮਾਮਲੇ ’ਚ ਡੇਰਾ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਪੋਸਟਰ ਕਿਸ ਦੇ ਕਹਿਣ ’ਤੇ ਅਤੇ ਕਿੱਥੇ ਤਿਆਰ ਕੀਤੇ ਸਨ, ਬਾਰੇ ਪੜਤਾਲ ਕੀਤੀ ਜਾਵੇਗੀ। ਇਸ ਮਾਮਲੇ ਦੀ ਅਦਾਲਤ ’ਚ ਸੁਣਵਾਈ ਚਾਰ ਜੂਨ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਬੇਅਦਬੀ ਕਾਂਡ ’ਚ ਵਿਸ਼ੇਸ਼ ਜਾਂਚ ਟੀਮ ਨੇ 16 ਮਈ ਨੂੰ ਛੇ ਡੇਰਾ ਪ੍ਰੇਮੀ ਗ੍ਰਿਫ਼ਤਾਰ ਕੀਤੇ ਸਨ। 

Leave a Reply

Your email address will not be published. Required fields are marked *