ਸਾਕਾ ਨੀਲਾ ਤਾਰਾ ਸਿੱਖਾਂ ਲਈ ਪੀੜਾਦਾਇਕ: ਜਥੇਦਾਰ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਤੁਲਨਾ ਇਕ ਮੁਲਕ ਦੀ ਫ਼ੌਜ ਵੱਲੋਂ ਦੂਜੇ ਮੁਲਕ ’ਤੇ ਕੀਤੇ ਗਏ ਹਮਲੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਨੂੰ ਵੀ ਫੌਜ ਨੇ ਬੜੀ ਕਰੂਰਤਾ ਨਾਲ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਆਖਿਆ ਕਿ ਇਸ ਘੱਲੂਘਾਰੇ ਦੀ ਪੀੜ ਅਸਹਿ ਤੇ ਅਕਹਿ ਹੈ ਅਤੇ ਇਹ ਨਾ ਭੁੱਲਣਯੋਗ ਹੈ। ਇਸ ਤੋਂ ਪਹਿਲਾਂ ਵੀ ਸਿੱਖ ਕੌਮ ਨੇ ਦੋ ਘੱਲੂਘਾਰੇ ਹੰਢਾਏ ਹਨ। ਜੂਨ 1984 ਨੂੰ ਉਸ ਵੇਲੇ ਦੀ ਭਾਰਤੀ ਹਕੂਮਤ ਨੇ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ ਦੀ ਆਜ਼ਾਦ ਪ੍ਰਭੂਸਤਾ ਦੇ ਪ੍ਰਤੀਕ ਅਕਾਲ ਤਖ਼ਤ ’ਤੇ ਫੌਜੀ ਹਮਲਾ ਕੀਤਾ। ਪਾਵਨ ਸਰੂਪ ’ਤੇ ਗੋਲੀ ਚਲਾਈ ਅਤੇ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਉਸ ਵੇਲੇ ਇਹ ਹਮਲਾ ਹੋਰ 37 ਗੁਰਧਾਮਾਂ ’ਤੇ ਵੀ ਕੀਤਾ ਗਿਆ। ਇਸ ਪੀੜਾ ਨੂੰ ਹਰ ਸਿੱਖ ਹਰ ਵਰ੍ਹੇ ਯਾਦ ਕਰਦਾ ਹੈ। ਅੱਜ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੋਵਾਂ ਥਾਵਾਂ ’ਤੇ ਅਖੰਡ ਪਾਠ ਆਰੰਭ ਕੀਤੇ ਹਨ, ਜਿਨ੍ਹਾਂ ਦਾ ਭੋਗ 6 ਜੂਨ ਨੂੰ ਪਾਏ ਜਾਣਗੇ। ਸਿੱਖ ਸੰਗਤ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਦੇ ਸਮੇਂ ਵਿਚ ਭਾਵੇ ਵੱਡੇ ਇਕੱਠ ਸੰਭਵ ਨਹੀਂ ਹਨ ਪਰ ਇਸ ਦੇ ਬਾਵਜੂਦ ਇਸ ਘੱਲੂਘਾਰੇ ਨੂੰ ਸਿੱਖ ਸੰਗਤ ਵੱਡੇੇ ਪੱਧਰ ’ਤੇ ਮਨਾਏ।

Leave a Reply

Your email address will not be published. Required fields are marked *