ਸਕੂਲੀ ਸਿੱਖਿਆ ਖੇਤਰ ’ਚ ਪੰਜਾਬ ਪਹਿਲੇ ਨੰਬਰ ’ਤੇ

ਨਵੀਂ ਦਿੱਲੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕਾਰਗੁਜ਼ਾਰੀ ਗ੍ਰੇਡਿੰਗ ਇੰਡੈਕਸ (ਪੀਜੀਆਈ) ਵਿਚ ਪੰਜਾਬ, ਚੰਡੀਗੜ੍ਹ, ਤਾਮਿਲਨਾਡੂ, ਅੰਡੇਮਾਨ ਤੇ ਨਿਕੋਬਾਰ ਅਤੇ ਕੇਰਲਾ ਨੇ ਸਿਖ਼ਰਲੀਆਂ ਥਾਵਾਂ ਹਾਸਲ ਕੀਤੀਆਂ ਹਨ। ਇਨ੍ਹਾਂ ਰਾਜਾਂ ਨੂੰ ਸਭ ਤੋਂ ਉਪਰਲਾ ਗ੍ਰੇਡ (ਗ੍ਰੇਡ ਏ++) ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਰਿਲੀਜ਼ ਸੂਚੀ ਵਿਚ ਸਕੂਲੀ ਸਿੱਖਿਆ ਵਿਚ ਆਏ ਸੁਧਾਰਾਂ, ਬਦਲਾਅ ਨੂੰ ਅਧਾਰ ਬਣਾਇਆ ਗਿਆ ਹੈ। ਮੰਤਰਾਲੇ ਮੁਤਾਬਕ ਇਹ ਵਰਗੀਕਰਨ ਸੂਚੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਖਾਮੀਆਂ ਲੱਭਣ ਵਿਚ ਮਦਦ ਕਰੇਗੀ ਤੇ ਸਕੂਲ ਸਿੱਖਿਆ ਢਾਂਚੇ ਨੂੰ ਭਵਿੱਖ ਵਿਚ ਮਜ਼ਬੂਤ ਕਰਨ ਲਈ ਤਰਜੀਹਾਂ ਨਿਰਧਾਰਤ ਕੀਤੀਆਂ ਜਾ ਸਕਣਗੀਆਂ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ 70 ਪੈਮਾਨਿਆਂ ਨਾਲ ਸੂਚੀ ਨੂੰ ਮਨਜ਼ੂਰ ਕੀਤਾ ਹੈ। ‘ਪੀਜੀਆਈ’ ਸੂਚੀ ਸਭ ਤੋਂ ਪਹਿਲਾਂ ਸਾਲ 2017-18 ਲਈ 2019 ਵਿਚ ਜਾਰੀ ਕੀਤੀ ਗਈ ਸੀ। ਤਾਜ਼ਾ ਸੂਚੀ ਤੀਜੀ ਹੈ ਤੇ 2019-20 ਲਈ ਜਾਰੀ ਕੀਤੀ ਗਈ ਹੈ। ਜ਼ਿਆਦਾਤਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਖੇਤਰ ਵਿਚ ਆਪਣੀ ਕਾਰਗੁਜ਼ਾਰੀ ਸੁਧਾਰੀ ਹੈ। ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਅਰੁਣਾਚਲ ਪ੍ਰਦੇਸ਼, ਮਨੀਪੁਰ, ਪੁੱਡੂਚੇਰੀ, ਪੰਜਾਬ ਤੇ ਤਾਮਿਲਨਾਡੂ ਨੇ ਕੁੱਲ-ਮਿਲਾ ਕੇ ਆਪਣਾ ਪੀਜੀਆਈ ਸਕੋਰ 10 ਪ੍ਰਤੀਸ਼ਤ ਵਧਾਇਆ ਹੈ। ਸੌ ਜਾਂ ਇਸ ਤੋਂ ਵੱਧ ਅੰਕਾਂ ਦਾ ਇਜ਼ਾਫ਼ਾ ਹੋਇਆ ਹੈ। ਪੀਜੀਆਈ ਵਿਚ ਜਿਹੜਾ ਪਹੁੰਚ (ਐਕਸੈੱਸ) ਦਾ ਪੈਮਾਨਾ ਮਿੱਥਿਆ ਗਿਆ ਹੈ, ਉਸ ਵਿਚ ਇਨ੍ਹਾਂ ਰਾਜਾਂ ਨੇ ਸੁਧਾਰ ਕੀਤਾ ਹੈ। 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਬੁਨਿਆਦੀ ਢਾਂਚੇ ਤੇ ਸਹੂਲਤਾਂ ਵਿਚ ਵਾਧਾ ਕੀਤਾ ਹੈ।

Leave a Reply

Your email address will not be published. Required fields are marked *