ਦੀਪ ਸਿੱਧੂ ਵੱਲੋਂ ਸੰਘੀ ਢਾਂਚੇ ਤੇ ਸੂਬੇ ਲਈ ਵੱਧ ਹੱਕਾਂ ਦਾ ਸਮਰਥਨ

ਅੰਮ੍ਰਿਤਸਰ: ਕਿਸਾਨ ਸੰਘਰਸ਼ ਦੌਰਾਨ ਚਰਚਾ ਵਿੱਚ ਆਏ ਨੌਜਵਾਨ ਦੀਪ ਸਿੱਧੂ ਨੇ ਆਖਿਆ ਕਿ ਉਹ ਦੇਸ਼ ਵਿਚ ਸੰਘੀ ਢਾਂਚੇ ਦੀ ਸਥਾਪਤੀ ਤੇ ਸੂਬਿਆਂ ਨੂੰ ਵਧੇਰੇ ਹੱਕ ਦੇਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸਬੰਧੀ ਸ਼ਾਂਤਮਈ ਸੰਘਰਸ਼ ਨੂੰ ਦਬਾਉਣ ਦਾ ਯਤਨ ਨਹੀਂ ਹੋਣਾ ਚਾਹੀਦਾ ਸਗੋਂ ਲੋਕਤੰਤਰ ਵਿੱਚ ਇਹ ਮੰਗ ਕਰਨ ਵਾਲਿਆਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਹ ਅੱਜ ਇਥੇ ਸ੍ਰੀ ਅਕਾਲ ਤਖ਼ਤ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਏ ਸਨ।

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੇਸ਼ ਦੀ ਸਿਆਸੀ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆ ਕਿਹਾ ਕਿ ਇਥੇ ਹੱਕ ਮੰਗਣ ਵਾਲਿਆਂ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਉਪਰ ਦੇਸ਼ ਧਰੋਹੀ ਹੋਣ ਦੀ ਮੋਹਰ ਲਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੀ ਸ਼ਾਂਤਮਈ ਢੰਗ ਨਾਲ ਆਪਣੀ ਮੰਗ ਰੱਖਣ ਦੀ ਪ੍ਰਵਾਨਗੀ ਦੇ ਚੁੱਕੀ ਹੈ। ਇਸ ਲਈ ਖਾਲਿਸਤਾਨ ਦੀ ਮੰਗ ਜਮਹੂਰੀ ਢੰਗ ਨਾਲ ਰੱਖਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ। ਕੇਂਦਰ ਸਰਕਾਰ ’ਤੇ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਾਉਂਦਿਆਂ ਉਸਨੇ ਕਿਹਾ ਕਿ ਇਕ ਪਾਸੇ ਦੇਸ਼ ਦਾ ਰੱਖਿਆ ਮੰਤਰੀ ਸਰਹੱਦ ’ਤੇ ਤੈਨਾਤ ਸਿੱਖ ਫੌਜੀਆਂ ਨੂੰ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਲਈ ਆਖਦੇ ਹਨ ਤੇ ਨਾਅਰੇਬਾਜ਼ੀ ਨੂੰ ਜਾਇਜ਼ ਦੱਸਦੇ ਹਨ ਪਰ ਜਦੋਂ ਇਹੀ ਕੁਝ ਕਿਸਾਨ ਸੰਘਰਸ਼ ਵੇਲੇ ਹੁੰਦਾ ਹੈ ਤਾ ਇਸ ਨੂੰ ਦੇਸ਼-ਧਰੋਹ ਦਾ ਨਾਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਜਾਂ ਸੋਧ ਕਰਨਾ ਸੂਬਿਆ ਦਾ ਅਧਿਕਾਰ ਖੇਤਰ ਹੈ ਪਰ ਕੇਂਦਰ ਸਰਕਾਰ ਇਸ ’ਚ ਦਖਲਅੰਦਾਜੀ ਕਰਕੇ ਸੂਬਿਆ ਦੇ ਹੱਕ ਖੋਹਣ ਦਾ ਯਤਨ ਕਰ ਰਹੀ ਹੈ। ਉਸਨੇ ਆਖਿਆ ਕਿ ਉਹ ਸੂਬਿਆ ਨੂੰ ਵਧੇਰੇ ਹੱਕ ਦਿੱਤੇ ਜਾਣ ਦਾ ਹਮਾਇਤੀ ਹੈ।

ਉਹ ਤੇ ਉਸਦੇ ਸਾਥੀ ਇਥੇ ਅਕਾਲ ਤਖ਼ਤ ਵਿਖੇ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਵਾਪਸ ਪਰਤ ਗਏ ਪਰ ਇਸ ਦੌਰਾਨ ਜਦੋਂ ਅਜੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ ਤਾਂ ਇਸ ਤੋਂ ਪਹਿਲਾਂ ਹੀ ਉਸਦੇ ਸਾਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਮਗਰੋਂ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਇਕ ਘੰਟਾ ਜਾਰੀ ਰਹੀ। ਨਾਅਰੇਬਾਜ਼ੀ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਸੰਬੋਧਨ ਵਿੱਚ ਵੀ ਵਿਘਨ ਪਿਆ।

Leave a Reply

Your email address will not be published. Required fields are marked *