ਖੜਗੇ ਕਮੇਟੀ ਵੱਲੋਂ ਰਿਪੋਰਟ ਤਿਆਰ

ਚੰਡੀਗੜ੍ਹ: ਖੜਗੇ ਕਮੇਟੀ ਨੇ ਅੱਜ ਦੇਰ ਸ਼ਾਮ ਦਿੱਲੀ ’ਚ ਪੰਜਾਬ ਕਾਂਗਰਸ ਦਾ ਰੱਫੜ ਨਿਬੇੜਨ ਲਈ ਰਿਪੋਰਟ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਸੂਤਰਾਂ ਅਨੁਸਾਰ ਖੜਗੇ ਕਮੇਟੀ ਵੱਲੋਂ ਭਲਕੇ ਕਾਂਗਰਸ ਪ੍ਰਧਾਨ ਨੂੰ ਰਿਪੋਰਟ ਸੌਂਪ ਸਕਦੀ ਹੈ। ਕੋਈ ਖਾਸ ਪੇਚ ਫਸਣ ਦੀ ਸੂਰਤ ਵਿਚ ਰਿਪੋਰਟ ਇੱਕ-ਅੱਧਾ ਦਿਨ ਲੇਟ ਹੋ ਸਕਦੀ ਹੈ। ਉੱਧਰ ਕਾਂਗਰਸ ਹਾਈ ਕਮਾਨ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਜਿੱਥੇ ਕੈਪਟਨ ਖੇਮੇ ਨੇ ਸਰਗਰਮੀ ਫੜ ਲਈ ਹੈ, ਉਥੇ ਕੈਪਟਨ ਵਿਰੋਧੀ ਧੜਾ ਚੁੱਪ ਕਰਕੇ ਹਾਈ ਕਮਾਨ ਦਾ ਫ਼ੈਸਲਾ ਉਡੀਕ ਰਿਹਾ ਹੈ।

ਕਾਂਗਰਸੀ ਆਗੂ ਨਵਜੋਤ ਸਿੱਧੂ ਅਤੇ ਵਜ਼ੀਰ ਸੁਖਜਿੰਦਰ ਰੰਧਾਵਾ ਫਿਲਹਾਲ ਚੁੱਪ ਵੱਟ ਕੇ ਮਾਹੌਲ ਵੇਖ ਰਹੇ ਹਨ ਜਦਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਲੋਕਾਂ ਵਿੱਚ ਆਪਣੇ ‘ਮਨ ਕੀ ਬਾਤ’ ਰੱਖ ਰਹੇ ਹਨ। ਸੂਤਰ ਦੱਸਦੇ ਹਨ ਕਿ ਖੜਗੇ ਕਮੇਟੀ ਦੇ ਮੈਂਬਰਾਂ ਨੇ ਅੱਜ ਦਿੱਲੀ ਵਿਚ ਦੇਰ ਸ਼ਾਮ ਮੀਟਿੰਗ ਕੀਤੀ ਜਿਸ ਵਿਚ ਪੰਜਾਬ ਕਾਂਗਰਸ ਦੇ ਵਿਵਾਦ ਬਾਰੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ। ਚਰਚੇ ਹਨ ਕਿ ਖੜਗੇ ਕਮੇਟੀ ਨਵਜੋਤ ਸਿੱਧੂ ਦੀ ਉੱਪ ਮੁੱਖ ਮੰਤਰੀ ਤੇ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਸਿਫਾਰਸ਼ ਕਰ ਸਕਦੀ ਹੈ। ਸੂਤਰ ਆਖਦੇ ਹਨ ਕਿ ਜੇਕਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਨੂੰ ਲਾਂਭੇ ਕੀਤੇ ਜਾਣ ਦੀ ਗੱਲ ਤੁਰਦੀ ਹੈ ਤਾਂ ਕਿਸੇ ਗੈਰ ਸਿੱਖ ਨੂੰ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ। ਇੱਕ ਸੀਨੀਅਰ ਕਾਂਗਰਸੀ ਨੇ ਦੱਸਿਆ ਕਿ ਬੁੱਧਵਾਰ ਜਾਂ ਵੀਰਵਾਰ ਨੂੰ ਖੜਗੇ ਕਮੇਟੀ ਆਪਣੀ ਰਿਪੋਰਟ ਗਾਂਧੀ ਪਰਿਵਾਰ ਨੂੰ ਸੌਂਪ ਦੇਵੇਗੀ।

ਇਸੇ ਦੌਰਾਨ ਕੈਪਟਨ ਖੇਮੇ ਨੇ ਸਰਗਰਮੀ ਵਿੱਢ ਦਿੱਤੀ ਹੈ। ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਰਵਨੀਤ ਬਿੱਟੂ, ਗੁਰਜੀਤ ਔਜਲਾ ਅਤੇ ਜਸਬੀਰ ਡਿੰਪਾ ਤੋਂ ਇਲਾਵਾ ਵਜ਼ੀਰ ਰਾਣਾ ਸੋਢੀ ਨੇ ਲੰਘੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ’ਤੇ ਸਿਆਸੀ ਮਿਲਣੀ ਕੀਤੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਚੋਣਾਂ ਵਿਚ ਅਗਵਾਈ ਕਰਨ ਲਈ ਆਖਿਆ ਹੈ ਅਤੇ ਸੰਸਦ ਮੈਂਬਰਾਂ ਨੇ ਕੈਪਟਨ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ। ਮਾਝੇ ਦੇ ਦੋ ਸੰਸਦ ਮੈਂਬਰ ਔਜਲਾ ਤੇ ਡਿੰਪਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਮਾਝੇ ਦੇ ਤਿੰਨ ਵਜ਼ੀਰਾਂ ਨੇ ਹਾਈਕਮਾਨ ਕੋਲ ਅਮਰਿੰਦਰ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਾਈ ਹੈ। ਪਤਾ ਲੱਗਾ ਹੈ ਕਿ ਸੋਮਵਾਰ ਦੀ ਸ਼ਾਮ ਦੋ ਵਜ਼ੀਰਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਚਾਰ ਕਾਂਗਰਸੀ ਵਿਧਾਇਕਾਂ ਨੇ ਇਕੱਠੇ ਇੱਕ ਵਿਧਾਇਕ ਦੇ ਘਰ ਡਿਨਰ ਵੀ ਕੀਤਾ ਹੈ।

ਕੈਪਟਨ ਦੇ ਹੱਕ ਵਿੱਚ ਲੱਗੇ ਪੋਸਟਰ

ਮੁੱਖ ਮੰਤਰੀ ਦੇ ਇੱਕ ਓਐੱਸਡੀ ਅਤੇ ਐੱਨਐੱਸਯੂਆਈ ਵੱਲੋਂ ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਦੇ ਦਫ਼ਤਰ ਦੇ ਬਾਹਰ ਪੋਸਟਰ ਵੀ ਲਗਾਏ ਗਏ ਹਨ, ‘ਕੈਪਟਨ ਇੱਕ ਹੀ ਹੁੰਦਾ ਹੈ।’ ਸੁਲਤਾਨਪੁਰ ਲੋਧੀ ਹਲਕੇ ਵਿਚ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ‘ਸਾਡਾ ਸਾਂਝਾ ਨਾਅਰਾ, ਕੈਪਟਨ ਦੁਬਾਰਾ’ ਦੇ ਫਲੈਕਸ ਲਾ ਦਿੱਤੇ ਹਨ। ਇਹ ਨਾਅਰੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਤਿਆਰ ਕੀਤੇ ਜਾਪਦੇ ਹਨ। ਸੂਤਰ ਦੱਸਦੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਚੰਡੀਗੜ੍ਹ ਪੁੱਜ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਆਉਂਦੇ ਦਿਨਾਂ ਵਿਚ ਸਿਆਸੀ ਲਾਮਬੰਦੀ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। 

Leave a Reply

Your email address will not be published. Required fields are marked *