ਟਰੂਡੋ ਨੇ ਮੁਸਲਿਮ ਭਾਈਚਾਰੇ ਨਾਲ ਦੁੱਖ ਵੰਡਾਿੲਆ

ਟੋਰਾਂਟੋ: ਇਕ ਪਿਕਅੱਪ ਟਰੱਕ ਹਮਲੇ ਵਿੱਚ ਇਕ ਪਰਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੋਈ ਮੌਤ ਨੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ਇਕ ਅਜਿਹਾ ਮੁਲਕ ਹੈ ਜਿੱਥੇ ਪਰਵਾਸੀਆਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਜਾਂਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਦੀ ਆਲੋਚਨਾ ਕਰਦਿਆਂ ਇਸ ਨੂੰ ਇਕ ਨਫ਼ਰਤੀ ਅਪਰਾਧ ਕਰਾਰ ਦਿੱਤਾ, ਜਿਸ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਦਸੇ ’ਚ ਸਿਰਫ਼ ਇਕ ਨੌਂ ਸਾਲਾ ਬੱਚਾ ਬਚਿਆ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਟਰੂਡੋ ਨੇ ਸੰਸਦ ਵਿਚ ਕਿਹਾ, ‘‘ਇਹ ਇਕ ਅਤਿਵਾਦੀ ਹਮਲਾ ਸੀ, ਜਿਸ ਨੂੰ ਨਸਲੀ ਨਫ਼ਰਤ ਕਰ ਕੇ ਅੰਜਾਮ ਦਿੱਤਾ ਗਿਆ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਇਸ ਦੇਸ਼ ਵਿਚ ਨਸਲਵਾਦ ਤੇ ਨਸਲੀ ਨਫ਼ਰਤ ਨਹੀਂ ਹੈ ਤਾਂ ਮੈਂ ਕਹਿਣਾ ਚਾਹਾਂਗਾ ਕਿ ਹਸਪਤਾਲ ਵਿਚ ਭਰਤੀ ਬੱਚੇ ਨੂੰ ਅਸੀਂ ਇਸ ਹਿੰਸਾ ਬਾਰੇ ਕੀ ਸਮਝਾਵਾਂਗੇ? ਅਸੀਂ ਪਰਿਵਾਰਾਂ ਨਾਨ ਅੱਖਾਂ ਮਿਲਾ ਕੇ ਇਹ ਕਿਵੇਂ ਕਹਿ ਸਕਾਂਗੇ ਕਿ ‘ਇਸਲਾਮ ਤੋਂ ਖ਼ੌਫ਼’ ਅਸਲੀਅਤ ਵਿਚ ਨਹੀਂ ਹੈ। ਹਿੰਸਾ ਦੀ ਕਾਇਰਾਨਾ ਤੇ ਕਰੂਰ ਘਟਨਾ ਵਿਚ ਉਕਤ ਪਰਿਵਾਰ ਦੀ ਜਾਨ ਲੈ ਲਈ ਗਈ। ਇਹ ਘਟਨਾ ਕੋਈ ਹਾਦਸਾ ਨਹੀਂ ਸੀ…ਐਤਵਾਰ ਨੂੰ ਜੋ ਹੋਇਆ ਉਸ ਨਾਲ ਕੈਨੇਡਾ ਦੇ ਲੋਕਾਂ ਵਿਚ ਨਾਰਾਜ਼ਗੀ ਹੈ ਅਤੇ ਕੈਨੇਡਾ ਦੇ ਮੁਸਲਿਮ ਲੋਕ ਡਰੇ ਹੋਏ ਹਨ।’’ ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਮੰਦਭਾਗੀ ਘਟਨਾ ’ਤੇ ਅਫ਼ਸੋਸ ਜ਼ਾਹਿਰ ਕੀਤਾ।

Leave a Reply

Your email address will not be published. Required fields are marked *