ਸ਼ਰਮਸਾਰ ਹੋਣ ਮਗਰੋਂ ਅਸਥੀਆਂ ਲੈਣ ਪੁੱਜਾ ਕਰੋਨਾ ਪੀੜਤ ਔਰਤ ਦਾ ਪਰਿਵਾਰ

ਲੁਧਿਆਣਾ : ਕਰੋਨਾ ਪੀੜਤ ਬਿਰਧ ਔਰਤ ਦੀ ਲਾਸ਼ ਲੈਣ ਤੋਂ ਇਨਕਾਰ ਕਰਨ ਤੇ ਸਸਕਾਰ ਨਾ ਕਰਨ ਵਾਲੇ ਪਰਿਵਾਰ ਦੀ ਅੱਜ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋਈ। ਲੋਕਾਂ ਵੱਲੋਂ ਸ਼ਰਮਸਾਰ ਕਰਨ ਤੋਂ ਬਾਅਦ ਅੱਜ ਬਿਰਧ ਔਰਤ ਦਾ ਪਰਿਵਾਰ ਉਸ ਦੀਆਂ ਅਸਥੀਆਂ ਲੈਣ ਪੁੱਜਾ। ਸ਼ਮਸ਼ਾਨਘਾਟ ਵਿੱਚ ਸਵੇਰੇ ਬਿਰਧ ਔਰਤ ਦਾ ਪੁੱਤਰ ਤੇ ਨੂੰਹ ਪੁੱਜੇ ਜਿਨ੍ਹਾਂ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਬਿਰਧ ਔਰਤ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਤੇ ਬਾਅਦ ਵਿਚ ਗੁਰਦੁਆਰਾ ਫਲਾਹੀ ਸਾਹਿਬ ਜਾ ਕੇ ਜਲ ਪ੍ਰਵਾਹ ਕੀਤੀਆਂ।

ਸਨਅਤੀ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿਚ ਰਹਿਣ ਵਾਲੀ ਔਰਤ ਸੁਰਿੰਦਰ ਕੌਰ 23 ਮਾਰਚ ਨੂੰ ਚੰਡੀਗੜ੍ਹ ਵਿਚ ਰਿਸ਼ਤੇਦਾਰਾਂ ਦੇ ਘਰ ਗਈ ਸੀ, ਉਥੇ ਹੀ ਉਸ ਨੂੰ ਕਰੋਨਾਵਾਇਰਸ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਬੀਤੇ ਐਤਵਾਰ ਉਸ ਦੀ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਲਾਸ਼ ਲੈ ਕੇ ਸ਼ਮਸ਼ਾਨਘਾਟ ਪੁੱਜੇ।

ਸਸਕਾਰ ਦੌਰਾਨ ਕੋਈ ਵੀ ਪਰਿਵਾਰ ਵਾਲਾ ਅੱਗੇ ਨਹੀਂ ਆਇਆ ਤੇ ਸ਼ਮਸ਼ਾਨਘਾਟ ਅੰਦਰ ਪਰਿਵਾਰ ਵਾਲੇ ਆਪਣੀਆਂ ਕਾਰਾਂ ’ਚ ਬੈਠੇ ਰਹੇ ਪਰ ਕਿਸੇ ਨੇ ਬਿਰਧ ਔਰਤ ਨੂੰ ਅਗਨੀ ਨਹੀਂ ਦਿੱਤੀ। ਆਖਰ ਪ੍ਰਸ਼ਾਸਨ ਨੇ ਸ਼ਮਸ਼ਾਨਘਾਟ ਦੇ ਚੌਕੀਦਾਰ ਤੋਂ ਮੁੱਖ ਅਗਨੀ ਦਿਵਾਈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਸਵੇਰੇ ਮ੍ਰਿਤਕਾ ਸੁਰਿੰਦਰ ਕੌਰ ਦੇ ਪੁੱਤਰ ਨੇ ਪੁਲੀਸ ਨਾਲ ਸੰਪਰਕ ਕਰ ਕੇ ਅਸਥੀਆਂ ਇਕੱਠੀਆਂ ਕੀਤੀਆਂ।

ਪ੍ਰਸ਼ਾਸਨ ਨੇ ਹੀ ਕੀਤਾ ਹੈ ਅੰਤਿਮ ਅਰਦਾਸ ਕਰਵਾਉਣ ਦਾ ਇੰਤਜ਼ਾਮ

ਪਰਿਵਾਰ ਵਲੋਂ ਲਾਸ਼ ਲੈਣ ਤੋਂ ਮਨ੍ਹਾ ਕਰਨ ’ਤੇ ਪ੍ਰਸ਼ਾਸਨ ਨੇ ਹੀ ਸਸਕਾਰ ਕਰਵਾਇਆ। ਬੀਤੇ ਦਿਨੀਂ ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਸੀ ਕਿ ਹੁਣ ਬਿਰਧ ਔਰਤ ਦੀ ਅੰਤਿਮ ਅਰਦਾਸ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੀ ਕਰਵਾਈ ਜਾਏਗੀ। ਉਨ੍ਹਾਂ ਦੱਸਿਆ ਕਿ ਔਰਤ ਦੀ ਅੰਤਿਮ ਅਰਦਾਸ ਦੇ ਪ੍ਰਬੰਧ ਤਿੰਨ ਅਧਿਕਾਰੀ ਉਹ ਖੁਦ, ਐਸਡੀਐਮ ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀਪੀਆਰਓ ਪ੍ਰਭਦੀਪ ਸਿੰਘ ਨੱਥੋਵਾਲ ਕਰਨਗੇ। ਇਸ ਲਈ ਗੁਰਦੁਆਰਾ ਬਾਬਾ ਦੀਪ ਸਿੰਘ ’ਚ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ ਸ਼ਨਿਚਰਵਾਰ ਨੂੰ ਅੰਤਿਮ ਅਰਦਾਸ ਹੋਵੇਗੀ।

Leave a Reply

Your email address will not be published. Required fields are marked *