ਮਨੁੱਖ ਦੀ ਹੋਣੀ ਅਤੇ ਸਮੁੰਦਰ

ਵਿਜੈ ਬੰਬੇਲੀ

ਪ੍ਰਾਚੀਨ ਕਾਲ ਤੋਂ ਮਨੁੱਖ ਦਾ ਸਮੁੰਦਰ ਨਾਲ ਵਾਹ-ਵਾਸਤਾ ਰਿਹਾ ਹੈ। ਸੱਭਿਆਤਾਵਾਂ ਸਭ ਤੋਂ ਪਹਿਲਾਂ ਦਜਲਾ, ਫਰਾਤ, ਨੀਲ ਅਤੇ ਸਿੰਧੂ ਨਦੀਆਂ ਦੇ ਤੱਟ ਉਤੇ ਵਿਕਸਿਤ ਹੋਈਆਂ। ਮਗਰੋਂ ਨਦੀਆਂ ਨੇੜੇ ਰਹਿਣ ਵਾਲੇ ਬੰਦੇ ਨੇ ਸਮੁੰਦਰ ਦਾ ਖੁਰਾ ਵੀ ਨੱਪ ਲਿਆ। ਉਪਰੰਤ ਮਨੁੱਖ ਨੇ ਸਮੁੰਦਰ ਕਿਨਾਰੇ ਵੀ ਜਾ ਬਸੇਰਾ ਕੀਤਾ। ਅੱਜ ਸੰਸਾਰ ਦੀਆਂ ਸੰਘਣੀਆਂ ਆਬਾਦੀਆਂ ਸਾਗਰਾਂ ਕੰਢੇ ਹਨ। ਹੁਣ ਸਮੁੰਦਰ ਦਾ ਅਧਿਐਨ ਵੀ ਗਹਿਰ-ਗੰਭੀਰ ਢੰਗ ਨਾਲ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਸਮੁੰਦਰ ਵਿਗਿਆਨ ਕਿਹਾ ਜਾਂਦਾ ਹੈ ਪਰ ਸਾਹਿਲ ਤੋਂ ਲੈ ਕੇ ਧੁਰ-ਗਰਭ ਤੱਕ ਹੰਗਾਲਿਆ ਜਾ ਚੁੱਕਾ ਸਮੁੰਦਰ ਅਜੇ ਵੀ ਮਨੁੱਖ ਲਈ ਭੇਤ ਹੈ।

ਮਾਨਵ ਜੀਵਨ ਉਤੇ ਸਮੁੰਦਰ ਦਾ ਪ੍ਰਭਾਵ ਮਨੁੱਖ ਦੇ ਸਾਧਾਰਨ ਕਾਰਜ ਖੇਤਰ ਤੋਂ ਕਿਤੇ ਵੱਧ ਹੈ ਜਿਹੜਾ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ। ਨੇੜੇ ਰਹਿੰਦੇ ਲੋਕਾਂ ਨੂੰ ਇਸ ਦੀ ਵਿਸ਼ਾਲਤਾ, ਮਹੱਤਤਾ ਅਤੇ ਬਹੁ-ਪਰਤੀ ਦੇਣ ਬਾਰੇ ਪਤਾ ਹੁੰਦਾ ਹੈ ਪਰ ਦੂਰ ਵਾਲਿਆਂ ਨੂੰ ਨਹੀਂ। ਧਰਤੀ ਦਾ ਜਲਵਾਯੂ ਕਦ ਤੇ ਕਿਥੇ ਕਿਹੋ ਜਿਹਾ ਹੋਵੇਗਾ, ਇਸ ਦਾ ਫ਼ੈਸਲਾ ਸਮੁੰਦਰ ਕਰਦਾ ਹੈ। ਮੌਨਸੂਨ ਸਮੁੰਦਰਾਂ ਤੋਂ ਪੈਦਾ ਹੁੰਦੀ ਹੈ। ਰੋਜ਼ਮੱਰਾ ਵਸਤੂਆਂ ਅਤੇ ਖਾਧ ਪਦਾਰਥ ਸਾਗਰਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਤੇਲ ਗੈਸਾਂ, ਕਈ ਕਿਸਮ ਦੇ ਖਣਿਜਾਂ ਸਮੇਤ ਵਿਸ਼ੇਸ ਰੁੱਤਾਂ, ਸੈਰਗਾਹਾਂ, ਮਨੋਰੰਜਨ, ਆਵਾਜਾਈ, ਵਪਾਰ ਅਤੇ ਬਹੁ-ਪਰਤੀ ਰੁਜ਼ਗਾਰ ਵੀ ਸਮੁੰਦਰਾਂ ਦੀ ਦੇਣ ਹੈ।

ਸਾਗਰ: ਧਰਤੀ ਦੇ ਸੀਨੇ ਉਤੇ ਵੱਡੇ ਵੱਡੇ ਟੋਏ ਹਨ ਜਿਹੜੇ ਪਾਣੀ ਨਾਲ ਭਰੇ ਪਏ ਹਨ। ਧਰਤੀ ਦਾ ਕੋਈ 71 ਫ਼ੀਸਦੀ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ, 29% ਉੱਤੇ ਮਨੁੱਖ, ਜੀਵਾਂ ਜਾਂ ਬਨਸਪਤੀ ਦਾ ਵਾਸਾ ਹੈ। ਇਹ ਰਕਬਾ 6.5 ਕਰੋੜ ਵਰਗਮੀਲ ਹੈ। ਇਸ ਨੂੰ ਸੱਤ ਮਹਾਂਦੀਪਾਂ ਅਤੇ ਕਈ ਛੋਟੇ ਛੋਟੇ ਟਾਪੂਆਂ ਵਿਚ ਵੰਡਿਆ ਗਿਆ ਹੈ। ਏਸ਼ੀਆ, ਅਫਰੀਕਾ, ਯੂਰੋਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਐਂਟਾਰਕਟਿਕਾ, ਆਸਟਰੇਲੀਆ ਸੱਤ ਮਹਾਂਦੀਪ ਹਨ। ਏਸ਼ੀਆਂ ਸਭ ਤੋਂ ਵੱਡਾ ਅਤੇ ਆਸਟਰੇਲੀਆ ਸਭ ਤੋਂ ਛੋਟਾ ਮਹਾਂਦੀਪ ਹੈ। ਸਮੁੰਦਰਾਂ ਸਮੇਤ ਧਰਤੀ ਦਾ ਕੁੱਲ ਪੁੰਜ 10.83 ਅਰਬ ਘਣ ਕਿਲੋਮੀਟਰ ਮੰਨਿਆ ਗਿਆ ਹੈ। ਦਰਅਸਲ, ਸਾਡੀ ਪ੍ਰਿਥਵੀ ਜਲ-ਭਰਿਆ ਗ੍ਰਹਿ ਹੈ। ਜਿਨ੍ਹਾਂ ਮਹਾਂਦੀਪਾਂ ਉਤੇ ਅਸੀਂ ਰਹਿੰਦੇ ਹਾਂ, ਉਹ ਸਿਰਫ ਖੁਸ਼ਕ ਟੋਟੇ ਹਨ ਜਿਨ੍ਹਾਂ ਦੇ ਚਾਰੇ ਪਾਸੇ ਪਾਣੀ ਹੈ। ਪਾਣੀ ਦੇ ਵੱਡੇ ਭੰਡਾਰਾਂ ਨੂੰ ਸਮੁੰਦਰ ਆਖਿਆ ਜਾਂਦਾ ਹੈ। ਨਦੀਆਂ ਅਤੇ ਝੀਲਾਂ ਹੇਠਲੇ ਥੋੜ੍ਹੇ ਜਿਹੇ ਹਿੱਸੇ ਤੋਂ ਬਿਨਾਂ ਬਾਕੀ ਜਲ ਭਾਗ ਸਾਗਰਾਂ ਦਾ ਬਣਿਆ ਹੋਇਆ ਹੈ।

ਸੰਸਾਰ ਵਿਚ ਪੰਜ ਮੁੱਖ ਸਾਗਰ ਗਿਣੇ ਜਾਂਦੇ ਹਨ। ਆਕਾਰ ਅਨੁਸਾਰ ਤਰਤੀਬ ਇੰਜ ਹੈ: ਸ਼ਾਂਤ ਮਹਾਂਸਾਗਰ, ਅੰਧ ਮਹਾਂਸਾਗਰ, ਹਿੰਦ ਮਹਾਂਸਾਗਰ, ਦੱਖਣੀ ਹਿਮ (ਧਰੁਵ) ਮਹਾਂਸਾਗਰ ਅਤੇ ਉੱਤਰੀ ਹਿਮ ਮਹਾਂਸਾਗਰ। ਸ਼ਾਂਤ ਮਹਾਂਸਾਗਰ ਤਾਂ ਧਰਤੀ ਦੇ ਕੁੱਲ ਖੁਸ਼ਕ ਭਾਗ ਤੋਂ ਵੀ ਵੱਧ ਘੇਰੇ ਵਿਚ ਫੈਲਿਆ ਹੋਇਆ ਹੈ। ਉੱਤਰੀ ਹਿਮ ਮਹਾਂਸਾਗਰ ਸਭ ਤੋਂ ਛੋਟਾ ਹੈ ਅਤੇ ਇਸ ਦੇ ਕੰਢਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਬਾਕੀ ਦੇ ਸਾਰੇ ਮਹਾਂਸਾਗਰਾਂ ਦੀ ਪੁਖਤਾ ਹੱਦਬੰਦੀ ਨਹੀਂ ਕੀਤੀ ਜਾ ਸਕਦੀ। ਇਹ ਸਾਰੇ ਇਕ ਪਾਸਿਓਂ ਇਕ ਦੂਜੇ ਨਾਲ ਜੁੜੇ ਹੋਏ ਹਨ। ਸਮੁੰਦਰ ਕੰਢਿਆਂ ਨੇੜੇ ਘੱਟ ਡੂੰਘੇ ਹੁੰਦੇ ਹਨ, ਅੱਧ ਵਿਚਕਾਰ ਜਾ ਕੇ ਬਹੁਤ ਡੂੰਘੇ। ਇਹ ਡੂੰਘਾਈ ਛੇ ਮੀਲ ਤੋਂ ਵੀ ਵੱਧ ਨਾਪੀ ਗਈ ਹੈ।

ਮਹਾਂਸਾਗਰ ਸ਼ਬਦ ਤੋਂ ਬਿਨਾਂ ਕਈ ਸਥਾਨਕ ਨਾਂ ਅਤੇ ਉਪ ਖੇਤਰੀ ਸ਼ਬਦ ਵੀ ਸਮੁੰਦਰ ਦੇ ਆਕਾਰ ਅਤੇ ਨਾਲ ਲੱਗਦੀਆਂ ਭੂਮੀਆਂ ਕਾਰਨ ਅੱਡੋ-ਅੱਡ ਹਨ; ਜਿਵੇਂ- ਭਾਰਤ ਦੇ ਆਸਪਾਸ ਅਰਬ ਸਾਗਰ, ਲਕਸ਼ਦੀਪ, ਕੱਛ ਦੀ ਖਾੜੀ, ਮਨਾਰ ਦੀ ਖਾੜੀ, ਪਾਕ ਜਲਡਮਰੂ, ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਆਦਿ ਜਿਹੜਾ ਮੁੱਖ ਰੂਪ ਵਿਚ ਹਿੰਦ ਮਹਾਂਸਾਗਰ ਦੇ ਹੀ ਸੀਮਾਂਤ ਅੰਗ ਹਨ। ਹਾਂ, ਖਾੜੀਆਂ ਅਤੇ ਉਪ ਸਾਗਰਾਂ ਦੀ ਅਸਲ ਵਿਸ਼ੇਸ਼ਤਾ ਉਹੀ ਹੁੰਦੀ ਹੈ ਜਿਸ ਮਹਾਂਸਾਗਰ ਦੇ ਇਹ ਖੰਡ ਹੁੰਦੇ ਹਨ। ਸਾਰੇ ਸਾਗਰਾਂ ਦੇ ਪਾਣੀ ਇਕ ਦੂਸਰੇ ਨਾਲ ਮਿਲਦੇ ਹਨ। ਨਾ ਸਿਰਫ ਇਕ ਸਾਗਰ ਦਾ ਪਾਣੀ ਦੂਸਰੇ ਵਿਚ ਚਲਿਆ ਜਾਂਦਾ ਹੈ ਸਗੋਂ ਉਸ ਵਿਚ ਪਾਏ ਜਾਣ ਵਾਲੇ ਜੀਵ ਅਤੇ ਪਦਾਰਥ ਵੀ ਇਕ ਸਮੁੰਦਰ ਤੋਂ ਦੂਸਰੇ ਵਿਚ ਪਹੁੰਚ ਜਾਂਦੇ ਹਨ। ਉਂਜ, ਨੇੜਲੇ ਦੇਸ਼ਾਂ ਦੀ ਸਥਿਤੀ ਕਾਰਨ ਹਰ ਸਮੁੰਦਰ ਦੀਆਂ ਆਪੋ-ਆਪਣੀਆਂ ਵਿਸ਼ੇਸ਼ਤਾਵਾਂ ਹਨ, ਜਿਵੇਂ; ਜਲ-ਹਲਚਲ, ਤਾਪਮਾਨ, ਨਮਕ ਮਾਤਰਾ, ਸਮੁੰਦਰੀ ਤਲ ਸਥਿਤੀ, ਪਦਾਰਥ, ਜੀਵ-ਜੰਤੂ ਅਤੇ ਬਨਸਪਤੀ ਕਿਸਮ ਤੇ ਮਿਕਦਾਰ ਅਤੇ ਨੇੜੇ-ਤੇੜੇ ਦੇ ਮੁਲਕਾਂ ਦਾ ਸਮੁੰਦਰ ਉੱਤੇ ਖਰਾ-ਮਾੜਾ ਪ੍ਰਭਾਵ ਰਹਿੰਦਾ ਹੈ।

ਮਹਾਂਸਾਗਰਾਂ ਦਾ ਉਥਾਨ: ਭੂ-ਵਿਗਿਆਨੀਆਂ ਅਨੁਸਾਰ ਮਹਾਂਸਾਗਰ ਕਰੀਬ ਤਿੰਨ ਅਰਬ ਸਾਲ ਪੁਰਾਣੇ ਹਨ ਅਤੇ ਧਰਤੀ ਲੱਗਭੱਗ ਪੰਜ ਅਰਬ ਸਾਲ। ਸਭ ਤੋਂ ਪਹਿਲਾਂ ਬ੍ਰਹਿਮੰਡ ਵਿਚ ਸਿਰਫ ਗੈਸੀ ਬੱਦਲ ਹੀ ਸਨ ਜਿਨ੍ਹਾਂ ਨੇ ਸੂਰਜ ਅਤੇ ਉਸ ਦੇ ਆਸ-ਪਾਸ ਘੁੰਮਣ ਵਾਲੇ ਗ੍ਰਹਿਆਂ ਅਤੇ ਉਪ ਗ੍ਰਹਿਆਂ ਨੂੰ ਜਨਮ ਦਿੱਤਾ। ਇਨ੍ਹਾਂ ਸਾਰਿਆਂ ਦੀ ਉਤਪਤੀ ਤਕਰੀਬਨ ਇੱਕੋ ਸਮੇਂ ਹੋਈ। ਸਿਰਫ ਸੂਰਜ ਹੀ ਸੀ ਜਿਹੜਾ ਵੱਡ-ਆਕਾਰੀ ਅਤੇ ਬਹੁਤ ਤੱਤਾ ਸੀ ਜਿਹੜਾ ਹੁਣ ਤੱਕ ਵੀ ਅੱਗ ਦਾ ਗੋਲਾ ਹੀ ਹੈ। ਸੂਰਜ ਦੇ ਦੁਆਲੇ ਚੱਕਰ ਕੱਟਣ ਵਾਲੇ ਦੂਸਰੇ ਗ੍ਰਹਿ ਹੌਲੀ ਹੌਲੀ ਠੰਢੇ ਹੋਣ ਲੱਗੇ। ਇਸੇ ਪ੍ਰਕਿਰਿਆ ਤਹਿਤ ਹੀ ਸਾਡੀ ਧਰਤੀ ਬਣੀ। ਸ਼ੁਰੂਆਤੀ ਕਿਰਿਆ ਪ੍ਰਕਿਰਿਆ ਦੌਰਾਨ ਹੀ ਸਾਗਰਾਂ ਦਾ ਨਿਰਮਾਣ ਹੋਇਆ।

ਜਦ ਤੱਕ ਧਰਤੀ ਦੇ ਤਲ ਉਪਰ ਤਾਪਮਾਨ 100 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ, ਤਦ ਤੱਕ ਪਾਣੀ ਭਾਫ ਦੇ ਰੂਪ ਵਿਚ ਹੀ ਰਿਹਾ ਜਿਸ ਨੇ ਬੱਦਲਾਂ ਵਾਂਗ ਨਵਜੰਮੀ ਧਰਤੀ ਨੂੰ ਆਪਣੀ ਬੁਕਲ ਵਿਚ ਲਿਆ ਹੋਇਆ ਸੀ। ਜਿਉਂ ਜਿਉਂ ਧਰਤੀ ਦਾ ਬਾਹਰੀ ਤਾਪਮਾਨ ਘਟਦਾ ਗਿਆ, ਵਾਯੂਮੰਡਲ ਵਿਚ ਫੈਲੀ ਗਰਮ ਨਮੀ ਪਾਣੀ ਬਣ ਕੇ ਧਰਤੀ ਉੱਤੇ ਡਿਗਣ ਲੱਗੀ। ਇਹ ਜਲ ਧਰਤੀ ਦੇ ਉਚੇਰੇ ਹਿੱਸਿਆ ਤੋਂ ਘੁਲਣਸ਼ੀਲ ਪਦਾਰਥਾਂ ਨੂੰ ਨਾਲ ਲੈ ਪ੍ਰਿਥਵੀ ਦੇ ਟੋਇਆਂ ਵਿਚ ਇਕੱਠਾ ਹੋਣ ਲੱਗਾ ਪਰ ਕਿਉਂਕਿ ਧਰਤੀ ਦੇ ਥੱਲੇ ਵਾਲੀਆਂ ਤਹਿਆਂ ਅਤੇ ਨੀਵੀਆਂ ਚਟਾਨਾਂ ਬਹੁਤ ਗਰਮ ਸਨ, ਸੋ ਉਨ੍ਹਾਂ ਉਤੇ ਡਿਗਣ ਵਾਲੇ ਪਾਣੀ ਅਤੇ ਭਾਫ ਦੀ ਕਿਰਿਆ ਪ੍ਰਕਿਰਿਆ ਕਰੋੜਾਂ ਸਾਲ ਤੱਕ ਚਲਦੀ ਰਹੀ। ਇਸੇ ਤਹਿਤ ਹੀ ਲੱਖਾਂ ਵਰ੍ਹਿਆਂ ਵਿਚ ਸਮੁੰਦਰਾਂ ਦਾ ਉਥਾਨ ਹੋਇਆ। ਸਮੁੰਦਰਾਂ ਵਿਚ ਜਲ ਬਹੁਤ ਸਾਰੀਆਂ ਨਦੀਆਂ ਰਾਹੀਂ ਵੀ ਆੳਂੁਦਾ ਹੈ ਜੋ ਆਪਣਾ ਰਸਤਾ ਬਦਲਦੀਆਂ ਰਹਿੰਦੀਆਂ ਹਨ। ਇਨ੍ਹਾਂ ਰਾਹੀਂ ਧਰਤੀ ਦੇ ਤਲ ਤੋਂ ਬਹੁਤ ਸਾਰੇ ਘੁਲਣ ਤੇ ਅਘੁਲਣਸ਼ੀਲ ਲੂਣ ਅਤੇ ਹੋਰ ਪਦਾਰਥ ਵੀ ਸਮੁੰਦਰ ਵਿਚ ਪਹੁੰਚਦੇ ਹਨ। ਸਮੁੰਦਰ ਤੋਂ ਬਿਨਾਂ ਲੂਣਾ ਪਾਣੀ ਭਾਫ਼ ਬਣ ਕੇ ਉੱਡਦਾ ਹੈ ਅਤੇ ਹੋਰ ਖਣਿਜੀ ਪਾਣੀ ਸਮੁੰਦਰ ਵਿਚ ਪਹੁੰਚਦਾ ਰਹਿੰਦਾ ਹੋਣ ਕਾਰਨ ਸਮੁੱਚਾ ਸਮੁੰਦਰੀ ਪਾਣੀ ਖਾਰਾ ਹੋ ਗਿਆ। ਵਿਗਿਆਨੀਆਂ ਅਨੁਸਾਰ ਸਮੁੰਦਰੀ ਪਾਣੀ ਲੂਣਾ ਹੋਣ ਵਿਚ ਵੀ ਲੱਖਾਂ ਸਾਲ ਲੱਗੇ।

ਸਮੁੰਦਰੀ ਤਲ: ਸਮੁੰਦਰ ਦੇ ਤਲ ਦਾ ਇਤਿਹਾਸ ਵੀ ਬੜਾ ਜਟਿਲ ਅਤੇ ਉਲਝਿਆ ਹੋਇਆ ਹੈ। ਅੱਜ ਇਹ ਗੱਲ ਸਰਬਪ੍ਰਵਾਨਤ ਹੈ ਕਿ ਭੂ-ਪਾਟ ਵਿਚ ਪਰਿਵਰਤਨ ਦੌਰਾਨ ਵੱਡੇ ਵੱਡੇ ਟੋਏ ਵੀ ਬਣਦੇ ਰਹੇ। ਇਸ ਕਾਰਨ ਸਮੁੰਦਰ ਦੀ ਰੂਪ-ਰੇਖਾ ਤੇ ਹੱਦਾਂ ਵਿਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਦਰ ਤਬਦੀਲੀਆਂ ਹੋਈਆਂ। ਜਿੱਥੇ ਹੁਣ ਹਿਮਾਲਾ ਹੈ, ਉਥੇ ਕਦੇ ਸਮੁੰਦਰ ਸੀ। ਭੂ ਵਿਗਿਆਨੀਆ ਅਨੁਸਾਰ ਸਾਡੇ ਮਹਾਂਦੀਪਾਂ ਅਤੇ ਮਹਾਂ ਸਾਗਰਾਂ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ। ਪ੍ਰਿਥਵੀ ਦੇ ਵਿਕਾਸ ਦੀਆਂ ਹੋਰ ਕਈ ਗਤੀਵਿਧੀਆਂ ਅਤੇ ਪ੍ਰਕਿਰਿਆਵਾਂ ਵਾਂਗ ਇਹ ਗਤੀ ਇੰਨੀ ਧੀਮੀ ਅਤੇ ਮੱਧਮ ਹੈ ਕਿ ਅਸੀ ਇਸ ਨੂੰ ਦੇਖ/ਮਹਿਸੂਸ ਨਹੀਂ ਸਕਦੇ। ਸਾਗਰਾਂ ਦਾ ਤਲ ਭੂਮੀ ਦੇ ਤਲ ਦਾ ਹੀ ਜੁੜਵਾਂ ਅੰਗ ਹੈ ਜਿੱਥੇ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਤੱਕ ਮਨੁੱਖ ਨੂੰ ਇਹ ਗਿਆਨ ਨਹੀਂ ਸੀ ਕਿ ਸਮੁੰਦਰ ਤਲ ਦੀ ਕੀ ਸਥਿਤੀ ਅਤੇ ਗਹਿਰਾਈ ਹੈ। ਉਹ ਆਪਣੀਆਂ ਹਾਸਲ ਅਤੇ ਰਵਾਇਤੀ ਕੋਸ਼ਿਸਾਂ ਦੁਆਰਾ ਇਸ ਦੀ ਥਾਹ ਪਾਉਣ ਵਿਚ ਲੱਗਾ ਰਿਹਾ ਪਰ ਪਿਛਲੀ ਅੱਧ ਸ਼ਤਾਬਦੀ ਤੋਂ ਬਾਅਦ ਵਿਗਿਆਨਕ ਕਾਢਾਂ ਕਾਰਨ ਸਮੁੰਦਰੀ ਗਿਆਨ ਵਿਚ ਕਾਫ਼ੀ ਵਾਧਾ ਹੋਇਆ।

ਮਹਾਂਸਾਗਰ ਦੇ ਤਲ ਨੂੰ ਤਿੰਨ ਮੁੱਖ ਭਾਗਾਂ ਵਿਚ ਵੰਡਿਆ ਜਾਂਦਾ ਹੈ: ਮਹਾਂਦੀਪ ਸੈਲਫ, ਮਹਾਂਦੀਪ ਢਾਲ ਅਤੇ ਵਿਤਲ। ਇਹ ਵਰਗੀਕਰਨ ਗਹਿਰਾਈ ਦੇ ਆਧਾਰ ਉਤੇ ਕੀਤਾ ਗਿਆ ਹੈ। ਮਹਾਂਦੀਪ ਸੈਲਫ ਉਹ ਖੇਤਰ ਹੈ ਜਿਹੜਾ ਸਮੁੰਦਰ ਤਟ ਦੇ ਨਾਲ ਲਗਦਾ ਹੈ। ਇਸ ਉੱਤੇ ਲਾਗਵੀਂ ਭੂਮੀ ਦਾ ਪ੍ਰਭਾਵ ਸਦਾ ਪੈਂਦਾ ਹੈ, ਨਦੀਆਂ ਤੇ ਵਰਖੇਈ ਪਾਣੀ ਜਿਹੜੇ ਖਣਿਜ ਤੇ ਰਹਿੰਦ-ਖੂੰਹਦ ਲਿਆਉਂਦੇ ਹਨ, ਉਹ ਇਥੇ ਹੀ ਜਮਾਂ੍ਹ ਹੁੰਦੇ ਹਨ। ਸੂਰਜੀ ਰੌਸ਼ਨੀ ਵੀ ਇਸੇ ਭਾਗ ਉੱਤੇ ਵੱਧ ਪੈਂਦੀ ਹੈ। ਇਸ ਭਾਗ ਦੀ ਵਧ ਤੋਂ ਵਧ ਗਹਿਰਾਈ 200 ਮੀਟਰ ਮੰਨੀ ਜਾਂਦੀ ਹੈ ਜਦਕਿ ਚੌੜਾਈ ਇਕ ਕਿਨਾਰੇ ਤੋਂ ਦੂਸਰੇ ਤੱਕ ਅੱਡ ਅੱਡ ਹੋ ਸਕਦੀ ਹੈ। ਇਸੇ ਭਾਗ ਵਿਚ ਹੀ ਬਹੁਤੇ ਜੀਵ-ਜੰਤੂ ਹੁੰਦੇ ਹਨ ਅਤੇ ਬਨਸਪਤੀ ਵੀ ਕਿਉਂਕਿ ਸਮੁੰਦਰੀ ਤਟ ਨਜ਼ਦੀਕ ਪੈਂਦੇ ਇਸ ਹਿੱਸੇ ਵਿਚ ਹੀ ਬਾਹਰੀ ਖਾਧ ਪਦਾਰਥ ਡਿੱਗਦੇ ਹਨ। ਮਹਾਂਦੀਪੀ ਢਾਲ ਦੇ ਪਰੇ ਸਮੁੰਦਰੀ ਡੂੰਘਾਈ ਇਕ ਦਮ ਵੱਧ ਜਾਂਦੀ ਹੈ। ਇਸੇ ਕਾਰਨ ਸੈਲਫ ਅਤੇ ਵਿਤਲ ਦੇ ਵਿਚਕਾਰਲੇ ਭਾਗ ਨੂੰ ਢਾਲ ਕਿਹਾ ਜਾਂਦਾ ਹੈ। ਜ਼ਿਆਦਾ ਢਾਲੂ ਹੋਣ ਕਾਰਨ ਇਥੇ ਪੌਦੇ ਨਹੀਂ ਹੁੰਦੇ ਪਰ ਇਸ ਦੇ ਹੇਠਾਂ ਪਠਾਰਾਂ ਅਤੇ ਖਾਈਆਂ ਹੁੰਦੀਆਂ ਹਨ। ਇਨ੍ਹਾਂ ਖਾਈਆਂ ਦੀ ਢਾਲ ਬਹੁਤ ਜ਼ਿਆਦਾ ਜਾਂ ਤਿੱਖੀ ਹੁੰਦੀ ਹੈ। ਇਥੇ ਗਹਿਰਾਈ 600 ਮੀਟਰ ਤੋਂ ਵੀ ਅਧਿਕ ਹੁੰਦੀ ਹੈ। ਇਸ ਤੋਂ ਅਗਲੇਰਾ ਪੱਧਰਾ ਥਾਂ ਵਿਤਲ ਅਖਵਾਉਂਦਾ ਹੈ ਜਿਸ ਦੀ ਡੂੰਘਾਈ 11000 ਮੀਟਰ ਤੱਕ ਹੁੰਦੀ ਹੈ। ਸਾਰੇ ਸਮੁੰਦਰ ਦੀ ਔਸਤਨ ਡੂੰਘਾਈ 4000 ਮੀਟਰ ਹੈ।

ਸਮੁੰਦਰੀ ਪਾਣੀ ਦੇ ਗੁਣ: ਸਾਗਰ ਦਾ ਜੋ ਹਿੱਸਾ ਸਾਨੂੰ ਦਿਖਾਈ ਦਿੰਦਾ ਹੈ, ਉਹ ਪਾਣੀ ਹੈ ਅਤੇ ਜੋ ਭਾਗ ਨਹੀਂ ਦਿਸਦਾ, ਉਹ ਤਲ ਹੈ ਜਿਸ ਦਾ ਖੇਤਰਫਲ ਧਰਤੀ ਦੇ ਸਮੁੱਚੇ ਖੇਤਰਫਲ ਨਾਲੋਂ ਤਿੰਨ ਗੁਣਾ ਹੈ, ਅਰਥਾਤ ਦੋ-ਤਿਹਾਈ ਸਮੁੰਦਰ ਅਤੇ ਚੌਥਾਈ ਖੁਸ਼ਕੀ। ਇਸ ਲਈ ਪ੍ਰਿਥਵੀ ਦੀ ਰਸਾਇਣਕ ਸੰਰਚਨਾ ਬਾਰੇ ਜਿਹੜੀ ਗੱਲ ਸੱਚ ਹੈ, ਉਹੀ ਸਮੁੰਦਰੀ ਤਲ ਤੇ ਲਾਗੂ ਹੈ ਪਰ ਇਸ ਤੋਂ ਬਿਨਾਂ ਸਮੁੰਦਰੀ ਤਲ ਦੀ ਸੰਰਚਨਾ ਦਾ ਵੀ ਸਵਾਲ ਹੈ। ਸਮੁੰਦਰੀ ਜਲ ਪ੍ਰਿਥਵੀ ਉਤਲਾ ਸਭ ਤੋਂ ਵੱਧ ਪਰ ਅਸਾਧਾਰਨ ਰਸਾਇਣਕ ਮਿਸ਼ਰਨ ਹੈ ਜਿਸ ਦੇ ਸਿੱਟਿਆਂ ਦੀ ਹਾਲੇ ਕਲਪਨਾ ਹੀ ਕੀਤੀ ਜਾ ਸਕੀ ਹੈ। ਅੰਦਾਜ਼ਾ ਹੈ, ਸਮੁੱਚੇ ਸਾਗਰਾਂ ਵਿਚ ਇਕ ਅਰਬ ਸੈਂਤੀ ਕਰੋੜ ਘਣ ਕਿਲੋਮੀਟਰ ਪਾਣੀ ਹੈ।

ਖਾਰਾਪਨ ਇਸ ਦੀ ਵਿਸ਼ੇਸ਼ਤਾ ਹੈ। ਸਮੁੰਦਰੀ ਜਲ ਵਿਚ ਨਮਕ ਦੀ ਔਸਤ ਮਾਤਰ 3.5 ਫ਼ੀਸਦੀ ਹੁੰਦੀ ਹੈ ਪਰ ਨਮਕ ਦੇ ਇਸ ਤੱਤ ਦਾ ਵੇਰਵਾ ਪ੍ਰਤੀਸ਼ਤ ਵਿਚ ਨਾ ਦੇ ਕੇ ਪ੍ਰਤੀ ਹਜ਼ਾਰ ਪ੍ਰਤੀਸ਼ਤ ਦਿੱਤਾ ਜਾਂਦਾ ਹੈ; ਅਰਥਾਤ, ਜੇ ਇਕ ਘਣ ਕਿਲੋਮੀਟਰ ਸਮੁੰਦਰ ਪਾਣੀ ਭਾਫ ਬਣਾ ਕੇ ਉਡਾ ਦਿਤਾ ਜਾਵੇ ਤਾਂ 3.5 ਕਰੋੜ ਟਨ ਨਮਕ ਮਿਲੇਗਾ। ਜੇ ਸਾਰੇ ਸਮੁੰਦਰ ਦਾ ਪਾਣੀ ਸੁੱਕ ਜਾਵੇ ਤਾਂ ਸਮੁੱਚੀ ਪ੍ਰਿਥਵੀ (ਸਮੇਤ ਸਮੁੰਦਰ) ਉੱਤੇ 160 ਮੀਟਰ ਮੋਟੀ ਨਮਕ ਦੀ ਤਹਿ ਜੰਮ ਜਾਵੇਗੀ। ਨਮਕ ਤੋਂ ਬਿਨਾਂ ਸਮੁੰਦਰੀ ਜਲ ਵਿਚ ਲੱਗਭੱਗ ਇੱਕ ਸੌ ਹੋਰ ਤੱਤ ਵੀ ਹਨ ਪਰ ਗੈਸਾਂ ਤੋਂ ਬਿਨਾਂ ਬਾਕੀਆਂ ਦੀ ਮਾਤਰਾ ਕੁਝ ਗਿਣਨ ਯੋਗ ਜਾਂ ਬਹੁਤ ਘੱਟ ਹੁੰਦੀ ਹੈ।

ਸਮੁੰਦਰੀ ਜੈਵਿਕਤਾ: ਸਾਗਰ ਦੀ ਤਹਿ ਵੰਨ-ਸਵੰਨੇ ਜੀਵ-ਜੰਤੂਆਂ, ਪੌਦਿਆਂ ਅਤੇ ਧਾਤਾਂ ਨਾਲ ਲਬਰੇਜ਼ ਹੈ। ਸਮੁੰਦਰੀ ਜੀਵਾਂ ਪੱਖੋਂ ਭਾਰਤ ਅਮੀਰ ਦੇਸ਼ ਹੈ ਜਿਸ ਵਿਚ 844 ਕਿਸਮ ਦੇ ਸਜਾਵਟੀ ਘਾਹ, 451 ਤਰ੍ਹਾਂ ਦੇ ਮੁਸਾਮਦਾਰੀ, 281 ਤਰ੍ਹਾਂ ਦੇ ਮੂੰਗ (ਕੌਰਲ), 2934 ਖੋਪੜੀਧਾਰੀ ਜੀਵ (ਕਰਸਟਾਸਿੱਸ), 3370 ਕਿਸਮ ਦੇ ਸਿੱਪ/ਘੋਗੇ, 2456 ਤਰ੍ਹਾਂ ਦੀਆਂ ਮੱਛੀਆਂ, 26 ਤਰ੍ਹਾਂ ਦੇ ਸਮੁੰਦਰੀ ਸੱਪ, 5 ਕਿਸਮ ਦੇ ਉਲਟੇ-ਪਲਟੇ ਹੋ ਸਕਣ ਵਾਲੇ ਭਾਵ ਟਰੂਟਾਇਲ ਅਤੇ 25 ਕਿਸਮ ਦੇ ਸਮੁੰਦਰੀ ਜਲਚਰਾ (ਈਕਿਊਟਿਕ) ਸਮੇਤ ਭਾਰਤ ਦੇ ਸਮੁੰਦਰਾਂ ਵਿਚ 16000 ਤੋਂ ਵੱਧ ਤਰ੍ਹਾਂ ਦੇ ਪੌਦੇ ਅਤੇ ਕੁਝ ਹੋਰ ਵੰਨਗੀ ਜੰਤੂ ਮਿਲਦੇ ਹਨ। ਗੱਲ ਕੀ, ਸਮੁੰਦਰ ਨਿਰਾ ਪਾਣੀ ਨਹੀਂ, ਵਿਲੱਖਣ ਵੰਨ-ਸਵੰਨਤਾ ਹੈ ਜਿਹੜਾ ਆਪਣੀ ਕੁੱਖ ਵਿਚ ਬੜਾ ਕੁਝ ਹਾਂ-ਪੱਖੀ ਸਮੋਈ ਬੈਠਾ ਹੈ।

ਮੁੱਕਦੀ ਗੱਲ, ਸਮੁੰਦਰ ਧਰਤੀ ਦਾ ਮੁੱਖ ਅੰਗ ਹੈ, ਜਿਹੜਾ ਮੌਲਦੇ ਜਨ-ਜੀਵਨ ਅਤੇ ਸਾਂਭ-ਸੰਭਾਲ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਵਰਖਾ, ਤਾਪਮਾਨ ਸਥਿਰਤਾ, ਭੋਜਨ ਭੰਡਾਰ, ਧਾਤਾਂ, ਗੈਸਾਂ, ਆਵਾਜਾਈ, ਵਪਾਰ, ਸੈਰਗਾਹਾਂ, ਜਵਾਰਭਾਟੀ ਬਿਜਲੀ ਸਮੇਤ ਇਹ ਸਾਡੇ ਰੁਜ਼ਗਾਰ ਦਾਤੇ ਵੀ ਹਨ। ਮਨੁੱਖ ਦੀ ਹੋਣੀ, ਸਮੁੰਦਰੀ ਸਾਂਵੇਪਨ ਨਾਲ ਵੀ ਜੁੜੀ ਹੋਈ ਹੈ। ਇਹ ਭਰ ਕੇ ਫੈਲ ਨਾ ਜਾਣ, ਮਲੀਨ ਹੋ ਕੇ ਮਰ ਮੁੱਕ ਨਾ ਜਾਣ। ਸਮੁੰਦਰ ਦੀ ਚੰਗੀ ਗੱਲ ਸਾਡੇ ਲਈ ਚੰਗੀ ਅਤੇ ਸਮੁੰਦਰ ਦਾ ਮਾੜਾ ਪ੍ਰਭਾਵ ਸਾਡੇ ਲਈ ਮਾੜਾ। ਸਾਨੂੰ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *